ਕਲਿਯੁੱਗ ਦਾ ਕਹਿਰ : 14 ਸਾਲਾ ਨਾਬਾਲਗ ਲੜਕੀ ਨੇ ਬੱਚੇ ਨੂੰ ਦਿੱਤਾ ਜਨਮ



ਫਤਿਹਗੜ੍ਹ ਸਾਹਿਬ- ਕਲਿਯੁੱਗ ਦਾ ਦੌਰ ਅਜਿਹਾ ਹੈ ਜਿਸ ਦੀਆਂ ਘਟਨਾਵਾਂ ਸੁਣ ਕੇ ਹਰ ਕੋਈ ਸ਼ਰਮਸਾਰ ਹੋ ਜਾਂਦਾ ਹੈ । ਰਿਸ਼ਤੇ ਖਤਮ ਹੁੰਦੇ ਜਾ ਰਹੇ ਹਨ ਅਤੇ ਇਨਸਾਨਿਅਤ ਤਾਂ ਜਿਵੇਂ ਖਤਮ ਹੀ ਹੋ ਗਈ ਹੈ ।ਇਹ ਖਬਰ ਪੜ੍ਹ ਕੇ ਵੀ ਤੁਸੀਂ ਪਰੇਸ਼ਾਨ ਹੋ ਜਾਵੋਗੇ ।
ਸਿਵਲ ਹਸਪਤਾਲ ਫ਼ਤਹਿਗੜ੍ਹ ਸਾਹਿਬ ਵਿਖੇ ਇਕ ਮਜ਼ਦੂਰ ਪਰਿਵਾਰ ਦੀ 14 ਸਾਲਾ ਨਾਬਾਲਗ ਲੜਕੀ ਨੇ ਬੱਚੇ ਨੂੰ ਜਨਮ ਦਿੱਤਾ ਹੈ। ਪੱਤਰਕਾਰਾਂ ਵੱਲੋ ਪੁੱਛੇ ਜਾਣ ‘ਤੇ ਜ਼ਿਲ੍ਹਾ ਬਾਲ ਸੁਰੱਖਿਆ ਅਫ਼ਸਰ ਹਰਭਜਨ ਸਿੰਘ ਮਹਿਮੀ ਨੇ ਇਸ ਦੀ ਪੁਸ਼ਟੀ ਕਰਦੇ ਹੋਏ ਦੱਸਿਆ ਕਿ ਬੀਤੀ ਸ਼ਾਮ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕਿ ਸਿਵਲ ਹਸਪਤਾਲ ਫ਼ਤਹਿਗੜ੍ਹ ਸਾਹਿਬ ਵਿਖੇ ਕਰੀਬ 14 ਸਾਲ ਦੀ ਨਾਬਾਲਗ ਲੜਕੀ ਨੇ ਬੱਚੇ ਨੂੰ ਜਨਮ ਦਿੱਤਾ ਹੈ।
ਪਰਿਵਾਰ ਵਾਲਿਆਂ ਨੇ ਦੱਸਿਆ ਕਿ ਉਨ੍ਹਾਂ ਦੀ ਨਾਬਾਲਗ ਲੜਕੀ ਕੁਝ ਸਮਾਂ ਪਹਿਲਾਂ ਇਕ ਲੜਕੇ ਨਾਲ ਘਰੋਂ ਚਲੀ ਗਈ ਸੀ। ਕਾਫ਼ੀ ਸਮੇਂ ਤਕ ਉਸ ਦੇ ਨਾਲ ਰਹਿਣ ਤੋਂ ਬਾਅਦ ਜਦੋਂ ਉਹ ਘਰ ਵਾਪਸ ਆਈ ਤਾਂ ਉਸ ਦੀ ਮਾਤਾ ਆਪਣੀ ਬੇਟੀ ਨੂੰ ਇਲਾਜ ਲਈ ਹਸਪਤਾਲ ਲੈ ਕੇ ਗਈ ,ਜਿੱਥੇ ਉਸ ਦੀ ਕੁੱਖੋਂ ਇਕ ਲੜਕੇ ਨੇ ਜਨਮ ਲਿਆ।
ਹਰਭਜਨ ਸਿੰਘ ਮਹਿਮੀ ਨੇ ਦੱਸਿਆ ਕਿ ਪੀੜਤ ਲੜਕੀ ਨੇ ਆਪਣੀ ਉਮਰ 14 ਸਾਲ ਦੇ ਕਰੀਬ ਦੱਸੀ ਹੈ। ਇਸ ਸਬੰਧੀ ਦਸਤਾਵੇਜ਼ਾਂ ਦੀ ਜਾਂਚ ਕੀਤੀ ਜਾ ਰਹੀ ਹੈ। ਅਗਲੇਰੀ ਕਾਰਵਾਈ ਲਈ ਸਬੰਧਤ ਥਾਣੇ ਦੀ ਪੁਲਿਸ ਤੇ ਚਾਈਲਡ ਪਲਾਈ ਕਮੇਟੀ ਨੂੰ ਵੀ ਸੂਚਿਤ ਕਰ ਦਿੱਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਪੀੜਤ ਲੜਕੀ ਤੇ ਉਸ ਦਾ ਪਰਿਵਾਰ ਉਨ੍ਹਾਂ ਦੇ ਸੰਪਰਕ ਵਿਚ ਹੈ ਅਤੇ ਸਮੇਂ ਤੋਂ ਪਹਿਲਾਂ ਜਨਮੇ ਬੱਚੇ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ। ਇਸ ਸਬੰਧੀ ਉਸ ਨੂੰ ਪਟਿਆਲਾ ਦੇ ਰਾਜਿੰਦਰ ਹਸਪਤਾਲ ਵਿਖੇ ਰੈਫਰ ਕਰ ਦਿੱਤਾ ਗਿਆ ਹੈ ਅਤੇ ਆਉਣ ਵਾਲੇ ਦਿਨਾਂ ‘ਚ ਪੀੜਤ ਲੜਕੀ ਦੀ ਕਾਊਂਸਿਲੰਗ ਵੀ ਕੀਤੀ ਜਾਵੇਗੀ ਤੇ ਉਸ ਨੂੰ ਇਨਸਾਫ਼ ਦਿਵਾਉਣ ਲਈ ਹਰ ਸੰਭਵ ਯਤਨ ਕੀਤੇ ਜਾਣਗੇ।
