ਡੈਮੇਜ਼ ਕੰਟਰੋਲ ‘ਚ ਜੁਟੀ ਪੰਜਾਬ ਕਾਂਗਰਸ ਵਲੋਂ ਯੂਥ ਕਾਂਗਰਸ ਚੋਣਾਂ ਦਾ ਐਲਾਨ
ਡੈਸਕ- ਪੰਜਾਬ ਵਿਧਾਨ ਸਭਾ ਚੋਣਾ ਚ ਬੁਰੀ ਤਰ੍ਹਾਂ ਹਾਰਨ ਵਾਲੀ ਕਾਂਗਰਸ ਰਾਹੁਲ ਗਾਂਧੀ ਦੀ ਭਾਰਤ ਜੋੜੋ ਯਾਤਰਾ ਨੂੰ ਕੈਸ਼ ਕਰਨ ਜਾ ਰਹੀ ਹੈ । ਅਜੋਕੇ ਸਮੇਂ ਚ ਜਦੋਂ ਪਾਰਟੀ ਦੇ ਵੱਡੇ ਲੀਡਰ ਬਾਹਰ ਜਾ ਰਹੇ ਹਨ । ਪਾਰਟੀ ਨੇ ਯੁਥ ਵਿੰਗ ਨੂੰ ਬਚਾਉਣ ਦੀ ਕਵਾਇਦ ਸ਼ੁਰੂ ਕੀਤੀ ਹੈ ।



ਪੰਜਾਬ ‘ਚ ਯੂਥ ਕਾਂਗਰਸ ਦੀਆਂ ਚੋਣਾਂ ਹੋਣ ਜਾ ਰਹੀਆਂ ਹਨ। ਇਸ ਦੇ ਲਈ ਆਨਲਾਈਨ ਵੋਟਿੰਗ 10 ਮਾਰਚ ਤੋਂ 10 ਅਪ੍ਰੈਲ ਤੱਕ ਹੋਵੇਗੀ। ਇਹ ਪਹਿਲੀ ਵਾਰ ਹੈ ਜਦੋਂ ਵੋਟਿੰਗ ਆਨਲਾਈਨ ਹੋਣ ਜਾ ਰਹੀ ਹੈ। ਉਮੀਦ ਕੀਤੀ ਜਾ ਰਹੀ ਹੈ ਕਿ ਨਵੀਂ ਕਾਰਜਕਾਰਨੀ ਕਮੇਟੀ ਦਾ ਐਲਾਨ ਅਪ੍ਰੈਲ ਮਹੀਨੇ ਵਿੱਚ ਹੋ ਸਕਦਾ ਹੈ। ਨਤੀਜਿਆਂ ਤੋਂ ਪਹਿਲਾਂ ਮੌਜੂਦਾ ਟੀਮਾਂ ਆਪਣੇ ਪੱਧਰ ‘ਤੇ ਸੰਸਥਾ ਦੀਆਂ ਗਤੀਵਿਧੀਆਂ ਨੂੰ ਜਾਰੀ ਰੱਖਣਗੀਆਂ।
ਯੂਥ ਕਾਂਗਰਸ ਦੇ ਆਗੂ ਯੋਗੇਸ਼ ਹਾਂਡਾ ਨੇ ਦੱਸਿਆ ਕਿ ਜੇਕਰ ਕਿਸੇ ਨੂੰ ਚੋਣ ਸਬੰਧੀ ਇਤਰਾਜ਼ ਹੈ ਤਾਂ ਉਹ 20 ਫਰਵਰੀ ਤੋਂ 26 ਫਰਵਰੀ ਤੱਕ ਆਪਣਾ ਇਤਰਾਜ਼ ਦਰਜ ਕਰਵਾ ਸਕਦਾ ਹੈ। ਨਾਮਜ਼ਦਗੀ ਪੱਤਰਾਂ ਦੀ ਪੜਤਾਲ 27 ਫਰਵਰੀ ਤੋਂ 2 ਮਾਰਚ ਤੱਕ ਕੀਤੀ ਜਾਵੇਗੀ। ਉਮੀਦਵਾਰਾਂ ਦੇ ਨਾਵਾਂ ਦਾ ਐਲਾਨ 2 ਮਾਰਚ ਨੂੰ ਹੀ ਕਰ ਦਿੱਤਾ ਜਾਵੇਗਾ। ਉਮੀਦਵਾਰਾਂ ਦੇ ਨਾਵਾਂ ਦੇ ਐਲਾਨ ਤੋਂ ਬਾਅਦ 10 ਮਾਰਚ ਤੋਂ 10 ਅਪ੍ਰੈਲ ਤੱਕ ਵੋਟਾਂ ਪੈਣਗੀਆਂ। ਇਨ੍ਹਾਂ ਤਰੀਕਾਂ ਵਿੱਚ, ਉਮੀਦਵਾਰਾਂ ਨੂੰ ਭਾਰਤੀ ਯੂਥ ਕਾਂਗਰਸ ਦੀ ਸਾਈਟ ‘ਤੇ ਔਨਲਾਈਨ ਮੈਂਬਰਸ਼ਿਪ ਫਾਰਮ ਭਰਨਾ ਹੋਵੇਗਾ। ਮੈਂਬਰਸ਼ਿਪ ਫਾਰਮ ਭਰਨ ਦੇ ਨਾਲ-ਨਾਲ ਵੋਟਰ ਨੂੰ ਮੌਕੇ ‘ਤੇ ਹੀ ਉਮੀਦਵਾਰ ਨੂੰ ਆਨਲਾਈਨ ਵੋਟ ਪਾਉਣੀ ਪਵੇਗੀ। ਪ੍ਰਤੀ ਮੈਂਬਰਸ਼ਿਪ ਫੀਸ 50 ਰੁਪਏ ਰੱਖੀ ਗਈ ਹੈ। ਦੱਸਿਆ ਜਾ ਰਿਹਾ ਹੈ ਕਿ ਮੈਂਬਰਸ਼ਿਪ ਅਤੇ ਵੋਟਿੰਗ ਦਾ ਸਮਾਂ ਵੀ ਵਧਾਇਆ ਜਾ ਸਕਦਾ ਹੈ।