ਸੀ.ਐੱਮ ਮਾਨ ਦੀ ਜਲੰਧਰ ਨੂੰ ਸੌਗਾਤ, ਸਪੋਰਟਸ ਯੂਨੀਵਰਸਿਟੀ ਖੋਲ੍ਹਣ ਦਾ ਕੀਤਾ ਐਲਾਨ
ਚੰਡੀਗੜ੍ਹ- ਪਿਛਲੇ ਕੁੱਝ ਦਿਨਾਂ ਤੋਂ ਲਗਾਤਾਰ ਦੌਰ ‘ਤੇ ਆ ਰਹੇ ਮੁੱਖ ਮੰਤਰੀ ਭਗਵੰਤ ਮਾਨ ਨੇ ਜਲੰਧਰ ਨੂੰ ਸੌਗਾਤ ਦਿੱਤੀ ਹੈ । ਪੰਜਾਬ ਸਰਕਾਰ ਦਾ ਪਹਿਲਾ ‘ਇਨਵੈਸਟ ਪੰਜਾਬ ਸਮਿਟ’ ਵੀਰਵਾਰ ਤੋਂ ਮੋਹਾਲੀ ਵਿੱਚ ਸ਼ੁਰੂ ਹੋ ਗਿਆ ਹੈ। ਇਸ ਦੋ ਦਿਨਾਂ ਇੰਵੈਸਟਰ ਸਮਿਟ ਦਾ ਉਦਘਾਟਨ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕੀਤਾ। ਇਸ ਮੌਕੇ ਮੁੱਖ ਮੰਤਰੀ ਮਾਨ ਨੇ ਜਲੰਧਰ ਵਿੱਚ ਸਪੋਰਟਸ ਯੂਨੀਵਰਸਿਟੀ ਖੋਲ੍ਹਣ ਦਾ ਐਲਾਨ ਕੀਤਾ। ਮੁੱਖ ਮੰਤਰੀ ਨੇ ਸਮਿਟ ਵਿੱਚ ਕਿਹਾ ਕਿ ਉਨ੍ਹਾਂ ਦੀ ਸਰਕਾਰ ਪੰਜਾਬ ਵਿੱਚ ਇੰਡਸਟਰੀ ਨੂੰ ਸਕਾਰਾਤਮਕ ਮਾਹੌਲ ਉਪਲਬਧ ਕਰਵਾਏਗੀ। ਇਸ ਦੌਰਾਨ ਉਨ੍ਹਾਂ ਨੇ ਦੇਸ਼-ਵਿਦੇਸ਼ ਦੀਆਂ ਕੰਪਨੀਆਂ ਨੂੰ ਪੰਜਾਬ ਵਿੱਚ ਨਿਵੇਸ਼ ਕਰਨ ਦਾ ਸੱਦਾ ਦਿੱਤਾ ਹੈ।



CM ਮਾਨ ਸਰਕਾਰ ਨੂੰ ਆਪਣੇ ਇਸ ਪਹਿਲੇ ਇੰਵੈਸਟਰ ਸਮਿਟ ਨਾਲ ਰਾਜ ਦੇ ਲਈ ਕਰੋੜਾਂ ਰੁਪਏ ਦੇ ਵੱਡੇ ਪ੍ਰਾਜੈਕਟ ਮਿਲਣ ਦੀ ਉਮੀਦ ਹੈ। ਆਪਣੀ ਓਪਨਿੰਗ ਸਪੀਚ ਵਿੱਚ CM ਮਾਨ ਨੇ ਕਿਹਾ ਕਿ ਪੰਜਾਬੀ ਮਿਹਨਤੀ ਹਨ ਤੇ ਪੰਜਾਬ ਪੰਜ ਦਰਿਆਵਾਂ ਦਾ ਸੂਬਾ ਹੈ। ਪੰਜਾਬੀਆਂ ਨੇ ਹੀ ਵੱਡੇ-ਵੱਡੇ ਆਈਡਿਆ ਤੇ ਸਟਾਰਟਅਪ ਦੁਨੀਆ ਨੂੰ ਦਿੱਤੇ ਹਨ। ਮੁੱਖ ਮੰਤਰੀ ਨੇ Zomato, Ola ਆਦਿ ਦੇ ਨਾਮ ਵੀ ਗਿਣਾਏ। CM ਮਾਨ ਨੇ ਕਿਹਾ ਕਿ ਲੁਧਿਆਣਾ ਨੂੰ ਮਿੰਨੀ ਮੈਨਚੇਸਟਰ ਵੀ ਕਿਹਾ ਜਾਂਦਾ ਹੈ। ਪੰਜਾਬ ਸਭ ਤੋਂ ਵੱਡਾ ਟਰੈਕਟਰ ਬਣਾਉਣ ਵਾਲਾ ਸੂਬਾ ਹੈ। ਸਾਈਕਲ ਬਣਾਉਣ ਵਿੱਚ ਵੀ ਪੰਜਾਬ ਸਭ ਤੋਂ ਅੱਗੇ ਹੈ। ਪੰਜਾਬ ਨਵੀਂ ਇੰਡਸਟਰੀ ਪਾਲਿਸੀ ਲਿਆ ਚੁੱਕਿਆ ਹੈ। ਇਸਦੇ ਲਈ ਛੋਟੇ ਤੋਂ ਲੈ ਕੇ ਵੱਡੇ ਕਾਰੋਬਾਰੀਆਂ ਨਾਲ ਗੱਲ ਕੀਤੀ ਹੈ।
ਇਸ ਤੋਂ ਅੱਗੇ ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਨਵੀਆਂ ਚੀਜ਼ਾਂ, ਤਕਨੀਕਾਂ, ਵਿਓਚਾਰਾਂ ਨੂੰ ਬਹੁਤ ਜਲਦੀ ਅਪਣਾਉਂਦਾ ਹੈ। ਪਹਿਲਾਂ ਪੰਜਾਬ ਕੋਲ ਸਿਰਫ਼ ਇੱਕ ਨੈਸ਼ਨਲ ਹਾਈਵੇ ਸੀ ਤੇ ਉਸਦੇ ਆਸ-ਪਾਸ ਇੰਡਸਟਰੀ ਸੀ , ਪਰ ਹੁਣ ਰੇਲ, ਹਵਾਈ ਤੇ ਰੋਡ ਕੁਨੈਕਟਿਵਿਟੀ ਹੈ। ਇੱਥੇ ਹੁਣ 4 ਨੈਸ਼ਨਲ ਹਾਈਵੇ ਬਣ ਚੁੱਕੇ ਹਨ। 4 ਘਰੇਲੂ ਹਵਾਈ ਅੱਡੇ ਤੇ ਅੰਤਰਰਾਸ਼ਟਰੀ ਹਵਾਈ ਅੱਡੇ ਹਨ। ਹੁਣ ਹਲਵਾਰਾ ਹਵਾਈ ਅੱਡਾ ਵੀ ਸ਼ੁਰੂ ਕੀਤਾ ਜਾਣ ਵਾਲਾ ਹੈ।