ਟੈਰਰ ਫੰਡਿਗ ਅਤੇ ਸਪਲਾਈ ਦਾ ਪਰਦਾਫਾਸ਼, ਐੱਨ.ਆਈ.ਏ ਨੇ ਦਬੋਚੇ ਲਾਰੈਂਸ ਅਤੇ ਡੱਲਾ ਦੇ ਸਾਥੀ
ਡੈਸਕ- ਪੰਜਾਬ ਅਤੇ ਹਰਿਆਣਾ ਚ ਵੱਧਦੇ ਜਾ ਰਹੇ ਗੈਂਗਸਟਰਵਾਦ ਅਤੇ ਇਨ੍ਹਾਂ ਨੂੰ ਵਿਦੇਸ਼ਾਂ ਤੋਂ ਮਿਲ ਰਹੀ ਮਦਦ ਨੂੰ ਲੈ ਕੇ ਸੂਬੇ ਤੋਂ ਲੈ ਕੇ ਕੇਂਦਰ ਸਰਕਾਰ ਤਕ ਚਿੰਤਤ ਹੈ । ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਹੁਕਮਾਂ ‘ਤੇ ਚਲਾਈ ਜਾ ਰਹੀ ਵਿਸ਼ੇਸ਼ ਮੁਹਿੰਮ ਤਹਿਤ ਪਿਛਲੇ ਲੰਮੇਂ ਸਮੇਂ ਤੋਂ ਕੇਂਦਰੀ ਏਜੰਸੀਆਂ ਪੰਜਾਬ ਸਮੇਤ ਹੋਰ ਰਾਜਾਂ ਚ ਬੈਠੇ ਗੈਂਗਸਟਰ ਨੈੱਟਵਰਕ ਨੂੰ ਤੋੜਨ ਦਾ ਕੰਮ ਕਰ ਰਹੀ ਹੈ। ਇਹੋ ਕਾਰਣ ਹੈ ਕਿ ਕੁੱਝ ਦਿਨਾਂ ਬਾਅਦ ਹੀ ਪੰਜਾਬ ਅਤੇ ਹਰਿਆਣਾ ਚ ਅਕਸਰ ਛਾਪੇਮਾਰੀਆਂ ਕੀਤੀਆਂ ਜਾ ਰਹੀਆਂ ਹਨ ।



ਮਸ਼ਹੂਰ ਅੱਤਵਾਦੀ-ਗੈਂਗਸਟਰ-ਡਰੱਗ ਸਮੱਗਲਰ ਗਠਜੋੜ ਦਾ ਪਰਦਾਫਾਸ਼ ਕਰਨ ਲਈ ਐਨਆਈਏ ਵੱਲੋਂ ਅੱਠ ਰਾਜਾਂ ਵਿੱਚ 76 ਟਿਕਾਣਿਆਂ ‘ਤੇ ਹਾਲ ਹੀ ਵਿੱਚ ਛਾਪੇਮਾਰੀ ਕਰਨ ਤੋਂ ਬਾਅਦ, ਪ੍ਰਮੁੱਖ ਜਾਂਚ ਏਜੰਸੀ ਨੇ ਲੱਕੀ ਖੋਖਰ ਉਰਫ ਡੇਨਿਸ ਸਮੇਤ ਛੇ ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ ਜੋ ਕਿ ਕੈਨੇਡਾ ਬੈਠੇ ਅਰਸ਼ਦੀਪ ਸਿੰਘ ਡੱਲਾ ਦਾ ਕਰੀਬੀ ਸਾਥੀ ਹੈ।
ਜ਼ਿਕਰ ਕਰ ਦਈਏ ਕਿ ਖੋਖਰ, ਬਠਿੰਡਾ ਦਾ ਰਹਿਣ ਵਾਲਾ ਹੈ ਜਿਸ ਨੂੰ ਮੰਗਲਵਾਰ ਨੂੰ ਰਾਜਸਥਾਨ ਦੇ ਸ੍ਰੀ ਗੰਗਾਨਗਰ ਤੋਂ ਗ੍ਰਿਫਤਾਰ ਕੀਤਾ ਗਿਆ ਸੀ। ਕੈਨੇਡਾ ਵਿੱਚ ਅਰਸ਼ ਡੱਲਾ ਨਾਲ ਸਿੱਧੇ ਅਤੇ ਲਗਾਤਾਰ ਸੰਪਰਕ ਵਿੱਚ ਸੀ ਅਤੇ ਉਸ ਲਈ ਭਰਤੀ ਕਰਦਾ ਸੀ ਅਤੇ ਉਸ ਤੋਂ ਦਹਿਸ਼ਤੀ ਗਤੀਵਿਧੀਆਂ ਨੂੰ ਅੰਜਾਮ ਦੇਣ ਲਈ ਫੰਡ ਪ੍ਰਾਪਤ ਕਰਦਾ ਸੀ। ਉਸਨੇ ਅਰਸ਼ ਡੱਲਾ ਦੇ ਪੰਜਾਬ ਵਿੱਚ ਸਾਥੀਆਂ ਨੂੰ ਉਸਦੇ ਨਿਰਦੇਸ਼ਾਂ ‘ਤੇ ਹਥਿਆਰ ਅਤੇ ਗੋਲਾ ਬਾਰੂਦ ਮੁਹੱਈਆ ਕਰਵਾਇਆ ਸੀ, ਜੋ ਕਿ ਅਰਸ਼ ਡੱਲਾ ਦੇ ਨਿਰਦੇਸ਼ਾਂ ‘ਤੇ ਪੰਜਾਬ ਦੇ ਜਗਰਾਓਂ ਵਿੱਚ ਹਾਲ ਹੀ ਵਿੱਚ ਹੋਏ ਕਤਲੇਆਮ ਨੂੰ ਅੰਜਾਮ ਦੇਣ ਲਈ ਵਰਤਿਆ ਗਿਆ ਸੀ।
ਖੋਖਰ ਤੋਂ ਇਲਾਵਾ NIA ਨੇ ਲਖਵੀਰ ਸਿੰਘ ਨੂੰ ਵੀ ਗ੍ਰਿਫਤਾਰ ਕੀਤਾ ਹੈ। ਇਸ ਤੋਂ ਇਲਾਵਾ ਜਰਨੈਲ ਸਿੰਘ ਵਾਸੀ ਗਿੱਦੜਬਾਹਾ, ਹਰਪ੍ਰੀਤ ਵਾਸੀ ਨਿਹਾਲ ਸਿੰਘ ਵਾਲਾ, ਮੋਗਾ, ਦਲੀਪ ਬਿਸ਼ਨੋਈ, ਬਿਸ਼ਨਪੁਰਾ ਅਬੋਹਰ, ਸੁਰਿੰਦਰ ਵਾਸੀ ਪਿੰਡ-ਨਾਰਨੌਲ, ਜ਼ਿਲ੍ਹਾ- ਮਹਿੰਦਰਗੜ੍ਹ, ਹਰਿਆਣਾ ਅਤੇ ਹਰੀ ਓਮ ਵਾਸੀ ਰਾਮੇਸ਼ਵਰ, ਗੁਰੂਗ੍ਰਾਮ, ਹਰਿਆਣਾ ਨੂੰ ਗ੍ਰਿਫ਼ਤਾਰ ਕੀਤਾ ਹੈ।