ਭਾਰਤੀ ਦੇ ਹਵਾਲੇ ਹੋਵੇਗਾ World Bank , ਬਾਇਡੇਨ ਦੀ ਪਸੰਦ ਬਣੇ ਅਜੈ ਬੰਗਾ
ਡੈਸਕ- ਇਕ ਹੋਰ ਭਾਰਤੀ ਦੁਨੀਆਂ ਭਰ ਚ ਆਪਣੇ ਨਾਂਅ ਦਾ ਡੰਕਾ ਵਜਾਉਣ ਲਈ ਤਿਆਰ ਹੈ । ਅਮਰੀਕੀ ਰਾਸ਼ਟਰਪਤੀ ਜੋਅ ਬਾਇਡੇਨ ਨੇ ਵੀਰਵਾਰ ਨੂੰ ਮਾਸਟਰਕਾਰਡ ਦੇ ਸਾਬਕਾ ਸੀਈਓ ਅਜੈ ਬੰਗਾ ਨੂੰ ਵਿਸ਼ਵ ਬੈਂਕ ਦੇ ਮੁਖੀ ਲਈ ਨਾਮਜ਼ਦ ਕੀਤਾ ਹੈ। ਅਜੈ ਬੰਗਾ ਨੂੰ ਗਲੋਬਲ ਚੁਣੌਤੀਆਂ ਦੇ ਨਾਲ ਹੀ ਜਲਵਾਯੂ ਪਰਿਵਰਤਨ ਦੀ ਚੁਣੌਤੀ ‘ਤੇ ਕੰਮ ਕਰਨ ਦਾ ਚੰਗਾ ਤਜ਼ਰਬਾ ਹੈ । ਅਜੈ ਬੰਗਾ ਭਾਰਤ ਵਿੱਚ ਜੰਮੇ ਅਜਿਹੇ ਪਹਿਲੇ ਵਿਅਕਤੀ ਹਨ ਜਿਨ੍ਹਾਂ ਨੂੰ ਵਿਸ਼ਵ ਬੈਂਕ ਦੇ ਮੁਖੀ ਲਈ ਨਾਮਜ਼ਦ ਕੀਤਾ ਗਿਆ ਹੈ । ਹੁਣ ਤੱਕ ਡੇਵਿਡ ਮਲਪਾਸ ਵਿਸ਼ਵ ਬੈਂਕ ਦੇ ਚੋਟੀ ਦੇ ਅਹੁਦੇ ‘ਤੇ ਸਨ । ਪਿਛਲੇ ਹਫਤੇ ਡੇਵਿਡ ਮਲਪਾਸ ਨੇ ਚੀਫ ਦੇ ਅਹੁਦੇ ਤੋਂ ਅਸਤੀਫਾ ਦੇਣ ਦਾ ਐਲਾਨ ਕੀਤਾ ਸੀ । ਵਿਸ਼ਵ ਬੈਂਕ ਨੇ ਬੁੱਧਵਾਰ ਨੂੰ ਦੱਸਿਆ ਸੀ ਕਿ ਉਹ ਡੇਵਿਡ ਮਲਪਾਸ ਦੀ ਜਗ੍ਹਾ ‘ਤੇ ਮਈ ਦੀ ਸ਼ੁਰੂਆਤ ਵਿੱਚ ਨਵੇਂ ਪ੍ਰਧਾਨ ਦੀ ਚੋਣ ਕਰ ਸਕਦਾ ਹੈ। ਵਿਸ਼ਵ ਬੈਂਕ 189 ਦੇਸ਼ਾਂ ਦੀ ਅਗਵਾਈ ਕਰਦਾ ਹੈ ਜਿਨ੍ਹਾਂ ਦਾ ਟੀਚਾ ਗਰੀਬੀ ਨੂੰ ਖਤਮ ਕਰਨਾ ਹੈ।
ਅਜੈ ਬੰਗਾ ਫਿਲਹਾਲ ਪ੍ਰਾਈਵੇਟ ਇਕਵਿਟੀ ਫਰਮ ਜਨਰਲ ਐਟਲਾਂਟਿਕ ਦੇ ਵਾਈਸ ਚੇਅਰਮੈਨ ਹਨ। ਬੰਗਾ ਕੋਲ 30 ਸਾਲਾਂ ਤੋਂ ਵੱਧ ਦਾ ਕਾਰੋਬਾਰੀ ਤਜਰਬਾ ਹੈ। ਮਾਸਟਰ ਕਾਰਡ ਵਿੱਚ ਵੱਖ-ਵੱਖ ਜ਼ਿੰਮੇਵਾਰੀਆਂ ਸੰਭਾਲਣ ਨਿਭਾਉਣ ਤੋਂ ਬਾਅਦ ਉਹ ਲੰਬੇ ਸਮੇਂ ਤੱਕ ਇਸ ਦੇ CEO ਰਹੇ ਸਨ। ਇਸ ਤੋਂ ਇਲਾਵਾ ਉਨ੍ਹਾਂ ਨੇ ਅਮਰੀਕਨ ਰੈੱਡ ਕਰਾਸ, ਕਰਾਫਟ ਫੂਡਜ਼ ਅਤੇ Dow Inc. ਵਿੱਚ ਕੰਮ ਕੀਤਾ ਹੈ।
ਬਾਇਡੇਨ ਨੇ ਕਿਹਾ ਕਿ ਅਜੇ ਨੇ ਸਫਲ, ਗਲੋਬਲ ਕੰਪਨੀਆਂ ਦੇ ਨਿਰਮਾਣ ਅਤੇ ਪ੍ਰਬੰਧਨ ਵਿੱਚ ਤਿੰਨ ਦਹਾਕਿਆਂ ਤੋਂ ਵੱਧ ਸਮਾਂ ਬਿਤਾਇਆ ਹੈ। ਇਹ ਉਹ ਕੰਪਨੀਆਂ ਹਨ ਜੋ ਵਿਕਾਸਸ਼ੀਲ ਅਰਥਵਿਵਸਥਾਵਾਂ ਵਿੱਚ ਰੁਜ਼ਗਾਰ ਪੈਦਾ ਕਰਦੀ ਹੈ ਤੇ ਨਿਵੇਸ਼ ਲਿਆਉਂਦੀ ਹੈ। ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਕੋਲ ਲੋਕਾਂ ਅਤੇ ਪ੍ਰਣਾਲੀਆਂ ਦਾ ਪ੍ਰਬੰਧਨ ਕਰਨ ਅਤੇ ਦੁਨੀਆ ਭਰ ਦੇ ਗਲੋਬਲ ਨੇਤਾਵਾਂ ਦੇ ਨਾਲ ਸਾਂਝੇਦਾਰੀ ਕਰਨ ਦਾ ਇੱਕ ਟ੍ਰੈਕ ਰਿਕਾਰਡ ਹੈ। ਅਜੈ ਬੰਗਾ ਨੂੰ ਨਾਮਜ਼ਦ ਕਰਦੇ ਹੋਏ ਜੋ ਬਾਇਡੇਨ ਨੇ ਕਿਹਾ ਕਿ ਇਸ ਇਤਿਹਾਸਕ ਅਤੇ ਨਾਜ਼ੁਕ ਪਲ ਵਿੱਚ ਵਿਸ਼ਵ ਬੈਂਕ ਦਾ ਚਾਰਜ ਸੰਭਾਲਣ ਲਈ ਸਭ ਤੋਂ ਯੋਗ ਵਿਅਕਤੀ ਹਨ। ਉਨ੍ਹਾਂ ਅੱਗੇ ਕਿਹਾ ਕਿ ਅਜੈ ਬੰਗਾ ਕੋਲ ਨਿੱਜੀ ਤੇ ਸਰਕਾਰੀ ਸਰੋਤਾਂ ਦੀ ਵਰਤੋਂ ਕਰਦੇ ਹੋਏ ਜਲਵਾਯੂ ਤਬਦੀਲੀ ਸਮੇਤ ਮੌਜੂਦਾ ਦੌਰਾ ਦੀਆਂ ਸਾਰੀਆਂ ਚੁਣੌਤੀਆਂ ਨੂੰ ਸੰਭਾਲਣ ਦੀ ਸਮਰੱਥਾ ਹੈ।