ਪੁੱਤ ਨੂੰ ਮੋਬਾਈਲ ਚਲਾਉਣ ਤੋਂ ਰੋਕਣ ਦੀ ਮਿਲੀ ਸਜ਼ਾ; ਮਾਂ ਨੂੰ ਕੁੱਟਮਾਰ ਕਰ ਕੇ ਛੱਤ ਤੋਂ ਧੱਕਾ ਦੇ ਕੇ ਮਾਰ’ਤਾ

ਪੁੱਤ ਨੂੰ ਮੋਬਾਈਲ ਚਲਾਉਣ ਤੋਂ ਰੋਕਣ ਦੀ ਮਿਲੀ ਸਜ਼ਾ; ਮਾਂ ਨੂੰ ਕੁੱਟਮਾਰ ਕਰ ਕੇ ਛੱਤ ਤੋਂ ਧੱਕਾ ਦੇ ਕੇ ਮਾਰ’ਤਾ

ਪਟਿਆਲਾ (ਵੀਓਪੀ ਬਿਊਰੋ) ਪਟਿਆਲਾ ‘ਚ ਇਕ ਦਿਲ ਦਹਿਲਾ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ। ਇੱਥੇ ਤ੍ਰਿਪੜੀ ਥਾਣੇ ਅਧੀਨ ਪੈਂਦੇ ਇਲਾਕੇ ਵਿੱਚ ਮੋਬਾਈਲ ਵਰਤਣ ਤੋਂ ਰੋਕਣ ’ਤੇ ਬੇਟੇ ਨੇ ਮਾਂ ਨੂੰ ਕੁੱਟਣ ਮਗਰੋਂ ਪਹਿਲੀ ਮੰਜ਼ਿਲ ਤੋਂ ਧੱਕਾ ਦੇ ਦਿੱਤਾ। ਇਸ ਕਾਰਨ ਬਜ਼ੁਰਗ ਔਰਤ ਦੀ ਮੌਤ ਹੋ ਗਈ। ਪੁਲਿਸ ਨੇ ਉਕਤ ਮਾਮਲੇ ‘ਚ ਦੋਸ਼ੀ ਪੁੱਤਰ ਦੇ ਖਿਲਾਫ ਇਰਾਦਾ ਕਤਲ ਦਾ ਮਾਮਲਾ ਦਰਜ ਕਰਕੇ ਉਸ ਨੂੰ ਗ੍ਰਿਫਤਾਰ ਕਰ ਲਿਆ ਹੈ। ਪੁਲਿਸ ਅਨੁਸਾਰ ਮੁਲਜ਼ਮ ਮਾਨਸਿਕ ਤੌਰ ’ਤੇ ਪ੍ਰੇਸ਼ਾਨ ਹੈ।


ਰਾਜਨ ਬਹਿਲ ਵਾਸੀ ਤ੍ਰਿਪੜੀ ਨੇ ਪੁਲਿਸ ਨੂੰ ਦੱਸਿਆ ਕਿ ਉਸ ਦੀ ਮਾਂ ਰੇਖਾ ਰਾਣੀ (52) ਆਪਣੇ ਛੋਟੇ ਪੁੱਤਰ ਗੋਬਿੰਦ ਬਹਿਲ ਨਾਲ ਆਨੰਦ ਨਗਰ-ਏ ਵਿੱਚ ਕਿਰਾਏ ਦੇ ਮਕਾਨ ਵਿੱਚ ਰਹਿੰਦੀ ਸੀ। ਮੰਗਲਵਾਰ ਤੜਕੇ ਤਿੰਨ ਵਜੇ ਉਸ ਨੂੰ ਉਸ ਦੀ ਮਾਂ ਦੇ ਨਾਲ ਵਾਲੇ ਮਕਾਨ ਵਿੱਚ ਰਹਿੰਦੇ ਕਿਰਾਏਦਾਰ ਤੋਂ ਸੂਚਨਾ ਮਿਲੀ ਕਿ ਉਸ ਦਾ ਮਾਨਸਿਕ ਤੌਰ ’ਤੇ ਪ੍ਰੇਸ਼ਾਨ ਭਰਾ ਗੋਬਿੰਦ ਬਹਿਲ ਆਪਣੀ ਮਾਂ ਨਾਲ ਲੜਾਈ-ਝਗੜਾ ਕਰ ਰਿਹਾ ਹੈ। ਉਸ ਨੇ ਲੜਾਈ ਦੌਰਾਨ ਮਾਂ ਨੂੰ ਪਹਿਲੀ ਮੰਜ਼ਿਲ ਤੋਂ ਹੇਠਾਂ ਧੱਕਾ ਦੇ ਦਿੱਤਾ ਹੈ। ਜਿਸ ਕਾਰਨ ਮਾਂ ਦੇ ਸਿਰ ‘ਤੇ ਗੰਭੀਰ ਸੱਟ ਲੱਗੀ ਹੈ। ਮੌਕੇ ‘ਤੇ ਪਹੁੰਚ ਕੇ ਰਾਜਨ ਬਹਿਲ ਤੁਰੰਤ ਉਸ ਦੀ ਮਾਂ ਨੂੰ ਸਰਕਾਰੀ ਰਾਜਿੰਦਰਾ ਹਸਪਤਾਲ ਲੈ ਗਏ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ।

ਰਾਜਨ ਬਹਿਲ ਅਨੁਸਾਰ ਮਾਂ ਨੇ ਉਸ ਦੇ ਭਰਾ ਨੂੰ ਮੋਬਾਈਲ ਬੰਦ ਕਰਕੇ ਸੌਣ ਲਈ ਕਿਹਾ ਸੀ। ਇਸ ਕਾਰਨ ਉਸ ਨੂੰ ਬਹੁਤ ਗੁੱਸਾ ਆਇਆ। ਪਹਿਲਾਂ ਉਸ ਨੇ ਮਾਂ ਦੀ ਕੁੱਟਮਾਰ ਕੀਤੀ ਅਤੇ ਫਿਰ ਉਸ ਨੂੰ ਪਹਿਲੀ ਮੰਜ਼ਿਲ ਤੋਂ ਹੇਠਾਂ ਧੱਕਾ ਦੇ ਦਿੱਤਾ। ਸਾਲ 2017 ਤੋਂ ਉਸਦਾ ਭਰਾ ਡਿਪਰੈਸ਼ਨ ਵਿੱਚ ਹੈ ਅਤੇ ਉਸਦਾ ਇਲਾਜ ਵੀ ਚੱਲ ਰਿਹਾ ਹੈ।

error: Content is protected !!