ਮੋਦੀ ਦੀ ਪਾੜੋ ਤੇ ਰਾਜ ਕਰੋ ਵਾਲੀ ਨੀਤੀ ਵਿਰੁੱਧ ਕਮਿਉਨਿਸਟਾਂ ਦੀ ਸਾਂਝੀ ਰੈਲੀ 10 ਮਾਰਚ ਨੂੰ ਹੋਵੇਗੀ

ਮੋਦੀ ਦੀ ਪਾੜੋ ਤੇ ਰਾਜ ਕਰੋ ਵਾਲੀ ਨੀਤੀ ਵਿਰੁੱਧ ਕਮਿਉਨਿਸਟਾਂ ਦੀ ਸਾਂਝੀ ਰੈਲੀ 10 ਮਾਰਚ ਨੂੰ ਹੋਵੇਗੀ


ਜਲੰਧਰ (ਰਾਹੁਲ) ਸੀਪੀਆਈ,ਆਰ ਐਮ ਪੀ ਆਈ, ਸੀਪੀਆਈ (ਐਮਐਲ) ਲਿਬਰੇਸ਼ਨ ,ਐਮ ਸੀ ਪੀ ਆਈ ਯੂ, ਇੰਨਕਲਾਬੀ ਕੇਂਦਰ ਪੰਜਾਬ ਤੇ ਪੰਜਾਬ ਜਮਹੂਰੀ ਮੋਰਚਾ ਅਧਾਰਤ ਪੰਜਾਬ ਪੱਧਰ ਤੇ ਬਨੇ ‘ਫਾਸ਼ੀ ਹਮਲੇ ਵਿਰੋਧੀ ਫਰੰਟ’ ਵੱਲੋਂ ਪ੍ਰੈਸ ਕਲੱਬ ਜਲੰਧਰ ਵਿਖੇ ਪ੍ਰੈਸ ਕਾਨਫਰੰਸ ਕੀਤੀ ਗਈ। ਜਿਸ ਵਿੱਚ ਬੰਤ ਸਿੰਘ ਬਰਾੜ, ਮੰਗਤ ਰਾਮ ਪਾਸਲਾ, ਦਰਸ਼ਨ ਸਿੰਘ ਖਟਕੜ, ਕਿਰਨਜੀਤ ਸਿੰਘ ਸੇਖੋਂ, ਕੰਵਲਜੀਤ ਖੰਨਾ ਤੇ ਜੁਗਰਾਜ ਸਿੰਘ ਟੱਲੇਵਾਲ ਸ਼ਾਮਲ ਹੋਏ।

ਆਗੂਆਂ ਨੇ ਪੱਤਰਕਾਰ ਭਾਈਚਾਰੇ ਨੂੰ ਸੰਬੋਧਨ ਦੌਰਾਨ ਕਿਹਾ ਕਿ 10 ਮਾਰਚ ਨੂੰ ਦੇਸ਼ ਭਗਤ ਯਾਦਗਾਰ ਕੰਪਲੈਕਸ ਜਲੰਧਰ ਵਿਖੇ ਪੰਜਾਬ ਦੇ ਕਮਿਉਨਿਸਟਾਂ ਵੱਲੋਂ ਮਹਾਂਰੈਲੀ ਤੇ ਸ਼ਹਿਰ ਵਿੱਚ ਰੋਹ ਭਰਪੂਰ ਮਾਰਚ ਕੀਤਾ ਜਾਵੇਗਾ। ਇਸ ਪ੍ਰੋਗਰਾਮ ਵਿੱਚ ਕੇਂਦਰ ਦੀ ਮੋਦੀ ਸਰਕਾਰ ਵੱਲੋਂ ਪੰਜਾਬ ਤੇ ਕੀਤੇ ਜਾ ਰਹੇ ਤਿੱਖੇ ਵਾਰਾਂ ਬਾਬਤ ਵਿਚਾਰ ਵਟਾਂਦਰਾ ਹੋਵੇਗਾ। ਕਿਉਂਕਿ ਮੋਦੀ ਸਰਕਾਰ ਨੇ ਭਾਖੜਾ ਪ੍ਰੋਜੈਕਟ ਵਿਚੋਂ ਪੰਜਾਬ ਦੇ ਅਧਿਕਾਰ ਖਤਮ ਕਰਨ ਲਈ ਪੰਜਾਬ ਦੀ ਅਫ਼ਸਰਸ਼ਾਹੀ ਤੇ ਮੁਲਾਜ਼ਮਤ ਦੀ ਭਰਤੀ ਬੰਦ ਕਰ ਦਿੱਤੀ ਹੈ।ਇਹ ਪੰਜਾਬ ਲੋਕਾਂ ਨਾਲ ਬੇਨਿਆਈ ਹੈ।


ਅੱਗੇ ਵਧਦਿਆਂ ਮੋਦੀ ਸ਼ਾਹ ਜੁੰਡਲੀ ਨੇ ਚੰਡੀਗੜ੍ਹ ਵਿੱਚ ਹਰਿਆਣਾ ਨੂੰ ਰਾਜਧਾਨੀ ਬਨਾਉਣ ਲਈ ਜਗ੍ਹਾ ਦੇ ਦਿੱਤੀ ਹੈ ਜਦੋਂ ਕਿ ਚੰਡੀਗੜ੍ਹ ਅੰਗਰੇਜ਼ਾਂ ਨੇ ਪੰਜਾਬ ਦੇ ਪਿੰਡ ਉਜਾੜ ਕੇ ਵਸਾਇਆ ਸੀ ਇਸ ਲਈ ਚੰਡੀਗੜ੍ਹ ਤੇ ਪੰਜਾਬ ਦਾ ਅਧਿਕਾਰ ਹੈ ਤੇ ਰਹੇਗਾ। ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਜੋ ਲਾਹੌਰ ਤੋਂ ਇਥੇ ਆਈ ਸੀ ਉਸ ਨੂੰ ਖੋਹਨ ਦੀ ਨੀਤੀ ਤੇ ਮੋਦੀ ਚੱਲ ਰਿਹਾ ਹੈ। ਚੰਡੀਗੜ੍ਹ ਵਿੱਚੋਂ ਪੰਜਾਬ ਦੇ ਮੁਲਾਜ਼ਮਾਂ ਦੀ ਭਰਤੀ ਦੇ ਅਧਿਕਾਰ ਖਤਮ ਕਰਨੇ ਇਹ ਸਰਾਸਰ ਪੰਜਾਬ ਦੇ ਲੋਕਾਂ ਨਾਲ ਧੱਕਾ ਹੈ। ਪਾਕਿਸਤਾਨ ਦੇ ਬਾਰਡਰ ਤੋਂ ਪੰਜਾਬ ਵੱਲ ਅੰਦਰ ਨੂੰ 50 ਕਿਲੋਮੀਟਰ ਤੱਕ ਬੀਐਸਐਫ ਨੂੰ ਅਧਿਕਾਰ ਦੇਣੇ ਇਸ ਤੋਂ ਸਾਫ ਜ਼ਾਹਰ ਹੈ ਕਿ ਮੋਦੀ ਦੀ ਬੀਜੇਪੀ ਸਰਕਾਰ ਜੰਮੂ ਕਸ਼ਮੀਰ ਦੀ ਤਰ੍ਹਾਂ ਪੰਜਾਬ ਨੂੰ ਸੈਂਟਰ ਦੇ ਅਧੀਨ ਕਰਨ ਦੇ ਰਾਹ ਤੁਰਿਆ ਹੈ।

ਕੇਂਦਰ ਦੀ ਸਰਕਾਰ ਸਰਕਾਰ ਪੰਜਾਬ ਦੇ ਘਰਾਂ ਦੀ ਬਿਜਲੀ ਵਿੱਚ ਮਿਲਦੀ ਰਹਾਇਤ ਨੂੰ ਖਤਮ ਕਰਨ ਵਾਸਤੇ ਪੰਜਾਬ ਸਰਕਾਰ ਤੇ ਦਬਾਅ ਪਾ ਰਹੀ ਹੈ ਕਿ ਪਰੀਪੇਡ ਮੀਟਰ ਜਲਦੀ ਤੋਂ ਜਲਦੀ ਲਾਏ ਜਾਣ। ਪੰਜਾਬ ਦੇ ਹਾਲਾਤ ਇਹ ਹਨ ਕਿ ਰੁਜ਼ਗਾਰ ਨਾ ਮਿਲਣ ਕਰਕੇ ਪੰਜਾਬ ਦੀ ਜਵਾਨੀ ਵਿਦੇਸ਼ਾਂ ਵਿੱਚ ਧੱਕੇ ਖਾਣ ਲਈ ਮਜਬੂਰ ਹੈ। ਇਕੱਲੀ ਜੁਵਾਨੀ ਹੀ ਬਾਹਰ ਨਹੀਂ ਜਾ ਰਹੀ ਕਿਰਤ ਤੇ ਪੈਸਾ ਵੀ ਬਾਹਰ ਜਾ ਰਿਹਾ ਹੈ ਜੇ ਇਹ ਹੀ ਹਾਲਾਤ ਰਹੇ ਤਾਂ ਪੰਜਾਬ ਜਲਦੀ ਹੀ ਕੰਗਾਲ ਹੋ ਜਾਵੇਗਾ। ਲੋਕਾਂ ਨੇ ਮਹਿੰਗਾਈ ਵਿਰੁੱਧ ਲੜਨਾ ਹੈ ਪਰ ਹੁਣ ਉਨ੍ਹਾਂ ਨੂੰ ਪੰਜਾਬ ਬਚਾਉਣ ਵਾਸਤੇ ਲੜਨਾ ਪੈ ਰਿਹਾ ਹੈ।


ਆਗੂਆਂ ਨੇ ਪੰਜਾਬ ਵਾਸੀਆਂ ਨੂੰ ਪੁਰਜ਼ੋਰ ਅਪੀਲ ਕੀਤੀ ਕਿ 10 ਮਾਰਚ ਦੀ ਰੈਲੀ ਵਿੱਚ ਹੁੰਮ ਹੁਮਾ ਕੇ ਪੁੱਜਣ ਤੇ ਮੋਦੀ ਦੀ ਫਾਸ਼ੀਵਾਦੀ ਨੀਤੀ ਨੂੰ ਭਾਂਜ ਦੇਣ। ਰੈਲੀ ਤੋਂ ਪ੍ਰੋਗਰਾਮ ਲੈ ਕੇ ਪਿੰਡਾਂ, ਕਸਬਿਆਂ ਅਤੇ ਸ਼ਹਿਰਾਂ ਦੇ ਲੋਕਾਂ ਨੂੰ ਮੋਦੀ ਦੀ ਫਿਰਕੂ ਤੇ ਲੋਕ ਵਿਰੋਧੀ ਨੀਤੀ ਦੇ ਪਾਜ ਉਘੇੜਣ।

error: Content is protected !!