ਪੰਜਾਬ ‘ਚ ਹੁਣ HIV ਬਣੀ ਨਵੀਂ ਮੁਸੀਬਤ, ਇਕ ਸਾਲ ਵਿੱਚ ਮਿਲੇ 10 ਹਜ਼ਾਰ ਤੋਂ ਜ਼ਿਆਦਾ ਮਰੀਜ਼

ਪੰਜਾਬ ‘ਚ ਹੁਣ HIV ਬਣੀ ਨਵੀਂ ਮੁਸੀਬਤ, ਇਕ ਸਾਲ ਵਿੱਚ ਮਿਲੇ 10 ਹਜ਼ਾਰ ਤੋਂ ਜ਼ਿਆਦਾ ਮਰੀਜ਼

ਚੰਡੀਗੜ੍ਹ (ਵੀਓਪੀ ਬਿਊਰੋ) ਪੰਜਾਬ ਵਿੱਚ ਲਾਇਲਾਜ ਬਿਮਾਰੀ HIV ਲਗਾਤਾਰ ਆਪਣੇ ਪੈਰ ਪਸਾਰਦੀ ਜਾ ਰਹੀ ਹੈ ਅਤੇ ਇਕ ਰਿਪੋਰਟ ਅਨੁਸਾਰ ਸੂਬੇ ਵਿੱਚ ਇੱਕ ਸਾਲ ਦੌਰਾਨ 10,109 ਨਵੇਂ ਐੱਚਆਈਵੀ ਪੀੜਤ ਮਰੀਜ਼ ਸਾਹਮਣੇ ਆਏ ਹਨ। ਸਭ ਤੋਂ ਵੱਡੀ ਗੱਲ ਇਹ ਹੈ ਕਿ ਸੰਕਰਮਿਤ ਲੋਕਾਂ ਵਿੱਚ 88 ਨਾਬਾਲਗ ਹਨ ਅਤੇ ਉਨ੍ਹਾਂ ਦੀ ਉਮਰ 15 ਸਾਲ ਤੋਂ ਘੱਟ ਹੈ। ਸਨਅਤੀ ਸ਼ਹਿਰ ਵਜੋਂ ਪੂਰੀ ਦੁਨੀਆ ਵਿੱਚ ਆਪਣੀ ਪਛਾਣ ਬਣਾਉਣ ਵਾਲੇ ਲੁਧਿਆਣਾ ਜ਼ਿਲ੍ਹੇ ਵਿੱਚ ਪੂਰੇ ਸੂਬੇ ਵਿੱਚ ਸਭ ਤੋਂ ਵੱਧ 1711 ਮਾਮਲੇ ਸਾਹਮਣੇ ਆਏ ਹਨ। ਇਸ ਤੋਂ ਬਾਅਦ ਬਠਿੰਡਾ ਵਿੱਚ 1544, ਅੰਮ੍ਰਿਤਸਰ ਵਿੱਚ 836, ਫਰੀਦਕੋਟ ਵਿੱਚ 708 ਅਤੇ ਤਰਨਤਾਰਨ ਵਿੱਚ 520 ਮਾਮਲੇ ਸਾਹਮਣੇ ਆਏ ਹਨ।

ਇਹ ਜਾਣਕਾਰੀ ਪੰਜਾਬ ਦੇ ਸਿਹਤ ਮੰਤਰੀ ਡਾ: ਬਲਬੀਰ ਸਿੰਘ ਨੇ ਵੀਰਵਾਰ ਨੂੰ ਵਿਧਾਨ ਸਭਾ ‘ਚ ਵਿਧਾਇਕ ਡਾ: ਨਛੱਤਰ ਪਾਲ ਦੇ ਸਵਾਲ ਦੇ ਜਵਾਬ ‘ਚ ਦਿੱਤੀ | ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਬਿਮਾਰੀ ਨਾਲ ਲੜਨ ਦੀ ਜੰਗ ਵੀ ਚੱਲ ਰਹੀ ਹੈ।

ਪੰਜਾਬ ਵਿੱਚ ਐੱਚਆਈਵੀ ਦੇ ਕੇਸਾਂ ਦੀ ਗਿਣਤੀ ਵਧਣ ਦਾ ਮੁੱਖ ਕਾਰਨ ਨਸ਼ਾਖੋਰੀ ਨੂੰ ਮੰਨਿਆ ਜਾਂਦਾ ਹੈ। ਸਿਹਤ ਵਿਭਾਗ ਦੇ ਮਾਹਿਰਾਂ ਅਨੁਸਾਰ ਕਈ ਲੋਕ ਸਰਿੰਜ ਨਾਲ ਨਸ਼ਾ ਕਰ ਲੈਂਦੇ ਹਨ। ਇਹੀ ਕਾਰਨ ਹੈ ਕਿ ਸੂਬੇ ਵਿੱਚ ਐੱਚਆਈਵੀ ਦੇ ਕੇਸਾਂ ਵਿੱਚ ਵਾਧਾ ਹੋ ਰਿਹਾ ਹੈ। ਬੱਚੇ ਵੀ ਇਸ ਦਾ ਸ਼ਿਕਾਰ ਹੋ ਰਹੇ ਹਨ। ਹਾਲਾਂਕਿ ਇਸ ਦੇ ਪਿੱਛੇ ਹੋਰ ਵੀ ਕਈ ਕਾਰਨ ਹਨ। ਸਿਹਤ ਵਿਭਾਗ ਦੇ ਅੰਕੜਿਆਂ ਅਨੁਸਾਰ ਕੁੱਲ ਸੰਕਰਮਿਤ ਵਿਅਕਤੀਆਂ ਵਿੱਚੋਂ 8155 ਪੁਰਸ਼ ਅਤੇ 1847 ਔਰਤਾਂ ਹਨ। ਇਨ੍ਹਾਂ ਵਿੱਚ 19 ਟਰਾਂਸਜੈਂਡਰ, 56 ਲੜਕੇ ਅਤੇ 32 ਲੜਕੀਆਂ ਹਨ। ਇਹ ਅੰਕੜੇ ਜਨਵਰੀ ਤੱਕ ਦੇ ਰਿਕਾਰਡ ਵਿੱਚ ਸਾਹਮਣੇ ਆਏ ਹਨ।

ਸਿਹਤ ਵਿਭਾਗ ਵੱਲੋਂ ਰੇਡੀਓ, ਐਫ.ਐਮ., ਟੀ.ਵੀ. ਚੈਨਲਾਂ, ਸਿਨੇਮਾ ਅਤੇ ਵੈਬ ਪੋਰਟਲਾਂ ਰਾਹੀਂ ਐੱਚ.ਆਈ.ਵੀ. ਬਾਰੇ ਜਾਗਰੂਕਤਾ ਮੁਹਿੰਮ ਚਲਾਈ ਜਾ ਰਹੀ ਹੈ। ਇਸੇ ਤਰ੍ਹਾਂ 8ਵੀਂ ਤੋਂ 12ਵੀਂ ਜਮਾਤ ਤੱਕ ਦੇ ਸਕੂਲਾਂ ਵਿੱਚ ਪੜ੍ਹਦੇ ਵਿਦਿਆਰਥੀਆਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ। ਇਸ ਵਿੱਚ 6057 ਸਕੂਲ ਕਵਰ ਕੀਤੇ ਗਏ। ਇਸ ਦੇ ਪਿੱਛੇ ਇੱਕ ਨਰੋਏ ਸਮਾਜ ਦੀ ਸਿਰਜਣਾ ਕਰਨਾ ਹੈ।

error: Content is protected !!