ਤਲਾਸ਼ੀ ਦੌਰਾਨ ਖੇਤ ‘ਚ ਬੀਐਸਐਫ ਨੂੰ ਮਿਲਿਆ ਪਾਕਿਸਤਾਨੀ ਡਰੋਨ ਅਤੇ AK-47
ਬਟਾਲਾ (ਲੱਕੀ) ਭਾਰਤ-ਪਾਕਿਸਤਾਨ ਸਰਹੱਦ ‘ਤੇ ਗੁਰਦਾਸਪੁਰ ਸੈਕਟਰ ‘ਚ ਬੀਐਸਐਫ ਦੀ ਮੇਤਲਾ ਬਾਰਡਰ ਪੋਸਟ ‘ਚ ਬੀਤੀ ਰਾਤ ਭਾਰਤੀ ਖੇਤਰ ਵਿੱਚ ਦਾਖ਼ਲ ਹੋਏ ਪਾਕਿਸਤਾਨੀ ਡਰੋਨ ਨੂੰ ਬੀਐਸਐਫ ਨੇ ਅੱਜ ਸਰਚ ਆਪਰੇਸ਼ਨ ਦੌਰਾਨ ਪਿੰਡ ਨਬੀ ਨਗਰ ਤੋਂ ਬਰਾਮਦ ਕਰ ਲਿਆ ਹੈ| ਉਥੇ ਹੀ ਡਰੋਨ ਨਾਲ ਪੈਕਟਾਂ ‘ਚ ਬੰਨੀ ਹੋਈ ਇਕ ਏਕੇ-47 ਰਾਈਫ਼ਲ, 2 ਮੈਗਜ਼ੀਨ ਅਤੇ ਗੋਲੀ ਸਿੱਕਾ ਬਰਾਮਦ ਕੀਤਾ ਗਿਆ ਹੈ|
ਇਸ ਬਾਰੇ ਜਾਣਕਾਰੀ ਦਿੰਦੇ ਹੋਏ ਜਿਲਾ ਬਟਾਲਾ ਦੇ ਐਸਪੀ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਬੀਤੀ ਦੇਰ ਰਾਤ ਜਦ ਬੀਐਸਐਫ ਨੂੰ ਡੇਰਾ ਬਾਬਾ ਨਾਨਕ ਇਲਾਕੇ ‘ਚ ਡਰੋਨ ਦਾਖਿਲ ਹੋਣ ਦੀ ਅਵਾਜ ਆਈ ਤਾਂ ਬੀਐਸਐਫ ਜਵਾਨਾਂ ਵਲੋਂ ਡਰੋਨ ‘ਤੇ ਫਾਇਰ ਕੀਤੇ ਗਏ ਸਨ| ਉਸ ਤੋਂ ਬਾਅਦ ਬਟਾਲਾ ਪੁਲਿਸ ਅਤੇ ਬੀਐਸਐਫ ਵਲੋਂ ਇਲਾਕੇ ਭਰ ‘ਚ ਜੁਆਇੰਟ ਸਰਚ ਅਪਰੇਸ਼ਨ ਚਲਾਇਆ ਜਾ ਰਿਹਾ ਸੀ| ਇਸ ਦੌਰਾਨ ਮੇਤਲਾ ਬੀਐਸਐਫ ਪੋਸਟ ਤੋਂ ਕਰੀਬ 7 ਕਿਲੋਮੀਟਰ ਦੀ ਦੂਰ ਡੇਰਾ ਬਾਬਾ ਨਾਨਕ ਦੇ ਪਿੰਡ ਨਬੀ ਨਗਰ ਤੋਂ ਇਕ ਕਿਸਾਨ ਨੇ ਪੁਲਿਸ ਅਤੇ ਬੀਐਸਐਫ ਦੇ ਅਧਿਕਾਰੀਆਂ ਨੂੰ ਉਸਦੇ ਖੇਤਾਂ ਚ ਵੱਡਾ ਡਰੋਨ ਹੋਣ ਦੀ ਸੂਚਨਾ ਦਿਤੀ|