ਖੁੰਭਾਂ ਦੀ ਸਬਜ਼ੀ ਖਾ ਕੇ ਸੌਂ ਗਏ ਚਾਰ ਮਜ਼ਦੂਰ, ਦੇਰ ਰਾਤ ਵਿਗੜੀ ਸਿਹਤ, ਇਕ ਦੀ ਮੌਤ

ਖੁੰਭਾਂ ਦੀ ਸਬਜ਼ੀ ਖਾ ਕੇ ਸੌਂ ਗਏ ਚਾਰ ਮਜ਼ਦੂਰ, ਦੇਰ ਰਾਤ ਵਿਗੜੀ ਸਿਹਤ, ਇਕ ਦੀ ਮੌਤ

ਵੀਓਪੀ ਬਿਊਰੋ, ਚੰਡੀਗੜ੍ਹ : ਨੇੜਲੇ ਬੜਾਹ ਪਿੰਡ ਵਿਖੇ ਚਾਰ ਵਿਅਕਤੀਆਂ ਦੀ ਖੁੰਭਾਂ ਦੀ ਸਬਜ਼ੀ ਖਾਣ ਨਾਲ ਸਿਹਤ ਵਿਗੜ ਗਈ। ਸਿਹਤ ਜ਼ਿਆਦਾ ਵਿਗੜਨ ’ਤੇ ਉਨ੍ਹਾਂ ਨੂੰ ਸੀਐੱਚਸੀ ਧਰਮਪੁਰ ਵਿਚ ਦਾਖਲ ਕਰਵਾਇਆ ਗਿਆ, ਜਿੱਥੇ ਇਨ੍ਹਾਂ ਵਿਚੋਂ ਇਕ ਦੀ ਇਲਾਜ ਦੌਰਾਨ ਮੌਤ ਹੋ ਗਈ।
ਜਾਣਕਾਰੀ ਅਨੁਸਾਰ ਸੋਲਨ ਜ਼ਿਲ੍ਹੇ ਦੇ ਕਸੌਲੀ ਨਾਲ ਲੱਗਦੀ ਗੜਖਲ-ਸਨਾਵਰ ਪੰਚਾਇਤ ਦੇ ਬੜਾਹ ਪਿੰਡ ’ਚ ਦੇਰ ਰਾਤ ਖੁੰਭਾਂ ਦੀ ਸਬਜ਼ੀ ਖਾਣ ਨਾਲ ਬਿਹਾਰ ਦੇ ਤਿੰਨ ਅਤੇ ਹਰਿਆਣਾ ਦੇ ਇਕ ਵਿਅਕਤੀ ਦੀ ਸਿਹਤ ਵਿਗੜ ਗਈ। ਇਲਾਜ ਦੌਰਾਨ 35 ਸਾਲਾ ਨਜ਼ਾਕਤ ਵਾਸੀ ਸੁਕੇਤਰੀ ਜ਼ਿਲ੍ਹਾ ਪੰਚਕੂਲਾ (ਹਰਿਆਣਾ) ਦੀ ਮੌਤ ਹੋ ਗਈ। 44 ਸਾਲਾ ਵਰਿੰਦਰ ਸ਼ਰਮਾ ਵਾਸੀ ਯੋਗਾਪੱਟੀ (ਬਿਹਾਰ) ਅਤੇ ਉਸ ਦੇ 16 ਸਾਲਾ ਪੁੱਤਰ ਨਿਤੀਸ਼ ਨੂੰ ਡਾਕਟਰਾਂ ਨੇ ਪੀਜੀਆਈ ਚੰਡੀਗੜ੍ਹ ਰੈਫਰ ਕਰ ਦਿੱਤਾ।
ਬਿਹਾਰ ਦੇ ਆਰਾ ਜ਼ਿਲ੍ਹੇ ਦੇ ਭੋਜਪੁਰ ਵਾਸੀ 35 ਸਾਲਾ ਅਮਰਨਾਥ ਸ਼ਰਮਾ ਸੀਐੱਚਸੀ ਧਰਮਪੁਰ ’ਚ ਜ਼ੇਰੇ ਇਲਾਜ ਹੈ। ਹਾਲਾਂਕਿ ਤਿੰਨਾਂ ਦੀ ਹਾਲਤ ਠੀਕ ਹੈ ਅਤੇ ਸਾਰੇ ਖ਼ਤਰੇ ਤੋਂ ਬਾਹਰ ਹਨ। ਅਮਰਨਾਥ ਸ਼ਰਮਾ, ਵਰਿੰਦਰ ਸ਼ਰਮਾ ਤੇ ਨਜ਼ਾਕਤ ਦੋ ਮਹੀਨੇ ਤੋਂ ਬੜਾਹ ਪਿੰਡ ਦੇ ਇਕ ਘਰ ’ਚ ਕਾਰਪੇਂਟਰ ਦਾ ਕੰਮ ਕਰਦੇ ਸਨ ਜਦਕਿ ਨਿਤੀਸ਼ ਸ਼ਰਮਾ ਮੰਗਲਵਾਰ ਨੂੰ ਹੀ ਬੜਾਹ ਆਇਆ ਸੀ।
ਮਜ਼ਦੂਰਾਂ ਨੇ ਪੁਲਿਸ ਨੂੰ ਦੱਸਿਆ ਕਿ ਮੰਗਲਵਾਰ ਸ਼ਾਮ ਗੜਖਲ ਬਾਜ਼ਾਰ ’ਚੋਂ ਉਨ੍ਹਾਂ ਨੇ ਖੁੰਭਾਂ ਖ਼ਰੀਦੀਆਂ ਸਨ। ਰਾਤ 10 ਵਜੇ ਉਹ ਸਾਰੇ ਖੁੰਭਾਂ ਦੀ ਸਬਜ਼ੀ ਖਾ ਕੇ ਸੌਂ ਗਏ ਤੇ ਰਾਤ 12 ਵਜੇ ਉਨ੍ਹਾਂ ਨੂੰ ਉਲਟੀਆਂ ਸ਼ੁਰੂ ਹੋ ਗਈਆਂ। ਇਸ ਦੀ ਜਾਣਕਾਰੀ ਉਨ੍ਹਾਂ ਨੇ ਬੁੱਧਵਾਰ ਸਵੇਰੇ ਘਰ ਦੇ ਮਾਲਕ ਨੂੰ ਦਿੱਤੀ ਤਾਂ ਉਹ ਸੀਐੱਚਸੀ ਧਰਮਪੁਰ ਲੈ ਗਏ। ਸਿਹਤ ਕਿਵੇਂ ਖਰਾਬ ਹੋਈ ਤੇ ਮੌਤ ਦੇ ਕਾਰਨਾਂ ਦਾ ਪਤਾ ਪੋਸਟਮਾਰਟਮ ਦੀ ਰਿਪੋਰਟ ਮਿਲਣ ਤੋਂ ਬਾਅਦ ਹੀ ਪਤਾ ਲੱਗੇਗਾ।

error: Content is protected !!