ਅੰਮ੍ਰਿਤਪਾਲ ਸਿੰਘ ਨੇ ਸੋਸ਼ਲ ਮੀਡੀਆ ਉਤੇ ਜਾਰੀ ਕੀਤੀ ਵੀਡੀਓ, 18 ਮਾਰਚ ਨੂੰ ਕੀ-ਕੀ ਵਾਪਰਿਆ ਬਾਰੇ ਕੀਤੇ ਖੁਲਾਸੇ, ਜਥੇਦਾਰ ਸਾਹਿਬ ਨੂੰ ਕੀਤੀ ਅਪੀਲ

ਅੰਮ੍ਰਿਤਪਾਲ ਸਿੰਘ ਨੇ ਸੋਸ਼ਲ ਮੀਡੀਆ ਉਤੇ ਜਾਰੀ ਕੀਤੀ ਵੀਡੀਓ, 18 ਮਾਰਚ ਨੂੰ ਕੀ-ਕੀ ਵਾਪਰਿਆ ਬਾਰੇ ਕੀਤੇ ਖੁਲਾਸੇ, ਜਥੇਦਾਰ ਸਾਹਿਬ ਨੂੰ ਕੀਤੀ ਅਪੀਲ


ਵੀਓਪੀ ਬਿਊਰੋ, ਜਲੰਧਰ- 18 ਮਾਰਚ ਤੋਂ ਬਾਅਦ ਫਰਾਰ ਚੱਲ ਰਹੇ ਖਾਲਿਸਤਾਨੀ ਸਮਰਥਕ ਅੰਮ੍ਰਿਤਪਾਲ ਸਿੰਘ ਵੱਲੋਂ ਪਹਿਲੀ ਵਾਰ ਵੀਡੀਓ ਸੋਸ਼ਲ ਮੀਡੀਆ ਉਤੇ ਜਾਰੀ ਕੀਤੀ ਗਈ ਹੈ। ਵੀਡੀਓ ਵਿਚ ਅੰਮ੍ਰਿਤਪਾਲ ਸਿੰਘ ਨੇ 18 ਮਾਰਚ ਨੂੰ ਕੀ ਕੀ ਵਾਪਰਿਆ ਇਸ ਬਾਰੇ ਖੁਲਾਸਾ ਕੀਤਾ ਹੈ। ਇਸ ਤੋਂ ਇਲਾਵਾ ਉਨ੍ਹਾਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਤੇ ਦੇਸ਼ ਵਿਦੇਸ਼ਾਂ ਵਿਚ ਵੱਸਦੀ ਸਿੱਖ ਸੰਗਤ ਨੂੰ ਅਪੀਲ ਕੀਤੀ।


ਸੋਸ਼ਲ ਮੀਡੀਆ ਉਤੇ ਜਾਰੀ ਕੀਤੀ ਗਈ ਵੀਡੀਓ ਵਿਚ ਅੰਮ੍ਰਿਤਪਾਲ ਸਿੰਘ ਨੇ ਕਿਹਾ,’18 ਮਾਰਚ ਦੇ ਦਿਨ ਸਰਕਾਰ ਨੇ ਭਾਰੀ ਪੁਲਿਸ ਫੋਰਸ ਨੂੰ ਉਨ੍ਹਾਂ ਨੂੰ ਤੇ ਉਨ੍ਹਾਂ ਦੇ ਸਾਥੀਆਂ ਨੂੰ ਗ੍ਰਿਫਤਾਰ ਕਰਨ ਲਈ ਲਾ ਦਿੱਤੀ। ਵਾਹਿਗੁਰੂ ਨੇ ਕਿਰਪਾ ਕਰ ਕੇ ਸਾਨੂੰ ਉਥੋਂ ਬਚਾਇਆ। ਕੁਝ ਦੇਰ ਤਕ ਤਾਂ ਖਬਰਾਂ ਰਾਹੀਂ ਜਾਣਕਾਰੀ ਮਿਲਦੀ ਰਹੀ ਕਿ ਪੰਜਾਬ ਵਿਚ ਕੀ ਵਾਪਰ ਰਿਹਾ ਹੈ। ਪਰ ਫਿਰ ਇੰਟਰਨੈਟ ਬੰਦ ਹੋਣ ਕਾਰਨ ਕਿਸੇ ਨਾਲ ਵੀ ਰਾਬਤਾ ਨਹੀਂ ਬਣ ਸਕਿਆ। ਉਨ੍ਹਾਂ ਦੀ ਕੋਸ਼ਿਸ਼ ਸੀ ਕਿ ਉਹ ਜਲਦ ਮਾਲਵੇ ਪਹੁੰਚਣ ਤਾਂ ਜੋ ਉਥੇ ਖਾਲਸਾ ਵਹੀਰ ਸ਼ੁਰੂ ਕੀਤੀ ਜਾ ਸਕੇ।’ ਉਨ੍ਹਾਂ ਕਿਹਾ, ‘ਪੰਜਾਬ ਦੇ ਹਾਲਾਤ ਵੇਖ ਕੇ ਪਤਾ ਚਲਦਾ ਹੈ ਕਿ ਸਰਕਾਰ ਨੇ ਜ਼ੁਲਮ ਦੀ ਹੱਦ ਟੱਪੀ ਹੈ। ਸਿੱਖ ਨੌਜਵਾਨਾਂ ਦੀਆਂ ਗ੍ਰਿਫ਼ਤਾਰੀਆਂ ਹੋਈਆਂ। ਔਰਤਾਂ ਬੱਚਿਆਂ ਤੇ ਅਪਾਹਿਜਾਂ ਨੂੰ ਵੀ ਨਾ ਬਖਸ਼ ਕੇ ਜੇਲ੍ਹੀਂ ਸੁਟਿਆ ਗਿਆ ਹੈ। ਇਹ ਉਹੀ ਕੰਮ ਹੋਇਆ ਜੋ ਬੇਅੰਤ ਸਿੰਘ ਦੀ ਸਰਕਾਰ ਨੇ ਪੰਜਾਬ ਦੇ ਸਿੱਖਾਂ ਨਾਲ ਕੀਤਾ ਸੀ। ਸਾਡੇ ਨਾਲ ਹੋ ਰਹੇ ਜ਼ੁਲਮ ਖਿ਼ਲਾਫ਼ ਖੜ੍ਹੇ ਹੋਣ ਦੀ ਜ਼ਰੂਰਤ ਹੈ। ਇਹ ਇਕੱਲੀ ਮੇਰੀ ਗ੍ਰਿਫ਼ਤਾਰੀ ਦਾ ਮਸਲਾ ਨਹੀਂ, ਸਿੱਖ ਕੌਮ ਉਤੇ ਹਮਲੇ ਦਾ ਹੈ। ਮੈਂ ਨਾ ਗ੍ਰਿਫ਼ਤਾਰੀ ਤੋਂ ਕੱਲ੍ਹ ਡਰਦਾ ਸੀ ਤੇ ਨਾ ਹੁਣ ਡਰਦਾ ਹਾਂ।’ ਉਨ੍ਹਾਂ ਕਿਹਾ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਾਹਿਬ ਦੇ ਅਲਟੀਮੇਟਮ ਨੂੰ ਲੈ ਕੇ ਸਰਕਾਰ ਨੇ ਜੋ ਟਿਚਰ ਕੀਤੀ ਹੈ ਉਹ ਬਹੁਤ ਨੀਵੇਂ ਪੱਧਰ ਦੀ ਹੈ। ਉਨ੍ਹਾਂ ਜਥੇਦਾਰ ਸਾਹਿਬ ਨੂੰ ਅਪੀਲ ਕੀਤੀ ਕਿ ਉਹ ਉਹ ਵਿਸਾਖੀ ਮੌਕੇ ਸਰਬੱਤ ਖ਼ਾਲਸਾ ਬੁਲਾਉਣ। ਉਨ੍ਹਾਂ ਦੇਸ਼ ਵਿਦੇਸ਼ਾਂ ਦੀ ਸੰਗਤ ਨੂੰ ਸਰਬੱਤ ਖ਼ਾਲਸਾ ਵਿਚ ਸ਼ਮੂਲੀਅਤ ਕਰਨ ਦੀ ਅਪੀਲ ਕੀਤੀ।

error: Content is protected !!