ਨਸ਼ਾ ਤਸਕਰ ਨੂੰ ਛਡਣ ਬਦਲੇ ਏਐਸਆਈ ਨੇ ਲਈ 70 ਹਜ਼ਾਰ ਦੀ ਰਿਸ਼ਵਤ, ਦੂਜੀ ਫਾਰ ਫੜਿਆ ਗਿਆ ਤਾਂ ਹੋਇਆ ਖੁਲਾਸਾ

ਨਸ਼ਾ ਤਸਕਰ ਨੂੰ ਛਡਣ ਬਦਲੇ ਏਐਸਆਈ ਨੇ ਲਈ 70 ਹਜ਼ਾਰ ਦੀ ਰਿਸ਼ਵਤ, ਦੂਜੀ ਫਾਰ ਫੜਿਆ ਗਿਆ ਤਾਂ ਹੋਇਆ ਖੁਲਾਸਾ

ਵੀਓਪੀ ਬਿਊਰੋ, ਲੁਧਿਆਣਾ- ਪੰਜਾਬ ਪੁਲਿਸ ਮੁੜ ਵਿਵਾਦਾਂ ਦੇ ਘੇਰੇ ਵਿਚ ਆ ਗਈ ਹੈ। ਖਾਕੀ ਉਤੇ ਇਕ ਵਾਰ ਫਿਰ ਭ੍ਰਿਸ਼ਟਾਚਾਰੀ ਦਾ ਦਾਗ ਲੱਗਾ ਹੈ। ਅਜਿਹਾ ਮਾਮਲਾ ਹੁਣ ਲੁਧਿਆਣਾ ਤੋਂ ਸਾਹਮਣੇ ਆਇਆ ਹੈ, ਜਿਥੇ ਇਕ ਨਸ਼ਾ ਤਸਕਰ ਨੂੰ ਛੱਡਣ ਬਦਲੇ ਏਐਸਆਈ ਵੱਲੋਂ 70 ਹਜ਼ਾਰ ਦੀ ਰਿਸ਼ਵਤ ਲਈ ਗਈ ਹੈ। ਪੁਲਿਸ ਵੱਲੋਂ ਆਪਣੇ ਮੁਲਾਜ਼ਮ ਦੇ ਖਿਲਾਫ ਪਰਚਾ ਦਰਜ ਕਰ ਲਿਆ ਗਿਆ ਹੈ।


ਇਸ ਸਬੰਧੀ ਇੰਸਪੈਕਟਰ ਪ੍ਰਮੋਦ ਕੁਮਾਰ ਨੇ ਦੱਸਿਆ ਕਿ ਉਹ ਚੈਕਿੰਗ ਦੇ ਸਬੰਧ ਵਿਚ ਲੇਬਰ ਚੌਕ ਸ਼ਿਮਲਾਪੁਰੀ ਵਿੱਚ ਮੌਜੂਦ ਸਨ। ਇਸੇ ਦੌਰਾਨ ਮੁਖਬਰ ਖਾਸ ਨੇ ਇਤਲਾਹ ਦਿੱਤੀ ਕਿ ਮੁਲਜ਼ਮ ਅੰਮ੍ਰਿਤਪਾਲ ਸਿੰਘ ਅਤੇ ਪਰਵਿੰਦਰ ਸਿੰਘ ਹੈਰੋਇਨ ਦੀ ਤਸਕਰੀ ਕਰਦੇ ਹਨ ਅਤੇ ਮੋਟਰਸਾਈਕਲ ਉਤੇ ਸਵਾਰ ਹੋ ਕੇ ਹੈਰੋਇਨ ਲੈਣ ਕੇ ਜਲੰਧਰ ਤੋਂ ਲੁਧਿਆਣਾ ਆ ਰਹੇ ਹਨ। ਪੁਲਿਸ ਨੇ ਮੁਲਜ਼ਮਾਂ ਨੂੰ ਨਾਕਾਬੰਦੀ ਦੌਰਾਨ 13 ਗ੍ਰਾਮ ਹੈਰੋਇਨ ਸਮੇਤ ਗ੍ਰਿਫਤਾਰ ਕੀਤਾ। ਪੁਲਿਸ ਨੇ ਮੁਲਜ਼ਮਾਂ ਦੇ ਅਪਰਾਧਿਕ ਪਿਛੋਕੜ ਬਾਰੇ ਜਾਣਕਾਰੀ ਹਾਸਲ ਕਰਨੀ ਸ਼ੁਰੂ ਕੀਤੀ ਤਾਂ ਮੁਖਬਰ ਖਾਸ ਨੇ ਦੱਸਿਆ ਕਿ ਕੁਝ ਦਿਨ ਪਹਿਲਾਂ ਬਸੰਤ ਚੌਕੀ ਦੇ ਇੰਚਾਰਜ ਜਰਨੈਲ ਸਿੰਘ ਨੇ ਮੁਲਜ਼ਮ ਅੰਮ੍ਰਿਤਪਾਲ ਸਿੰਘ ਨੂੰ ਘਰ ਦੇ ਬਾਹਰ ਹੈਰੋਇਨ ਵੇਚਦੇ ਸਮੇਂ ਗ੍ਰਿਫ਼ਤਾਰ ਕੀਤਾ ਸੀ। ਉਸ ਵੇਲੇ ਮੁਲਜ਼ਮ ਕੋਲੋਂ ਇੱਕ ਗ੍ਰਾਮ ਹੈਰੋਇਨ ਬਰਾਮਦ ਹੋਈ ਸੀ।


ਚੌਕੀ ਇੰਚਾਰਜ ਨੇ 1 ਮਾਰਚ ਨੂੰ ਕੁਆਲਿਟੀ ਚੌਕ ਵਿਚ ਮਾਮਲਾ ਨਾ ਦਰਜ ਕਰਨ ਬਦਲੇ ਪਰਵਿੰਦਰ ਸਿੰਘ ਰਾਹੀਂ ਅੰਮ੍ਰਿਤਪਾਲ ਸਿੰਘ ਕੋਲੋਂ 70 ਹਜ਼ਾਰ ਰੁਪਏ ਦੀ ਰਿਸ਼ਵਤ ਲੈ ਲਈ ਸੀ। ਪੁਲਿਸ ਦੇ ਉੱਚ ਅਧਿਕਾਰੀਆਂ ਨੇ ਦੱਸਿਆ ਕਿ ਮਾਮਲੇ ਦਾ ਖੁਲਾਸਾ ਹੁੰਦੇ ਸਾਰ ਹੀ ਏਐਸਆਈ ਦੇ ਖਿਲਾਫ ਤੁਰੰਤ ਕਾਰਵਾਈ ਕੀਤੀ ਗਈ। ਪੁਲਿਸ ਦਾ ਕਹਿਣਾ ਹੈ ਕਿ ਜਲਦੀ ਹੀ ਏਐਸਆਈ ਜਰਨੈਲ ਸਿੰਘ ਨੂੰ ਵੀ ਹਿਰਾਸਤ ਵਿੱਚ ਲੈ ਲਿਆ ਜਾਵੇਗਾ।
ਹੈਰੋਇਨ ਦੇ ਤਸਕਰ ਨੂੰ ਰਿਸ਼ਵਤ ਲੈ ਕੇ ਛੱਡਣ ਦੇ ਦੋਸ਼ਾਂ ਤਹਿਤ ਥਾਣਾ ਸ਼ਿਮਲਾਪੁਰੀ ਦੀ ਪੁਲਿਸ ਨੇ ਚੌਂਕੀ ਬਸੰਤ ਪਾਰਕ ਦੇ ਇੰਚਾਰਜ ਏਐਸਆਈ ਜਰਨੈਲ ਸਿੰਘ ਦੇ ਖਿਲਾਫ ਮੁਕੱਦਮਾ ਦਰਜ ਕੀਤਾ ਹੈ। ਪੁਲਿਸ ਨੇ ਨਸ਼ਾ ਤਸਕਰਾਂ ਕੋਲੋਂ 13 ਗਰਾਮ ਹੈਰੋਇਨ ਦੀ ਬਰਾਮਦ ਕਰਕੇ ਉਨ੍ਹਾਂ ਨੂੰ ਵੀ ਨਾਮਜ਼ਦ ਕੀਤਾ ਹੈ। ਉਸਦੇ ਮੁਤਾਬਕ ਨਾਮਜ਼ਦ ਕੀਤੇ ਗਏ ਮੁਲਜ਼ਮਾਂ ਦੀ ਪਛਾਣ ਏਐਸਆਈ ਜਰਨੈਲ ਸਿੰਘ ,ਗੁਰੂ ਗੋਬਿੰਦ ਸਿੰਘ ਨਗਰ ਦੇ ਵਾਸੀ ਅੰਮ੍ਰਿਤਪਾਲ ਸਿੰਘ ਉਰਫ ਚੀਨੂੰ ਅਤੇ ਪਰਵਿੰਦਰ ਸਿੰਘ ਉਰਫ਼ ਵਿੱਕੀ ਧਵਨ ਵਜੋਂ ਹੋਈ ਹੈ। ਇਸ ਮਾਮਲੇ ਵਿਚ ਪੁਲਿਸ ਨੇ ਅੰਮ੍ਰਿਤਪਾਲ ਸਿੰਘ ਅਤੇ ਪਰਵਿੰਦਰ ਸਿੰਘ ਨੂੰ ਗ੍ਰਿਫਤਾਰ ਕਰ ਲਿਆ ਹੈ ਜਦ ਕਿ ਏਐਸਆਈ ਜਰਨੈਲ ਸਿੰਘ ਦੀ ਤਲਾਸ਼ ਕੀਤੀ ਜਾ ਰਹੀ ਹੈ।

error: Content is protected !!