ਜਥੇਦਾਰ ਹਰਪ੍ਰੀਤ ਸਿੰਘ ਤੇ ਸੀਐਮ ਮਾਨ ਦੀ ਟਵੀਟਰ ਵਾਰ ਵਿਚ ਸੁਖਪਾਲ ਖਹਿਰਾ ਦੀ ਐਂਂਟਰੀ, ਭਗਵੰਤ ਮਾਨ ਉਤੇ ਕਰ ਦਿੱਤੇ ਤਿੱਖੇ ਸ਼ਬਦੀ ਹਮਲੇ
ਵੀਓਪੀ ਬਿਊਰੋ, ਪੰਜਾਬ : ਪੰਜਾਬ ਸਰਕਾਰ ਵੱਲੋਂ ਗ੍ਰਿਫ਼ਤਾਰ ਕੀਤੇ ਗਏ ਸਿੱਖ ਨੌਜਵਾਨਾਂ ਦੇ ਮਾਮਲੇ ਨੂੰ ਲੈ ਕੇ ਸਿਆਸਤ ਜ਼ੋਰਾਂ ਉਤੇ ਹੈ। ਗ੍ਰਿਫ਼ਤਾਰ ਨੌਜਵਾਨਾਂ ਨੂੰ 24 ਘੰਟਿਆਂ ਅੰਦਰ ਰਿਹਾਅ ਕਰਨ ਦੇ ਅਲਟੀਮੇਟਮ ਨੂੰ ਲੈ ਕੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਤੇ ਪੰਜਾਬ ਦੇ ਮੁੱਖ ਮੰਤਰੀ ਮਾਨ ਸਿੰਘ ਵਿਚਾਲੇ ਕਾਫੀ ਗਰਮਾ-ਗਰਮੀ ਹੋਈ। ਦੋਵਾਂ ਵਿਚਾਲੇ ਚੱਲੀ ਟਵਿਟਰ ਵਾਰ ਵਿਚ ਹੁਣ ਭੁਲੱਥ ਤੋਂ ਵਿਧਾਇਕ ਸੁੱਖਪਾਲ ਸਿੰਘ ਖਹਿਰਾ ਵੀ ਕੁੱਦ ਗਏ ਹਨ। ਉਹ ਜਥੇਦਾਰ ਗਿਆਨੀ ਹਰਪ੍ਰੀਤ ਦੀ ਹਮਾਇਤ ਵਿਚ ਆ ਗਏ ਹਨ। ਜਥੇਦਾਰ ਸਾਹਿਬ ਨੂੰ ਮੁੱਖ ਮੰਤਰੀ ਮਾਨ ਵੱਲੋਂ ਅਲਟੀਮੇਟਮ ਦੇ ਜਵਾਬ ਵਿਚ ਕੀਤੇ ਗਏ ਟਵੀਟ ਨੂੰ ਖਹਿਰਾ ਨੇ ਸਿੱਖਾਂ ਦੇ ਸਰਵਉਚ ਅਸਥਾਨ ਦਾ ਨਿਰਾਦਰ ਦੱਸਿਆ। ਇਕ ਹੋਰ ਟਵੀਟ ਵਿਚ ਸੁਖਪਾਲ ਖਹਿਰਾ ਨੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਐਨਐਸਏ ਲਾ ਕੇ ਆਸਾਮ ਵਿਚ ਨਜ਼ਰਬੰਦ ਕੀਤੇ ਗਏ ਨੌਜਵਾਨਾਂ ਉਤੇ ਰਹਿਮ ਕਰਨ ਦੀ ਅਪੀਲ ਕੀਤੀ ਹੈ।
ਟਵੀਟ ਕਰ ਕੇ ਸੁਖਪਾਲ ਸਿੰਘ ਨੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਕਿਹਾ, ‘ਸਿੱਖ ਹੋਣ ਦੇ ਨਾਤੇ ਜਥੇਦਾਰ ਅਕਾਲ ਤਖ਼ਤ ਸਾਹਿਬ ਦਾ ਨਿਰਾਦਰ ਨਾ ਕਰੋ। ਦੁਨੀਆ ਉਤੇ ਰਾਜ ਕਰਨ ਵਾਲੇ ਮਹਾਰਾਜਾ ਰਣਜੀਤ ਸਿੰਘ ਨੇ ਵੀ ਕਦੇ ਸਿੱਖਾਂ ਦੇ ਸਰਵਉਚ ਅਸਥਾਨ ਦੇ ਹੁਕਮਾਂ ਦੀ ਉਲੰਘਣਾ ਨਹੀਂ ਕੀਤੀ ਸੀ। ਤੁਸੀਂ ਉਨ੍ਹਾਂ ਤੋਂ ਉਪਰ ਨਹੀਂ ਹੋ। ਸਾਡੀਆਂ ਸਰਵਉਚ ਸੰਸਥਾਵਾਂ ਦਾ ਸਤਿਕਾਰ ਕਰੋ, ਉਨ੍ਹਾਂ ਦੀ ਆਵਾਜ਼ ਨੂੰ ਦਬਾਓ ਨਾ।’
Mr @BhagwantMann being a sikh yourself don’t disrespect & chide Jathedar Akal Takhat Sahib! You’re not above the sovereign ruler Maharaja Ranjit Singh ji who never disobeyed our highest temporal seat! Learn to respect our institutions don’t gag their voices-Khaira pic.twitter.com/dJ2SP3ycIL
— Sukhpal Singh Khaira (@SukhpalKhaira) March 30, 2023
ਇਸ ਤੋਂ ਪਹਿਲਾਂ ਕੀਤੇ ਟਵੀਟ ਵਿਚ ਸੁਖਪਾਲ ਖਹਿਰਾ ਨੇ ਸੀਐਮ ਮਾਨ ਨੂੰ ਅਪੀਲ ਕੀਤੀ ਕਿ ਸਾਡੇ ਨੌਜਵਾਨਾਂ ਨੂੰ ਅਸਾਮ ਵਿਚ ਨਜ਼ਰਬੰਦ ਕਰਨ ਲਈ ਐਨਐਸਏ ਨਾ ਥੋਪੋ ਕਿਉਂਕਿ ਇਹ ਨਜ਼ਰਬੰਦੀ ਉਨ੍ਹਾਂ ਲਈ ਹੀ ਨਹੀਂ ਉਨ੍ਹਾਂ ਦੇ ਪਰਿਵਾਰਾਂ ਲਈ ਵੀ ਸਜ਼ਾ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਇਸ ਦੁੱਖ ਦਾ ਅਹਿਸਾਸ ਹੈ ਕਿਉਂਕਿ ਉਨ੍ਹਾਂ ਦੇ ਪਿਤਾ ਸਵਰਗਵਾਸੀ ਸ.ਸੁਖਜਿੰਦਰ ਸਿੰਘ ਜੀ ਨੂੰ ਵੀ NSA ਤਹਿਤ ਤਿੰਨ ਵਾਰ ਨਜ਼ਰਬੰਦ ਕੀਤਾ ਗਿਆ ਸੀ।
ਉਨ੍ਹਾਂ ਸੀਐਮ ਮਾਨ ਨੂੰ ਕਿਹਾ ਕਿ ਕੁਝ ਰਹਿਮ ਕਰੋ, ਆਸਾਮ ਵਿੱਚ NSA ਤਹਿਤ ਹਿਰਾਸਤ ਵਿੱਚ ਲਏ ਗਏ ਨੌਜਵਾਨਾਂ ਉਤੇ। ਉਨ੍ਹਾਂ ਦੇ ਪਰਿਵਾਰ ਕਿਵੇਂ ਨੌਜਵਾਨਾਂ ਨੂੰ ਮਿਲ ਸਕਣਗੇ? ਜ਼ਰਾ ਸੋਚੋ, ਪੂਰੀ ਤਰ੍ਹਾਂ ਵੱਖਰੇ ਤਰ੍ਹਾਂ ਦੇ ਭੋਜਨ ਉਤੇ ਉਹ ਕਿਵੇਂ ਜੀਅ ਸਕਣਗੇ? ਉਹ ਕਾਨੂੰਨੀ ਤੌਰ ‘ਤੇ ਆਪਣਾ ਬਚਾਅ ਕਿਵੇਂ ਕਰ ਸਕਣਗੇ? ਇਹ ਸਜ਼ਾ ਹੈ ਨਾ ਕਿ ਰੋਕਥਾਮ ਲਈ ਨਜ਼ਰਬੰਦੀ।