ਰਿਹਾਈ ਤੋਂ ਪਹਿਲਾਂ ਸਿੱਧੂ ਨੂੰ ਦੋ ਝਟਕੇ, ਸਰਕਾਰ ਨੇ Z ਸੁਰੱਖਿਆ Y ਵਿਚ ਬਦਲੀ, ਵੜਿੰਗ ਨੇ ਕਰੀਬੀ ਨੂੰ ਪ੍ਰਧਾਨਗੀ ਦੇ ਅਹੁਦੇ ਤੋਂ ਹਟਾਇਆ

ਰਿਹਾਈ ਤੋਂ ਪਹਿਲਾਂ ਸਿੱਧੂ ਨੂੰ ਦੋ ਝਟਕੇ, ਸਰਕਾਰ ਨੇ Z ਸੁਰੱਖਿਆ Y ਵਿਚ ਬਦਲੀ, ਵੜਿੰਗ ਨੇ ਕਰੀਬੀ ਨੂੰ ਪ੍ਰਧਾਨਗੀ ਦੇ ਅਹੁਦੇ ਤੋਂ ਹਟਾਇਆ


ਵੀਓਪੀ ਬਿਊਰੋ, ਪੰਜਾਬ-ਅੱਜ ਹੋ ਰਹੀ ਕਾਂਗਰਸੀ ਆਗੂ ਨਵਜੋਤ ਸਿੰਘ ਸਿੱਧੂ ਦੀ ਪਟਿਆਲਾ ਜੇਲ੍ਹ ਤੋਂ ਰਿਹਾਈ ਤੋਂ ਪਹਿਲਾਂ ਹੀ ਸਿਆਸਤ ਭੱਖ ਗਈ ਹੈ।ਸਿੱਧੂ ਦੇ ਬਾਹਰ ਆਉਣ ਦੀ ਖਬਰ ਨਾਲ ਸਿਰਫ਼ ਕਾਂਗਰਸੀ ਹੀ ਨਹੀਂ ਵਿਰੋਧੀ ਪਾਰਟੀਆਂ ਵਿਚ ਵੀ ਹਫੜਾ ਦਫੜੀ ਵਾਲਾ ਮਾਹੌਲ ਹੈ। ਸ਼ਾਇਦ ਇਸੇ ਕਾਰਨ ਰਿਹਾਈ ਤੋਂ ਪਹਿਲਾਂ ਹੀ ਸਿੱਧੂ ਨੂੰ ਪਹਿਲਾ ਝਟਕਾ ਦਿੰਦਿਆਂ ਉਨ੍ਹਾਂ ਦੀ ਸਕਿਓਰਿਟੀ ਘਟਾ ਦਿੱਤੀ ਗਈ ਹੈ। ਉਨ੍ਹਾਂ ਦੀ Z ਸਕਿਓਰਿਟੀ ਨੂੰ ਹਟਾ ਦਿੱਤਾ ਗਿਆ ਹੈ ਤੇ ਇਸ ਨੂੰ Y ਵਿਚ ਤਬਦੀਲ ਕਰ ਦਿੱਤਾ ਗਿਆ ਹੈ।


ਉਧਰ, ਇਸ ਰਿਹਾਈ ਤੋਂ ਪਹਿਲਾਂ ਕਾਂਗਰਸੀ ਪਾਰਟੀ ਵਿਚ ਵੀ ਹਲ-ਚਲ ਹੋਈ ਹੈ। ਨਵਜੋਤ ਸਿੰਘ ਸਿੱਧੂ ਨੂੰ ਦੂਜਾ ਝਟਕਾ ਦਿੰਦਿਆਂ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਸਿੱਧੂ ਦੇ ਕਰੀਬੀ ਉਤੇ ਐਕਸ਼ਨ ਲੈ ਲਿਆ ਹੈ। ਅੰਮ੍ਰਿਤਸਰ ਈਸਟ ਵਿਚ ਨਿਊ ਅੰਮ੍ਰਿਤਸਰ ਬਲਾਕ ਪ੍ਰਧਾਨ ਨਵਤੇਜ ਸਿੰਘ ਸੁਲਤਾਨਵਿੰਡ ਨੂੰ ਪ੍ਰਧਾਨਗੀ ਤੋਂ ਹਟਾ ਦਿੱਤਾ ਗਿਆ ਹੈ। ਜਨਰਲ ਸਕੱਤਰ ਕੈਪਟਨ ਸੰਦੀਪ ਸਿੰਘ ਸੰਧੂ ਵੱਲੋਂ ਭੇਜੀ ਚਿੱਠੀ ਵਿਚ ਲਿਖਿਆ ਹੈ ਕਿ ਪ੍ਰਧਾਨ ਰਾਜਾ ਵੜਿੰਗ ਦੇ ਨਿਰਦੇਸ਼ਾਂ ਉਤੇ ਇਹ ਕਦਮ ਚੁੱਕਿਆ ਗਿਆ ਹੈ। ਨਵਤੇਜ ਸੁਲਤਾਨਵਿੰਡ ਪਾਰਟੀ ਦੇ ਆਯੋਜਿਤ ਪ੍ਰੋਗਰਾਮਾਂ ਵਿਚ ਗੈਰ-ਹਾਜ਼ਰ ਰਹਿ ਰਹੇ ਸਨ।

ਦੱਸ ਦੇਈਏ ਕਿ ਸਿੱਧੂ ਇਸ ਸਾਲ ਦੀ ਹੋਈ ਸਜ਼ਾ ਕੱਟ ਕੇ ਪਟਿਆਲਾ ਸੈਂਟਰਲ ਜੇਲ੍ਹ ਤੋਂ ਅੱਜ ਬਾਹਰ ਆਉਣਗੇ। ਉਨ੍ਹਾਂ ਨੇ ਪਟਿਆਲਾ ਵਿਚ ਹੋਏ ਰੋਡਰੇਜ ਕੇਸ ਵਿਚ ਇਕ ਸਾਲ ਦੀ ਕੈਦ ਕੱਟੀ। ਸਜ਼ਾ ਦੌਰਾਨ ਕੋਈ ਛੁੱਟੀ ਨਾ ਲੈਣ ਦਾ ਨਵਜੋਤ ਸਿੰਘ ਸਿਧੂ ਨੂੰ ਇਹ ਫਾਇਦਾ ਮਿਲ ਰਿਹਾ ਹੈ ਅਤੇ ਉਹ 19 ਮਈ ਤੋਂ 48 ਦਿਨ ਪਹਿਲਾਂ ਹੀ ਰਿਹਾਅ ਹੋ ਰਹੇ ਹਨ। ਸਿੱਧੂ ਦੇ ਟਵਿੱਟਰ ਪੇਜ ‘ਤੇ ਇਸ ਦੀ ਜਾਣਕਾਰੀ ਦਿੱਤੀ ਗਈ।

error: Content is protected !!