ਪ੍ਰੇਮ ਸਬੰਧਾਂ ਦੀ ਅੱਗ ਨਿਗਲ ਗਈ 23 ਸਾਲਾ ਨੌਜਵਾਨ, ਲੜਕੀ ਦੇ ਪਿਤਾ ਨੇ ਅਗਵਾ ਕਰ ਕੇ ਮੋਟਰ ਉਤੇ ਲਿਜਾ ਕੀਤਾ ਉਤਾਰਿਆ ਮੌਤ ਦੇ ਘਾਟ

ਪ੍ਰੇਮ ਸਬੰਧਾਂ ਦੀ ਅੱਗ ਨਿਗਲ ਗਈ 23 ਸਾਲਾ ਨੌਜਵਾਨ, ਲੜਕੀ ਦੇ ਪਿਤਾ ਨੇ ਅਗਵਾ ਕਰ ਕੇ ਮੋਟਰ ਉਤੇ ਲਿਜਾ ਕੀਤਾ ਉਤਾਰਿਆ ਮੌਤ ਦੇ ਘਾਟ


ਵੀਓਪੀ ਬਿਊਰੋ ਤਰਨਤਾਰਨ-ਕੁੜੀ ਨੂੰ ਪਿਆਰ ਕਰਨ ਦੀ ਕੀਮਤ ਨੌਜਵਾਨ ਨੂੰ ਜਾਨ ਦੇ ਕੇ ਚੁਕਾਉਣੀ ਪਈ। ਮਾਮਲਾ ਜ਼ਿਲ੍ਹਾ ਤਰਨਤਾਰਨ ਦਾ ਹੈ ਜਿਥੇ ਪ੍ਰੇਮ ਸਬੰਧਾਂ ਕਾਰਨ 23 ਸਾਲਾ ਨੌਜਵਾਨ ਦਾ ਕਤਲ ਕਰ ਦਿੱਤਾ ਗਿਆ ਹੈ।ਮ੍ਰਿਤਕ ਨੌਜਵਾਨ ਦੀ ਪਛਾਣ ਪਿੰਡ ਕੋਟਲੀ ਵਾਸੀ ਰਣਜੀਤ ਸਿੰਘ ਵਜੋਂ ਹੋਈ ਹੈ। ਬੀਤੀ ਰਾਤ ਕੁਝ ਵਿਅਕਤੀਆਂ ਨੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ।


ਮ੍ਰਿਤਕ ਨੌਜਵਾਨ ਰਣਜੀਤ ਸਿੰਘ ਦੇ ਰਿਸ਼ਤੇਦਾਰ ਗੁਰਪ੍ਰੀਤ ਸਿੰਘ ਨੇ ਦੋਸ਼ ਲਾਇਆ ਕਿ ਰਣਜੀਤ ਸਿੰਘ ਦੇ ਇਕ ਲੜਕੀ ਨਾਲ ਪ੍ਰੇਮ ਸਬੰਧ ਸਨ। ਜਿਸ ਦੇ ਚਲਦੇ ਲੜਕੀ ਦਾ ਪਿਤਾ ਕਾਫੀ ਦੇਰ ਤੋਂ ਰਣਜੀਤ ਸਿੰਘ ਨੂੰ ਮਾਰਨ ਲਈ ਆਉਂਦਾ ਰਹਿੰਦਾ ਸੀ ਅਤੇ ਇੱਕ ਵਾਰ ਰਸਤੇ ਵਿੱਚ ਉਸ ਨੂੰ ਘੇਰ ਲਿਆ, ਜਿਸ ਤੋਂ ਬਾਅਦ ਅਸੀਂ ਪਿੰਡ ਦੇ ਲੋਕਾਂ ਨੂੰ ਨਾਲ ਲੈ ਕੇ ਉਸ ਨੂੰ ਬਚਾਇਆ।


ਉਨ੍ਹਾਂ ਦੱਸਿਆ ਕਿ ਇਸ ਵਾਰ ਲੜਕੀ ਦੇ ਪਿਤਾ ਅਤੇ ਉਸ ਦੇ ਕੁਝ ਸਾਥੀਆਂ ਨੇ ਮਿਲ ਕੇ ਰਣਜੀਤ ਸਿੰਘ ਨੂੰ ਅਗ਼ਵਾ ਕਰ ਲਿਆ ਅਤੇ ਉਸ ਦਾ ਬੇਰਹਿਮੀ ਨਾਲ ਕਤਲ ਕਰਨ ਤੋਂ ਬਾਅਦ ਉਸ ਨੂੰ ਪਿੰਡ ਵਿਚ ਹੀ ਮੋਟਰ ‘ਤੇ ਛੱਡ ਦਿੱਤਾ।
ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਇਸ ਸਾਰੇ ਮਾਮਲੇ ਸਬੰਧੀ ਉਨ੍ਹਾਂ ਵੱਲੋਂ ਪੁਲਿਸ ਥਾਣਾ ਵਲਟੋਹਾ ਪੁਲਿਸ ਨੂੰ ਜਾਣੂ ਕਰਵਾਇਆ ਗਿਆ ਹੈ ਜਦਕਿ ਮੌਕੇ ‘ਤੇ ਪਹੁੰਚੇ ਪੁਲਿਸ ਥਾਣਾ ਵਲਟੋਹਾ ਦੇ ਐਸ.ਆਈ. ਬਲਵਿੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੇ ਲਾਸ਼ ਨੂੰ ਕਬਜ਼ੇ ‘ਚ ਲੈ ਕੇ ਸਿਵਲ ਹਸਪਤਾਲ ਪੱਟੀ ਵਿਖੇ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਦੇ ਬਿਆਨਾਂ ‘ਤੇ ਮੁਲਜ਼ਮਾਂ ਖ਼ਿਲਾਫ਼ ਮਾਮਲਾ ਦਰਜ ਕਰ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਜਲਦ ਹੀ ਮੁਲਜ਼ਮਾਂ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ।

error: Content is protected !!