ਬੈਂਕਾਂ ਵਿਚ ਮੁਲਾਜ਼ਮ ਬਣ ਵਿਚਰ ਰਹੇ ਲੁਟੇਰੇ, ਬਜ਼ੁਰਗ ਦੇ ਚਾਰ ਲੱਖ ਲੈ ਕੇ ਇਕ ਹੋਇਆ ਫ਼ਰਾਰ, ਜਾਣੋ ਕਿਵੇਂ ਕੀਤੀ ਠੱਗੀ, ਕਿਤੇ ਹੋ ਨਾ ਜਾਓ ਸ਼ਿਕਾਰ

ਬੈਂਕਾਂ ਵਿਚ ਮੁਲਾਜ਼ਮ ਬਣ ਵਿਚਰ ਰਹੇ ਲੁਟੇਰੇ, ਬਜ਼ੁਰਗ ਦੇ ਚਾਰ ਲੱਖ ਲੈ ਕੇ ਇਕ ਹੋਇਆ ਫ਼ਰਾਰ, ਜਾਣੋ ਕਿਵੇਂ ਕੀਤੀ ਠੱਗੀ, ਕਿਤੇ ਹੋ ਨਾ ਜਾਓ ਸ਼ਿਕਾਰ


ਵੀਓਪੀ ਬਿਊਰੋ, ਜਲੰਧਰ-ਲੁਟੇਰਿਆਂ ਦੇ ਹੌਸਲੇ ਇੰਨੇ ਬੁਲੰਦ ਹੋ ਚੁਕੇ ਹਨ ਕਿ ਹੁਣ ਬੈਂਕਾਂ ਵਿਚ ਹੀ ਡੇਰਾ ਲਾ ਲਿਆ ਹੈ। ਬੈਂਕਾਂ ਬ੍ਰਾਂਚਾਂ ਵਿਚ ਬੈਂਕ ਮੁਲਾਜ਼ਮ ਬਣ ਕੇ ਵਿਚਰ ਰਹੇ ਹਨ। ਅਜਿਹਾ ਹੀ ਮਾਮਲਾ ਸਿਵਲ ਲਾਈਨ ‘ਚ ਇੰਡੀਅਨ ਬੈਂਕ ਦੀ ਬ੍ਰਾਂਚ ਤੋਂ ਸਾਹਮਣੇ ਆਇਆ ਹੈ। ਇਥੋਂ ਲੁਟੇਰੇ ਨੇ ਕੈਸ਼ ਜਮ੍ਹਾ ਕਰਵਾਉਣ ਆਏ ਇਕ ਬਜ਼ੁਰਗ ਵਿਅਕਤੀ ਤੋਂ 4 ਲੱਖ ਰੁਪਏ ਲੁੱਟ ਲਏ। ਲੁਟੇਰਾ ਬੈਂਕ ਦਾ ਮੁਲਾਜ਼ਮ ਦੱਸ ਕੇ ਬਜ਼ੁਰਗ ਕੋਲ ਆਇਆ ਅਤੇ ਉਸ ਦੇ ਭਰੇ ਵਾਊਚਰ ਵਿੱਚ ਗਲਤੀ ਦੱਸੀ। ਪੈਸੇ ਜਮ੍ਹਾ ਕਰਵਾਉਣ ਦਾ ਕਹਿ ਕੇ ਉਹ ਨਕਦੀ ਲੈ ਕੇ ਫ਼ਰਾਰ ਹੋ ਗਿਆ। ਲੁੱਟ ਦੀ ਸਾਰੀ ਘਟਨਾ ਬੈਂਕ ਵਿੱਚ ਲੱਗੇ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ।


ਜਾਣਕਾਰੀ ਮੁਤਾਬਕ ਫਗਵਾੜਾ ਗੇਟ ਸਥਿਤ ਰਾਜਨ ਇਲੈਕਟ੍ਰੀਕਲ ਦਾ ਮਾਲਕ 80 ਸਾਲਾ ਵਿਜੇ ਚੋਪੜਾ ਰੋਜ਼ਾਨਾ ਦੀ ਤਰ੍ਹਾਂ ਸਿਵਲ ਲਾਈਨ ਸਥਿਤ ਇੰਡੀਅਨ ਬੈਂਕ ਦੀ ਸ਼ਾਖਾ ‘ਚ ਨਕਦੀ ਜਮ੍ਹਾ ਕਰਵਾਉਣ ਗਿਆ ਸੀ। ਬੈਂਕ ਵਿੱਚ ਪਹਿਲਾਂ ਤੋਂ ਹੀ ਬੈਠੇ ਇੱਕ ਲੁਟੇਰੇ ਨੇ ਆਪਣੇ ਆਪ ਨੂੰ ਬੈਂਕ ਮੁਲਾਜ਼ਮ ਵਿਖਾਉਂਦੇ ਹੋਏ ਬਜ਼ੁਰਗ ਵਿਜੇ ਚੋਪੜਾ ਨੂੰ ਕਿਹਾ ਕਿ ਤੁਸੀਂ ਵਾਊਚਰ ਸਹੀ ਢੰਗ ਨਾਲ ਨਹੀਂ ਭਰਿਆ। ਬਜੁਰਗ ਨੂੰ ਕਿਹਾ ਕਿ ਕੈਸ਼ ਦੇ ਦਿਓ, ਉਹ ਕਾਊਂਟਰ ‘ਤੇ ਜਮ੍ਹਾ ਕਰਵਾ ਦੇਵੇਗਾ। ਇਸ ਤੋਂ ਬਾਅਦ ਲੁਟੇਰਾ ਕਾਊਂਟਰ ‘ਤੇ ਜਾਣ ਦੀ ਬਜਾਏ ਸਿੱਧਾ ਬੈਂਕ ਦਾ ਦਰਵਾਜ਼ਾ ਖੋਲ੍ਹ ਕੇ ਫਰਾਰ ਹੋ ਗਿਆ। ਜਦੋਂ ਤੱਕ ਬਜ਼ੁਰਗ ਵਿਜੇ ਚੋਪੜਾ ਨੇ ਰੌਲਾ ਪਾਇਆ, ਉਦੋਂ ਤੱਕ ਲੁਟੇਰਾ ਭੱਜ ਚੁੱਕਾ ਸੀ। ਪੀੜਤ ਨੇ ਦੱਸਿਆ ਕਿ ਨਕਦੀ ਵਿੱਚ 100, 500 ਅਤੇ 2 ਹਜ਼ਾਰ ਰੁਪਏ ਦੇ ਨੋਟ ਸਨ।


ਰਾਜਨ ਇਲੈਕਟ੍ਰਿਕ ਦੇ ਮਾਲਕ ਸੇਠ ਹੁਕਮ ਚੰਦ ਕਲੋਨੀ ਦੇ ਵਸਨੀਕ ਵਿਜੇ ਚੋਪੜਾ ਨੇ ਦੱਸਿਆ ਕਿ ਉਹ ਉਸ ਨੂੰ ਲੁੱਟਣ ਵਾਲੇ ਵਿਅਕਤੀ ਨੂੰ ਪਹਿਲਾਂ ਕਦੇ ਨਹੀਂ ਮਿਲਿਆ। ਉਹ ਉਸ ਕੋਲ ਨਵਾਂ ਵਾਊਚਰ ਲੈ ਕੇ ਆਇਆ ਅਤੇ ਕਿਹਾ ਕਿ ਤੁਹਾਡੇ ਵਾਊਚਰ ਵਿੱਚ ਗਲਤੀ ਹੈ। ਨਵਾਂ ਵਾਊਚਰ ਭਰਨ ਤੋਂ ਬਾਅਦ ਲੁਟੇਰੇ ਨੇ ਕਿਹਾ ਕਿ ਪੈਸੇ ਦੇ ਦਿਓ, ਮੈਂ ਕੈਸ਼ ਕਾਊਂਟਰ ‘ਤੇ ਜਮ੍ਹਾ ਕਰਵਾ ਦੇਵਾਂਗਾ। ਵਿਜੇ ਚੋਪੜਾ ਨੇ ਦੱਸਿਆ ਕਿ ਲੁਟੇਰੇ ਨੇ ਆਪਣੇ ਆਪ ਨੂੰ ਬੈਂਕ ਕਰਮਚਾਰੀ ਦੱਸਿਆ ਸੀ ਇਸ ਲਈ ਉਸ ਨੇ ਭਰੋਸਾ ਕਰਕੇ ਨਕਦੀ ਦੇ ਦਿੱਤੀ। ਇਸ ਤੋਂ ਬਾਅਦ ਉਹ ਨਕਦੀ ਲੈ ਕੇ ਫਰਾਰ ਹੋ ਗਿਆ। ਉਨ੍ਹਾਂ ਕਿਹਾ ਕਿ ਉਹ ਪਿਛਲੇ 40 ਸਾਲਾਂ ਤੋਂ ਬੈਂਕ ਆ ਰਿਹਾ ਹਾਂ। ਬੈਂਕ ਵਿੱਚ ਉਸ ਨਾਲ ਅਜਿਹੀ ਘਟਨਾ ਪਹਿਲੀ ਵਾਰ ਵਾਪਰੀ ਹੈ।
ਬੈਂਕ ‘ਚ ਗਾਹਕ ਤੋਂ ਲੁੱਟ ਦੀ ਸੂਚਨਾ ਮਿਲਦੇ ਹੀ ਪੁਲਿਸ ਤੁਰੰਤ ਮੌਕੇ ‘ਤੇ ਪਹੁੰਚ ਗਈ। ਪੁਲਿਸ ਨੇ ਬੈਂਕ ਵਿੱਚ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਆਪਣੇ ਕਬਜ਼ੇ ਵਿੱਚ ਲੈ ਲਈ ਹੈ। ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਸੀਸੀਟੀਵੀ ਵਿੱਚ ਲੁਟੇਰੇ ਦਾ ਚਿਹਰਾ ਸਾਫ਼ ਨਜ਼ਰ ਆ ਰਿਹਾ ਹੈ। ਇਸ ਦੇ ਨਾਲ ਹੀ ਬੈਂਕ ਅਧਿਕਾਰੀਆਂ ਦਾ ਕਹਿਣਾ ਹੈ ਕਿ ਲੁੱਟ ਕਰਨ ਵਾਲੇ ਵਿਅਕਤੀ ਨੂੰ ਪਹਿਲਾਂ ਕਦੇ ਬੈਂਕ ਵਿੱਚ ਨਹੀਂ ਦੇਖਿਆ ਗਿਆ। ਉਸ ਨੂੰ ਜਲਦ ਕਾਬੂ ਕਰ ਕੇ ਰਿਕਵਰੀ ਕਰ ਲਈ ਜਾਵੇਗੀ। ਉਧਰ, ਪੁਲਿਸ ਨੇ ਸਹਿਰ ਵਾਸੀਆਂ ਨੂੰ ਅਪੀਲ ਕੀਤੀ ਹੈ ਕਿ ਉਹ ਚੌਕਸ ਰਹਿਣ। ਅਜਿਹੇ ਠੱਗਾਂ ਤੋਂ ਸਾਵਧਾਨ ਰਹੋ। ਕਿਸੇ ਅਣਪਛਾਤੇ ਨੂੰ ਕੈਸ਼ ਨਾ ਦਿਓ।

error: Content is protected !!