ਕਿਸਾਨਾਂ ਨੂੰ ਵੱਡੀ ਰਾਹਤ, ਮੰਡੀਆਂ ਵਿਚ ਆਈ ਬਦਰੰਗ ਦਾਣੇ ਵਾਲੀ ਫ਼ਸਲ ਵੀ ਖਰੀਦੇਗੀ ਪੰਜਾਬ ਸਰਕਾਰ, ਕੇਂਦਰ ਸਰਕਾਰ ਵੱਲੋਂ ਹੁਕਮ ਜਾਰੀ

ਕਿਸਾਨਾਂ ਨੂੰ ਵੱਡੀ ਰਾਹਤ, ਮੰਡੀਆਂ ਵਿਚ ਆਈ ਬਦਰੰਗ ਦਾਣੇ ਵਾਲੀ ਫ਼ਸਲ ਵੀ ਖਰੀਦੇਗੀ ਪੰਜਾਬ ਸਰਕਾਰ, ਕੇਂਦਰ ਸਰਕਾਰ ਵੱਲੋਂ ਹੁਕਮ ਜਾਰੀ


ਵੀਓਪੀ ਬਿਊਰੋ, ਨੈਸ਼ਨਲ – ਕਿਸਾਨਾਂ ਨੂੰ ਵੱਡੀ ਰਾਹਤ ਦਿੰਦਿਆਂ ਕੇਂਦਰੀ ਖਪਤਕਾਰ ਮਾਮਲਾ, ਖੁਰਾਕ ਤੇ ਜਨਤਕ ਵੰਡ ਮਾਮਲੇ ਮੰਤਰਾਲੇ ਨੇ ਪੰਜਾਬ ਸਰਕਾਰ ਨੂੰ ਪੱਤਰ ਲਿਖਿਆ ਹੈ ਕਿ ਉਹ ਮੰਡੀਆਂ ਵਿਚ ਆਉਣ ਵਾਲੀ ਸਾਰੀ ਕਣਕ ਖਰੀਦੇਗੀ। ਮੰਤਰਾਲੇ ਨੇ ਕਿਹਾ ਹੈ ਕਿ ਦਾਣਾ ਬਦਰੰਗ ਹੋਣ ਦੇ ਮਾਮਲੇ ਵਿਚ 5.31 ਰੁਪਏ ਤੋਂ 31.87 ਰੁਪਏ ਪ੍ਰਤੀ ਕੁਇੰਟਲ ਦਾ ਕੱਟ ਲਗਾਇਆ ਜਾਵੇਗਾ। ਪੰਜਾਬ ਸਰਕਾਰ ਨੇ ਕੇਂਦਰ ਨੂੰ ਬੇਨਤੀ ਕੀਤੀ ਸੀ ਕਿ ਕੋਈ ਕੱਟ ਨਾ ਲਗਾਇਆ ਜਾਵੇ।

ਪੰਜਾਬ ਵਿਚ 14.57 ਲੱਖ ਹੈਕਟੇਅਰ ਰਕਬੇ ਵਿਚ ਖੜ੍ਹੀ ਫਸਲ ਪ੍ਰਭਾਵਿਤ ਹੋਈ ਹੈ। ਲੰਘੀ ਰਾਤ ਤੱਕ ਮੰਡੀਆਂ ਵਿਚ 81519 ਕੁਇੰਟਲ ਕਣਕ ਆਈ ਸੀ ਪਰ ਸਿਰਫ 18 ਫੀਸਦੀ ਦੀ ਹੀ ਖਰੀਦ ਹੋ ਸਕਦੀ ਸੀ ਕਿਉਂਕਿ ਲੰਘੀ ਰਾਤ ਤੱਕ ਸ਼ਰਤਾਂ ਵਿਚ ਛੋਟ ਨਹੀਂ ਦਿੱਤੀ ਗਈ ਸੀ।
ਹੁਣ ਭਾਰਤ ਸਰਕਾਰ ਨੇ ਕਿਹਾ ਹੈ ਕਿ ਕਣਕ ਦੇ 10 ਫੀਸਦੀ ਤੱਕ ਬਦਰੰਗ ਦਾਣੇ ਲਈ ਐਮ ਐਸ ਪੀ ’ਤੇ ਕੋਈ ਕੱਟ ਨਹੀਂ ਲਾਇਆ ਜਾਵੇਗਾ। 10 ਤੋਂ 80 ਫੀਸਦੀ ਬਦਰੰਗ ਦਾਣੇ ’ਤੇ 5.31 ਰੁਪੲ ਪ੍ਰਤੀ ਕੁਇੰਟਲ ਕੱਟ ਲੱਗੇਗਾ। ਰਿਪੋਰਟਾਂ ਮੁਤਾਬਕ ਪੰਜਾਬ ਵਿਚ ਦਾਣਾ 35 ਤੋਂ 80 ਫੀਸਦੀ ਬਦਰੰਗ ਹੋਇਆ ਹੈ।


ਇਸੇ ਤਰੀਕੇ ਦਾਣੇ ਦੇ 6 ਫੀਸਦੀ ਤੱਕ ਹੋਏ ਨੁਕਸਾਨ ਲਈ ਕੋਈ ਕੱਟ ਨਹੀਂ ਲੱਗੇਗਾ ਪਰ ਜੇਕਰ ਦਾਣਾ 6 ਤੋਂ 8 ਫੀਸਦੀ ਸੁੰਗੜਿਆ ਜਾਂ ਟੁੱਟਿਆ ਹੈ ਤਾਂ ਫਿਰ 5.31 ਰੁਪਏ ਪ੍ਰਤੀ ਕੁਇੰਟਲ ਕੱਟ ਲੱਗੇਗਾ। 8 ਤੋਂ 10 ਫੀਸਦੀ ਵਾਸਤੇ 10.62 ਰੁਪਏ, 15 ਤੋਂ 16 ਫੀਸਦੀ ਲਈ 26.66 ਰੁਪਏ ਅਤੇ 16 ਤੋਂ 18 ਫੀਸਦੀ ਦਾਣਾ ਟੁੱਟਾ ਜਾਂ ਸੁੰਗੜਿਆ ਹੋਣ ’ਤੇ 31.87 ਫੀਸਦੀ ਕੱਟ ਲੱਗੇਗਾ। ਰਿਪੋਰਟਾਂ ਮੁਤਾਬਕ ਪੰਜਾਬ ਵਿਚ ਦਾਣਾ 15 ਤੋਂ 18 ਫੀਸਦੀ ਨੁਕਸਾਨਿਆ ਗਿਆ ਹੈ।

error: Content is protected !!