ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਸਾਹਿਬ ਵੱਲੋਂ ਪੰਜਾਬ ਪੁਲਿਸ ਨੂੰ ਤਾੜਨਾ, ਬੇਵਜ੍ਹਾ ਸੰਗਤ ਨੂੰ ਨਾ ਕੀਤਾ ਜਾਵੇ ਪਰੇਸ਼ਾਨ

ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਸਾਹਿਬ ਵੱਲੋਂ ਪੰਜਾਬ ਪੁਲਿਸ ਨੂੰ ਤਾੜਨਾ, ਬੇਵਜ੍ਹਾ ਸੰਗਤ ਨੂੰ ਨਾ ਕੀਤਾ ਜਾਵੇ ਪਰੇਸ਼ਾਨ


ਵੀਓਪੀ ਬਿਊਰੋ, ਸ੍ਰੀ ਅਨੰਦਪੁਰ ਸਾਹਿਬ : ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਰਘਬੀਰ ਸਿੰਘ ਨੇ ਪੰਜਾਬ ਪੁਲਿਸ ਨੂੰ ਸਖ਼ਤ ਤਾੜਨਾ ਕੀਤੀ ਹੈ ਕਿ ਖ਼ਾਲਸਾ ਸਾਜਨਾ ਦਿਵਸ ਮੌਕੇ ਗੁਰੂ ਨਗਰੀ ਸ੍ਰੀ ਅਨੰਦਪੁਰ ਸਾਹਿਬ ਵਿਖੇ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਅਤੇ ਹੋਰ ਗੁਰੂ ਘਰਾਂ ਵਿਖੇ ਆਉਣ ਵਾਲੀਆਂ ਸੰਗਤਾਂ ਨੂੰ ਪੁਲਿਸ ਪਰੇਸ਼ਾਨ ਨਾ ਕਰੇ। ਅਸੀਂ ਇਸ ਨੂੰ ਬਿਲਕੁਲ ਬਰਦਾਸ਼ਤ ਨਹੀਂ ਕਰਾਂਗੇ। ਉਨ੍ਹਾਂ ਇਹ ਤਾੜਨਾ ਉਨ੍ਹਾਂ ਪੁਲਿਸ ਮੁਲਾਜ਼ਮਾਂ ਨੂੰ ਕੀਤੀ ਜੋ ਸ੍ਰੀ ਅਨੰਦਪੁਰ ਸਾਹਿਬ ਵਿਖੇ ਆ ਰਹੀਆਂ ਸੰਗਤਾਂ ਨੂੰ ਪਰੇਸ਼ਾਨ ਕਰ ਰਹੇ ਹਨ।

ਇਸ ਸਬੰਧੀ ਸਿੰਘ ਸਾਹਿਬ ਨੇ ਦੱਸਿਆ ਕਿ ਉਨ੍ਹਾਂ ਦੇ ਨੋਟਿਸ ਵਿਚ ਇਹ ਗੱਲ ਆਈ ਸੀ ਕਿ ਪਿੰਡ ਬੱਢਲ ਦੇ ਲਾਗੇ ਲਗਾਏ ਗਏ ਨਾਕੇ ਦੌਰਾਨ ਪੁਲਿਸ ਮੁਲਾਜ਼ਮ ਸਿੱਖ ਨੌਜਵਾਨਾਂ ਦੇ ਮੂੰਹ ਤੋਂ ਰੁਮਾਲਾ ਹਟਾ ਕੇ ਦੇਖਣ ਦੀ ਜ਼ਿੱਦ ਕਰ ਰਹੇ ਹਨ, ਸਕੂਟਰਾਂ ਮੋਟਰਸਾਈਕਲਾਂ, ਗੱਡੀਆਂ ਆਦਿ ਦੀ ਚੈਕਿੰਗ ਦੇ ਨਾਂ ਉਤੇ ਸੰਗਤ ਨੂੰ ਬੇਹੱਦ ਪਰੇਸ਼ਾਨ ਕੀਤਾ ਜਾ ਰਿਹਾ ਹੈ, ਜਿਸ ਨੂੰ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ। ਉਨ੍ਹਾਂ ਕਿਹਾ ਕਿ ਖਾਸ ਕਰ ਦਸਤਾਰਾਂ ਵਾਲੇ ਗੁਰਸਿੱਖਾਂ ਨੂੰ ਜ਼ਿਆਦਾ ਤੰਗ-ਪ੍ਰੇਸ਼ਾਨ ਕਰਨ ਦੀ ਗੱਲ ਸਾਹਮਣੇ ਆਈ ਹੈ। ਸਿੰਘ ਸਾਹਿਬ ਨੇ ਕਿਹਾ ਕਿ ਵਿਸਾਖੀ ਕਰਕੇ ਸੰਗਤਾਂ ਗੁਰੂ ਨਗਰੀ ਵਿਖੇ ਕਾਫਲਿਆਂ ਦੇ ਰੂਪ ਵਿੱਚ ਆ ਰਹੀਆਂ ਹਨ ਪਰ ਅਫਸੋਸ ਪੁਲਿਸ ਅਧਿਕਾਰੀ ਉਨ੍ਹਾਂ ਨੂੰ ਤੰਗ ਪ੍ਰੇਸ਼ਾਨ ਕਰ ਰਹੇ ਹਨ।


ਸਿੰਘ ਸਾਹਿਬ ਨੇ ਕਿਹਾ ਕਿ ਜਿਵੇਂ ਹੀ ਉਨ੍ਹਾਂ ਨੂੰ ਇਸ ਗੱਲ ਦਾ ਪਤਾ ਲੱਗਾ ਤਾਂ ਉਨ੍ਹਾਂ ਪੁਲਿਸ ਅਧਿਕਾਰੀਆਂ ਨੂੰ ਕੋਲ ਬੁਲਾ ਕੇ ਸਖਤੀ ਨਾਲ ਇਹ ਗੱਲ ਕਹੀ ਕਿ ਸੰਗਤਾਂ ਨੂੰ ਕਿਸੇ ਵੀ ਕਿਸਮ ਦੀ ਪ੍ਰੇਸ਼ਾਨੀ ਨਹੀਂ ਹੋਣੀ ਚਾਹੀਦੀ । ਨਹੀਂ ਤਾਂ ਸਾਨੂੰ ਸਖ਼ਤ ਕਦਮ ਚੁੱਕਣ ਲਈ ਮਜਬੂਰ ਹੋਣਾ ਪਵੇਗਾ। ਪੁਲਿਸ ਅਧਿਕਾਰੀਆਂ ਨੇ ਉਨ੍ਹਾਂ ਨੂੰ ਭਰੋਸਾ ਦਿਵਾਇਆ ਹੈ ਕਿ ਅੱਗੇ ਤੋਂ ਕਿਸੇ ਵੀ ਕਿਸਮ ਦੀ ਸ਼ਿਕਾਇਤ ਨਹੀਂ ਆਵੇਗੀ। ਸਿੱਖ ਸੰਗਤ ਨੂੰ ਕੋਈ ਵੀ ਮੁਲਾਜ਼ਮ ਬੇਵਜ੍ਹਾ ਤੰਗ ਨਹੀਂ ਕਰੇਗਾ।

error: Content is protected !!