ਕਰਨ ਔਜਲਾ ਦੀ ਸਿੱਧੂ ਮੂਸੇਵਾਲਾ ਕਤਲ ਕਾਂਡ ਦੇ ਮੁਲਜ਼ਮ ਨਾਲ ਵਾਇਰਲ ਵੀਡੀਓ ਨੇ ਖੜ੍ਹਾ ਕੀਤਾ ਵਿਵਾਦ, ਸਪੱਸ਼ਟੀਕਰਨ ਵਿਚ ਗਾਇਕ ਨੇ ਕਿਹਾ- ਕਿਰਪਾ ਮੈਨੂੰ ਇਸ ਸਭ ਨਾਲ ਨਾ ਜੋੜੋ

ਕਰਨ ਔਜਲਾ ਦੀ ਸਿੱਧੂ ਮੂਸੇਵਾਲਾ ਕਤਲ ਕਾਂਡ ਦੇ ਮੁਲਜ਼ਮ ਨਾਲ ਵਾਇਰਲ ਵੀਡੀਓ ਨੇ ਖੜ੍ਹਾ ਕੀਤਾ ਵਿਵਾਦ, ਸਪੱਸ਼ਟੀਕਰਨ ਵਿਚ ਗਾਇਕ ਨੇ ਕਿਹਾ- ਕਿਰਪਾ ਮੈਨੂੰ ਇਸ ਸਭ ਨਾਲ ਨਾ ਜੋੜੋ


ਵੀਓਪੀ ਬਿਊਰੋ, ਮੋਹਾਲੀ : ਪੰਜਾਬੀ ਗਾਇਕ ਕਰਨ ਔਜਲਾ ਤੇ ਸ਼ੈਰੀ ਮਾਨ ਦੀ ਵਾਇਰਲ ਹੋਈ ਇਕ ਵੀਡੀਓ ਨਾਲ ਵਿਵਾਦਾਂ ਵਿੱਚ ਘਿਰ ਗਏ ਹਨ। ਸੋਸ਼ਲ ਮੀਡੀਆ ‘ਤੇ ਹੋਈ ਇਸ ਵੀਡੀਓ ਵਿੱਚ ਉਹ ਭਗੌੜੇ ਅਨਮੋਲ ਬਿਸ਼ਨੋਈ, ਜੋ ਕਿ ਗੈਂਗਸਟਰ ਲਾਰੇਂਸ ਬਿਸ਼ਨੋਈ ਦਾ ਭਰਾ ਹੈ, ਦੇ ਨਾਲ ਨਜ਼ਰ ਆ ਰਹੇ ਹਨ। ਅਨਮੋਲ ਬਿਸ਼ਨੋਈ ਕਈ ਮਹੀਨਿਆਂ ਤੋਂ ਸੁਰਖੀਆਂ ‘ਚ ਬਣੇ ਸਿੱਧੂ ਮੂਸੇਵਾਲਾ ਕਤਲ ਕੇਸ ‘ਚ ਲੋੜੀਂਦਾ ਹੈ।


ਵੀਡੀਓ, ਜੋ ਕਿ ਬੈਕਰਸਫੀਲਡ, ਕੈਲੀਫ਼ੋਰਨੀਆ ਵਿੱਚ ਇੱਕ ਰਿਸੈਪਸ਼ਨ ਦਾ ਦੱਸਿਆ ਜਾ ਰਿਹਾ ਹੈ, ਕਰਨ ਔਜਲਾ ਅਤੇ ਸ਼ੈਰੀ ਮਾਨ ਪਰਫਾਰਮ ਕਰਦੇ ਨਜ਼ਰ ਆ ਰਹੇ ਹਨ। ਇਸ ਵੀਡੀਓ ਵਿਚ ਉਨ੍ਹਾਂ ਦੇ ਨਾਲ ਅਨਮੋਲ ਬਿਸ਼ਨੋਈ ਨੂੰ ਹੋਰ ਲੋਕਾਂ ਦੇ ਇਕੱਠ ਵਿਚ ਖੜ੍ਹੇ ਦੇਖਿਆ ਜਾ ਸਕਦਾ ਹੈ।
ਇਸ ਵਿਵਾਦ ਤੋਂ ਬਾਅਦ ਹੁਣ ਗਾਇਕ ਕਰਨ ਔਜਲਾ ਅਤੇ ਸ਼ੈਰੀ ਮਾਨ ਨੇ ਇਕ ਬਿਆਨ ਜਾਰੀ ਕਰ ਕੇ ਆਪਣੀ ਸਥਿਤੀ ਸਪੱਸ਼ਟ ਕੀਤੀ ਹੈ। ਕਰਨ ਔਜਲਾ ਨੇ ਸੋਸ਼ਲ ਮੀਡੀਆ ‘ਤੇ ਪੋਸਟ ਸਾਂਝੀ ਕਰਦਿਆਂ ਲਿਖਿਆ, “ਮੈਂ ਨਹੀਂ ਸੋਚਿਆ ਕਿ ਮੈਨੂੰ ਇਸ ਦੀ ਜ਼ਰੂਰਤ ਹੈ ਪਰ ਬਹੁਤ ਸਾਰੀਆਂ ਪੋਸਟਾਂ ਅਤੇ ਸੰਦੇਸ਼ ਦੇਖਣ ਤੋਂ ਬਾਅਦ ਮੈਂ ਦੱਸਣਾ ਚਾਹੁੰਦਾ ਹਾਂ ਕਿ ਇਹ ਵੀਡੀਓ ਐਤਵਾਰ ਨੂੰ ਬੈਕਰਸਫ਼ੀਲਡ, ਕੈਲੀਫ਼ੋਰਨੀਆ ਵਿੱਚ ਇੱਕ ਸਮਾਗਮ ਦੀ ਹੈ, ਜਿਥੇ ਮੈਨੂੰ ਤੇ ਸ਼ੈਰੀ ਮਾਨ ਨੂੰ ਬੁਲਾਇਆ ਗਿਆ ਸੀ। ਇੱਕ ਕਲਾਕਾਰ ਵਜੋਂ ਮੈਂ ਪਰਫਾਰਮ ਕੀਤਾ ਹੈ। ਇਕ ਕਲਾਕਾਰ ਹੋਣ ਦੇ ਨਾਤੇ, ਸਾਨੂੰ ਇਹ ਨਹੀਂ ਹੁੰਦਾ ਕਿ ਸਾਡੇ ਲਈ ਬੁੱਕ ਕੀਤੇ ਗਏ ਵਿਆਹ ਸਮਾਗਮਾਂ ਵਿਚ ਕੌਣ ਹਿੱਸਾ ਲੈ ਰਿਹਾ ਹੈ ਜਾਂ ਕਿਸ ਨੂੰ ਬੁਲਾਇਆ ਗਿਆ ਹੈ। ਇਹੀ ਕਾਰਨ ਹੈ ਕਿ ਜ਼ਿਆਦਾਤਰ ਵਿਆਹ ਸਮਾਗਮ ਆਦਿ ਵਿਚ ਪਰਫਾਰਮ ਕਰਨ ਨੂੰ ਤਰਜੀਹ ਨਹੀਂ ਦਿੰਦਾ ਹਾਂ।”


ਔਜਲਾ ਨੇ ਕਿਹਾ ਕਿ ਉਹ ਅਨਮੋਲ ਬਿਸ਼ਨੋਈ ਦੇ ਪਿਛੋਕੜ ਬਾਰੇ ਉਦੋਂ ਤੱਕ ਨਹੀਂ ਜਾਣਦੇ ਸਨ ਜਦੋਂ ਤੱਕ ਉਨ੍ਹਾਂ ਨੇ ਸੋਸ਼ਲ ਮੀਡੀਆ ‘ਤੇ ਵੀਡੀਓ ਨਹੀਂ ਦੇਖਿਆ। ਉਨ੍ਹਾਂ ਕਿਹਾ, “ਇੱਕ ਕਲਾਕਾਰ ਹੋਣ ਦੇ ਨਾਤੇ ਮੈਂ ਆਪਣੇ ਪ੍ਰਦਰਸ਼ਨ ‘ਤੇ ਧਿਆਨ ਦਿੰਦਾ ਹਾਂ ਅਤੇ ਸ਼ੋਅ ਕਰਦਾ ਹਾਂ, ਮੈਂ ਹਰ ਇੱਕ ਵਿਅਕਤੀ ‘ਤੇ ਧਿਆਨ ਨਹੀਂ ਦਿੰਦਾ ਕਿਉਂਕਿ ਆਲੇ ਦੁਆਲੇ ਬਹੁਤ ਸਾਰੇ ਲੋਕ ਹੁੰਦੇ ਹਨ। ਕਿਰਪਾ ਕਰ ਕੇ ਮੈਨੂੰ ਅਜਿਹੀਆਂ ਚੀਜ਼ਾਂ ਨਾਲ ਨਾ ਜੋੜਿਆ ਜਾਵੇ। ਤੁਸੀਂ ਸਾਰੇ ਜਾਂਦੇ ਹੋ ਕਿ ਅਸੀਂ ਕਲਾਕਾਰ ਪਹਿਲਾਂ ਹੀ ਕਈ ਚੀਜ਼ਾਂ ਵਿਚੋਂ ਗੁਜ਼ਰ ਰਹੇ ਹਾਂ।”

error: Content is protected !!