ਆਂਗਣਵਾੜੀ ਸਹਾਇਕਾ ਦੀ ਨੌਕਰੀ ਦਿਵਾਉਣ ਦਾ ਕਹਿ ਕੇ ਮੰਗ ਰਹੇ ਸੀ 20 ਹਜ਼ਾਰ ਦੀ ਰਿਸ਼ਵਤ, ਵਿਜੀਲੈਂਸ ਨੇ ਟਰੈਪ ਲਗਾ ਕੇ ਸੀਡੀਪੀਓ ਤੇ ਚਪੜਾਸੀ ਕੀਤਾ ਕਾਬੂ

ਆਂਗਣਵਾੜੀ ਸਹਾਇਕਾ ਦੀ ਨੌਕਰੀ ਦਿਵਾਉਣ ਦਾ ਕਹਿ ਕੇ ਮੰਗ ਰਹੇ ਸੀ 20 ਹਜ਼ਾਰ ਦੀ ਰਿਸ਼ਵਤ, ਵਿਜੀਲੈਂਸ ਨੇ ਟਰੈਪ ਲਗਾ ਕੇ ਸੀਡੀਪੀਓ ਤੇ ਚਪੜਾਸੀ ਕੀਤਾ ਕਾਬੂ

 

ਫਤਹਿਗੜ੍ਹ ਸਾਹਿਬ (ਵੀਓਪੀ ਬਿਊਰੋ) ਚਾਈਲਡ ਡਿਵੈਲਪਮੈਂਟ ਪ੍ਰੋਜੈਕਟ ਅਫਸਰ (ਸੀ.ਡੀ.ਪੀ.ਓ.) ਅੰਜੂ ਭੰਡਾਰੀ ਅਤੇ ਉਸ ਦੇ ਚਪੜਾਸੀ ਬਲਿਹਾਰ ਸਿੰਘ, ਜੋ ਕਿ ਫਤਿਹਗੜ੍ਹ ਸਾਹਿਬ ਵਿਖੇ ਤਾਇਨਾਤ ਹਨ, ਨੂੰ ਪੰਜਾਬ ਵਿਜੀਲੈਂਸ ਬਿਊਰੋ ਨੇ 20,000 ਰੁਪਏ ਦੀ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕਾਬੂ ਕੀਤਾ ਹੈ। ਵਿਜੀਲੈਂਸ ਬਿਊਰੋ ਦੇ ਬੁਲਾਰੇ ਨੇ ਦੱਸਿਆ ਕਿ ਉਪਰੋਕਤ ਸੀ.ਡੀ.ਪੀ.ਓ ਅਤੇ ਉਸਦੇ ਚਪੜਾਸੀ ਨੂੰ ਫਤਹਿਗੜ੍ਹ ਸਾਹਿਬ ਜਿਲੇ ਦੇ ਪਿੰਡ ਰਈਆਣਾ ਨਵਾਂ ਦੀ ਵਸਨੀਕ ਮਮਤਾ ਦੀ ਸ਼ਿਕਾਇਤ ‘ਤੇ ਗ੍ਰਿਫਤਾਰ ਕੀਤਾ ਗਿਆ ਹੈ।

ਉਨ੍ਹਾਂ ਦੱਸਿਆ ਕਿ ਸ਼ਿਕਾਇਤਕਰਤਾ ਨੇ ਵਿਜੀਲੈਂਸ ਬਿਊਰੋ ਕੋਲ ਪਹੁੰਚ ਕਰਕੇ ਦੋਸ਼ ਲਾਇਆ ਸੀ ਕਿ ਉਪਰੋਕਤ ਦੋ ਮੁਲਾਜ਼ਮਾਂ ਨੇ ਉਸ ਨੂੰ ਆਂਗਣਵਾੜੀ ਸਹਾਇਕਾ ਦੀ ਖਾਲੀ ਪਈ ਅਸਾਮੀ ‘ਤੇ ਨਿਯੁਕਤ ਕਰਨ ਲਈ 35,000 ਰੁਪਏ ਦੀ ਰਿਸ਼ਵਤ ਦੀ ਮੰਗ ਕੀਤੀ ਸੀ, ਜਿਸ ਲਈ ਉਸਨੇ ਪਹਿਲਾਂ ਹੀ ਅਪਲਾਈ ਕੀਤਾ ਹੋਇਆ ਸੀ।

ਬੁਲਾਰੇ ਨੇ ਦੱਸਿਆ ਕਿ ਸ਼ਿਕਾਇਤ ਦੀ ਮੁੱਢਲੀ ਪੜਤਾਲ ਉਪਰੰਤ ਵਿਜੀਲੈਂਸ ਬਿਊਰੋ ਦੀ ਟੀਮ ਨੇ ਜਾਲ ਵਿਛਾ ਕੇ ਦੋਵਾਂ ਦੋਸ਼ੀਆਂ ਨੂੰ ਦੋ ਸਰਕਾਰੀ ਗਵਾਹਾਂ ਦੀ ਹਾਜਰੀ ਵਿੱਚ ਸ਼ਿਕਾਇਤਕਰਤਾ ਪਾਸੋਂ 20,000 ਰੁਪਏ ਦੀ ਰਿਸ਼ਵਤ ਲੈਂਦਿਆਂ ਮੌਕੇ ‘ਤੇ ਹੀ ਦਬੋਚ ਲਿਆ। ਇਸ ਸਬੰਧ ਵਿੱਚ ਵਿਜੀਲੈਂਸ ਬਿਊਰੋ ਦੇ ਥਾਣਾ ਪਟਿਆਲਾ ਰੇਂਜ ਵਿੱਚ ਦੋਵਾਂ ਮੁਲਜ਼ਮਾਂ ਖ਼ਿਲਾਫ਼ ਭ੍ਰਿਸ਼ਟਾਚਾਰ ਰੋਕੂ ਐਕਟ ਤਹਿਤ ਕੇਸ ਦਰਜ ਕੀਤਾ ਗਿਆ ਹੈ। ਇਸ ਮਾਮਲੇ ਦੀ ਅਗਲੇਰੀ ਜਾਂਚ ਕੀਤੀ ਜਾ ਰਹੀ ਹੈ।

error: Content is protected !!