ਮਾਮੂਲੀ ਜਿਹੀ ਗੱਲ ਤੋਂ ਹੋਈ ਲੜਾਈ ‘ਚ ਕੁੱਟ-ਕੁੱਟ ਮਾਰ’ਤਾ ਡਿਲੀਵਰੀ ਬੁਆਏ

ਮਾਮੂਲੀ ਜਿਹੀ ਗੱਲ ਤੋਂ ਹੋਈ ਲੜਾਈ ‘ਚ ਕੁੱਟ-ਕੁੱਟ ਮਾਰ’ਤਾ ਡਿਲੀਵਰੀ ਬੁਆਏ

ਨਵੀਂ ਦਿੱਲੀ (ਵੀਓਪੀ ਬਿਊਰੋ)— ਅੱਜਕਲ ਲੋਕ ਛੋਟੀਆਂ-ਛੋਟੀਆਂ ਗੱਲਾਂ ‘ਤੇ ਇੰਨੇ ਗੁੱਸੇ ਹੋ ਜਾਂਦੇ ਹਨ ਕਿ ਕਿਸੇ ਦੀ ਜਾਨ ਵੀ ਲੈ ਲੈਂਦੇ ਹਨ। ਅਜਿਹਾ ਹੀ ਇੱਕ ਮਾਮਲਾ ਰਾਜਧਾਨੀ ਦਿੱਲੀ ਵਿੱਚ ਦੇਖਣ ਨੂੰ ਮਿਲਿਆ। ਬੀਤੀ ਰਾਤ ਰਣਜੀਤ ਨਗਰ ਇਲਾਕੇ ਵਿੱਚ ਮਾਮੂਲੀ ਝਗੜੇ ਵਿੱਚ ਇੱਕ ਡਲਿਵਰੀ ਬੁਆਏ ਦੀ ਕੁੱਟ-ਕੁੱਟ ਕੇ ਹੱਤਿਆ ਕਰ ਦਿੱਤੀ ਗਈ।

ਕੈਬ ‘ਚ ਸਵਾਰ ਦੋ ਨੌਜਵਾਨਾਂ ਦੀ ਸਕੂਟਰ ਸਵਾਰ ਡਿਲੀਵਰੀ ਬੁਆਏ ਨਾਲ ਬਹਿਸ ਹੋ ਗਈ, ਜਿਸ ਤੋਂ ਬਾਅਦ ਨੌਜਵਾਨਾਂ ਨੇ ਉਸ ਨੂੰ ਨਾ ਸਿਰਫ ਜ਼ਮੀਨ ‘ਤੇ ਧੱਕਾ ਦੇ ਦਿੱਤਾ, ਸਗੋਂ ਕੁੱਟ-ਕੁੱਟ ਕੇ ਮਾਰ ਦਿੱਤਾ। ਕੇਂਦਰੀ ਜ਼ਿਲ੍ਹਾ ਪੁਲਿਸ ਨੇ ਇਸ ਘਟਨਾ ਵਿੱਚ ਸ਼ਾਮਲ ਦੋਵੇਂ ਮੁਲਜ਼ਮਾਂ ਮਨੀਸ਼ ਕੁਮਾਰ (19) ਅਤੇ ਲਾਲਚੰਦ (20) ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਮ੍ਰਿਤਕ ਵਿਅਕਤੀ ਦੀ ਪਛਾਣ ਪੰਕਜ ਠਾਕੁਰ (39) ਵਜੋਂ ਹੋਈ ਹੈ, ਜੋ ਕਿ ਡਲਿਵਰੀ ਵਰਕਰ ਸੀ।

ਮੀਡੀਆ ਰਿਪੋਰਟਾਂ ਮੁਤਾਬਕ ਮ੍ਰਿਤਕ ਪੰਕਜ ਠਾਕੁਰ ਆਪਣੀ ਪਤਨੀ, ਇਕ ਬੇਟੇ ਅਤੇ ਬੇਟੀ ਦੇ ਨਾਲ ਫਰੀਦਪੁਰੀ ਪਟੇਲ ਨਗਰ ‘ਚ ਰਹਿੰਦੇ ਸਨ ਅਤੇ ਖਾਣ-ਪੀਣ ਦੀਆਂ ਚੀਜ਼ਾਂ ਡਿਲੀਵਰ ਕਰਦੇ ਸਨ। ਪੁਲਿਸ ਅਧਿਕਾਰੀਆਂ ਮੁਤਾਬਕ ਸ਼ਨੀਵਾਰ ਰਾਤ 11.30 ਵਜੇ ਪੁਲਿਸ ਨੂੰ ਮੇਨ ਬਾਜ਼ਾਰ ਵਾਲੀ ਗਲੀ, ਸ਼ਾਦੀਪੁਰ ਪਿੰਡ ਨੇੜੇ ਇਕ ਨੌਜਵਾਨ ਦੇ ਬੇਹੋਸ਼ੀ ਦੀ ਹਾਲਤ ‘ਚ ਪਏ ਹੋਣ ਦੀ ਸੂਚਨਾ ਮਿਲੀ ਸੀ।

ਪੁਲਿਸ ਨੂੰ ਪਤਾ ਲੱਗਾ ਕਿ ਸਥਾਨਕ ਲੋਕ ਜ਼ਖਮੀ ਨੌਜਵਾਨ ਨੂੰ ਪਟੇਲ ਹਸਪਤਾਲ ਲੈ ਗਏ ਹਨ। ਉਸ ਦੀ ਸਕੂਟੀ ਵੀ ਮੌਕੇ ਤੋਂ ਮਿਲੀ ਹੈ। ਹਸਪਤਾਲ ਜਾਣ ’ਤੇ ਪੁਲਿਸ ਨੂੰ ਪਤਾ ਲੱਗਾ ਕਿ ਡਾਕਟਰਾਂ ਨੇ ਨੌਜਵਾਨ ਨੂੰ ਮ੍ਰਿਤਕ ਐਲਾਨ ਦਿੱਤਾ। ਉਸ ਕੋਲੋਂ ਬਰਾਮਦ ਹੋਏ ਕਾਗਜ਼ਾਂ ਰਾਹੀਂ ਉਸ ਦੀ ਪਛਾਣ ਪੰਕਜ ਠਾਕੁਰ ਵਜੋਂ ਹੋਈ ਹੈ। ਉਸ ਦੇ ਸਰੀਰ ‘ਤੇ ਸੱਟਾਂ ਦੇ ਨਿਸ਼ਾਨ ਸਨ।

ਇਸ ਤੋਂ ਬਾਅਦ ਮਾਮਲੇ ਦੀ ਜਾਂਚ ‘ਚ ਜੁਟੀ ਪੁਲਿਸ ਨੇ ਆਸ-ਪਾਸ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਨੂੰ ਖੰਗਾਲਣਾ ਸ਼ੁਰੂ ਕਰ ਦਿੱਤਾ ਹੈ। ਇਸ ਦੌਰਾਨ ਪੁਲਿਸ ਨੇ ਸੀਸੀਟੀਵੀ ਫੁਟੇਜ ਵਿੱਚ ਦੇਖਿਆ ਕਿ ਪੰਕਜ ਨੂੰ ਇੱਕ ਕੈਬ ਵਿੱਚ ਸਵਾਰ ਦੋ ਨੌਜਵਾਨਾਂ ਵੱਲੋਂ ਕੁੱਟਮਾਰ ਕੀਤੀ ਜਾ ਰਹੀ ਸੀ। ਕੁੱਟਮਾਰ ਤੋਂ ਬਾਅਦ ਉਹ ਬੇਹੋਸ਼ ਹੋ ਕੇ ਜ਼ਮੀਨ ‘ਤੇ ਡਿੱਗ ਪਿਆ।

ਪੁਲਿਸ ਨੇ ਕੈਬ ਦਾ ਨੰਬਰ ਟਰੇਸ ਕਰਕੇ ਮੁਲਜ਼ਮ ਦੀ ਪਛਾਣ ਕਰਨ ਦੀ ਕੋਸ਼ਿਸ਼ ਕੀਤੀ। ਕੈਬ ਸਵਾਰਾਂ ਦੀ ਪਛਾਣ ਮਨੀਸ਼ ਕੁਮਾਰ ਅਤੇ ਲਾਲਚੰਦ ਵਾਸੀ ਸ਼ਾਦੀਪੁਰ ਪਿੰਡ ਵਜੋਂ ਹੋਈ ਹੈ। ਪਰ ਦੋਵੇਂ ਦੋਸ਼ੀ ਘਰੋਂ ਗਾਇਬ ਸਨ। ਇਸ ਤੋਂ ਬਾਅਦ ਪੁਲਸ ਨੇ ਉਨ੍ਹਾਂ ਦੇ ਵੱਖ-ਵੱਖ ਟਿਕਾਣਿਆਂ ‘ਤੇ ਛਾਪੇਮਾਰੀ ਕੀਤੀ ਅਤੇ ਉਨ੍ਹਾਂ ਨੂੰ ਐਤਵਾਰ ਦੁਪਹਿਰ ਇਲਾਕੇ ਤੋਂ ਗ੍ਰਿਫਤਾਰ ਕੀਤਾ ਗਿਆ।

ਪੁੱਛਗਿੱਛ ਦੌਰਾਨ ਦੋਵਾਂ ਮੁਲਜ਼ਮਾਂ ਨੇ ਦੱਸਿਆ ਕਿ ਦੋਵੇਂ ਰਾਤ ਸਮੇਂ ਕੈਬ ਵਿੱਚ ਗਲੀ ਵਿੱਚ ਘੁੰਮ ਰਹੇ ਸਨ। ਇਸ ਦੌਰਾਨ ਪੰਕਜ ਆਪਣੀ ਸਕੂਟੀ ਲੈ ਕੇ ਗਲੀ ਵਿੱਚ ਖੜ੍ਹਾ ਸੀ। ਉਨ੍ਹਾਂ ਨੇ ਉਸ ਨੂੰ ਆਪਣੀ ਸਕੂਟੀ ਲੈ ਕੇ ਰਸਤਾ ਦੇਣ ਲਈ ਕਿਹਾ। ਇਸ ਮਾਮੂਲੀ ਗੱਲ ਨੂੰ ਲੈ ਕੇ ਦੋਵਾਂ ਵਿਚਾਲੇ ਬਹਿਸ ਹੋ ਗਈ ਅਤੇ ਉਨ੍ਹਾਂ ਨੇ ਪੰਕਜ ਦੀ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ ਜਿਸ ਤੋਂ ਬਾਅਦ ਉਹ ਬੇਹੋਸ਼ ਹੋ ਗਿਆ। ਹੁਣ ਪੁਲਿਸ ਨੇ ਦੋਵਾਂ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ ਹੈ।

error: Content is protected !!