ਝਗੜੇ ਦੌਰਾਨ ਭਰਾ ਨੂੰ ਬਚਾਉਣ ਆਈ ਭੈਣ ਨੂੰ ਦਿੱਤੀ ਦਰਦਨਾਕ ਮੌਤ, ਸੈਂਟਰੋ ਕਾਰ ਵਿਚ ਆਏ ਪੰਜ ਮੁਲਜ਼ਮਾਂ ਨੇ ਨਹੀਂ ਕੀਤਾ ਰਹਿਮ, ਦਿੱਤਾ ਖੌਫਨਾਕ ਘਟਨਾ ਨੂੰ ਅੰਜਾਮ

ਝਗੜੇ ਦੌਰਾਨ ਭਰਾ ਨੂੰ ਬਚਾਉਣ ਆਈ ਭੈਣ ਨੂੰ ਦਿੱਤੀ ਦਰਦਨਾਕ ਮੌਤ, ਸੈਂਟਰੋ ਕਾਰ ਵਿਚ ਆਏ ਪੰਜ ਮੁਲਜ਼ਮਾਂ ਨੇ ਨਹੀਂ ਕੀਤਾ ਰਹਿਮ, ਦਿੱਤਾ ਖੌਫਨਾਕ ਘਟਨਾ ਨੂੰ ਅੰਜਾਮ


ਵੀਓਪੀ ਬਿਊਰੋ, ਮਲੋਟ : ਝਗੜੇ ਵਿਚ ਭਰਾ ਨੂੰ ਬਚਾਉਣ ਆਈ ਭੈਣ ਦੀ ਦਰਦਨਾਕ ਮੌਤ ਹੋ ਗਈ। ਮੁਲਜ਼ਮਾਂ ਨੇ ਭੈਣ-ਭਰਾ ਉਤੇ ਕਾਰ ਚੜਾਉਣ ਦੀ ਕੋਸ਼ਿਸ਼ ਕੀਤੀ। ਇਸ ਦੌਰਾਨ ਭਰਾ ਦਾ ਬਚਾਅ ਹੋ ਗਿਆ ਪਰ ਭੈਣ ਕਾਰ ਹੇਠਾਂ ਦਰੜੀ ਗਈ। ਹਸਪਤਾਲ ਲਿਜਾਣ ਉਤੇ ਉਸ ਦੀ ਮੌਤ ਹੋ ਗਈ। ਜਦਕਿ ਮੁਲਜ਼ਮ ਮੌਕੇ ਤੋਂ ਫਰਾਰ ਹੋ ਗਏ।
ਇਹ ਘਟਨਾ ਗਿੱਦੜਬਾਹਾ-ਮਲੋਟ ਰੋਡ ’ਤੇ ਸਥਿਤ ਮਾਰਕਫੈੱਡ ਪਲਾਂਟ ਨੇੜੇ ਵਾਪਰੀ।ਸਿਵਲ ਹਸਪਤਾਲ ਗਿੱਦੜਬਾਹਾ ਵਿਖੇ ਮੌਜੂਦ ਅਰਜੁਨ ਪੁੱਤਰ ਸ਼ਿਵ ਕੁਮਾਰ ਨੇ ਦੱਸਿਆ ਕਿ ਬੀਤੀ ਦੇਰ ਸ਼ਾਮ ਉਸ ਦਾ ਦੀਪੂ, ਗੋਰਾ, ਰਵਿੰਦਰ ਕੁਮਾਰ, ਕਾਲਾ ਅਤੇ ਬਬਲੀ ਆਦਿ ਨਾਲ ਕਿਸੇ ਗੱਲ ਨੂੰ ਲੈ ਕੇ ਝਗੜਾ ਹੋ ਗਿਆ। ਉਕਤ ਵਿਅਕਤੀ ਉਸ ਦੀ ਕੁੱਟਮਾਰ ਕਰਨ ਲੱਗੇ। ਇਸੇ ਦੌਰਾਨ ਉਸ ਨੇ ਨਜ਼ਦੀਕ ਹੀ ਰਹਿੰਦੀ ਆਪਣੀ ਵਿਆਹੁਤਾ ਭੈਣ ਮਾਲਾ ਰਾਣੀ ਪਤਨੀ ਸੁਨੀਲ ਕੁਮਾਰ ਨੂੰ ਉਕਤ ਨੌਜਵਾਨਾਂ ਤੋਂ ਛੁਡਾਉਣ ਲਈ ਬੁਲਾਇਆ।


ਜਦੋਂ ਮਾਲਾ ਰਾਣੀ ਲੜਾਈ ਵਾਲੀ ਜਗ੍ਹਾ ‘ਤੇ ਪੁੱਜੀ ਤਾਂ ਮੁਲਜ਼ਮ ਆਪਣੀ ਸੈਂਟਰੋ ਕਾਰ ਵਿਚ ਸਵਾਰ ਹੋਏ ਅਤੇ ਉਨ੍ਹਾਂ ਨੇ ਕਾਰ ਨੂੰ ਅਰਜੁਨ ‘ਤੇ ਚੜ੍ਹਾਉਣ ਦੀ ਕੋਸ਼ਿਸ਼ ਕੀਤੀ। ਇਸੇ ਦੌਰਾਨ ਕਾਰ ਉਸ ਦੀ ਭੈਣ ਦੀਆਂ ਦੋਵਾਂ ਲੱਤਾਂ ਉਪਰ ਚੜ੍ਹ ਗਈ ਜਦਕਿ ਉਕਤ ਵਿਅਕਤੀਆਂ ਨੇ ਕਾਰ ਨੂੰ ਮੁੜ ਪਿੱਛੇ ਕਰਦੇ ਹੋਏ ਉਸ ਦੀ ਭੈਣ ਨੂੰ ਬੁਰੀ ਤਰ੍ਹਾਂ ਜਖ਼ਮੀ ਕਰ ਦਿੱਤਾ ਅਤੇ ਉਹ ਆਪ ਮੌਕੇ ਤੋਂ ਫਰਾਰ ਹੋ ਗਏ।


ਅਰਜੁਨ ਨੇ ਦੱਸਿਆ ਕਿ ਉਹ ਗੰਭੀਰ ਜ਼ਖ਼ਮੀ ਆਪਣੀ ਭੈਣ ਮਾਲਾ ਨੂੰ ਸਿਵਲ ਹਸਪਤਾਲ ਗਿੱਦੜਬਾਹਾ ਵਿਖੇ ਲਿਆਏ, ਜਿੱਥੋਂ ਡਾਕਟਰਾਂ ਨੇ ਉਸ ਨੂੰ ਬਠਿੰਡਾ ਰੈਫ਼ਰ ਕਰ ਦਿੱਤਾ ਅਤੇ ਕੁਝ ਸਮੇਂ ਬਾਅਦ ਮਾਲਾ ਰਾਣੀ ਦੀ ਬਠਿੰਡਾ ਵਿਖੇ ਮੌਤ ਹੋ ਗਈ। ਦੂਜੇ ਪਾਸੇ ਥਾਣਾ ਗਿੱਦੜਬਾਹਾ ਪੁਲਿਸ ਨੇ ਮਾਲਾ ਰਾਣੀ ਦੀ ਲਾਸ਼ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਗਿੱਦੜਬਾਹਾ ਵਿਖੇ ਲਿਆਂਦਾ, ਜਿੱਥੇ ਮ੍ਰਿਤਕ ਮਾਲਾ ਦੇ ਪਰਿਵਾਰਕ ਮੈਂਬਰਾਂ ਵਿਚੋਂ ਸਵਾਤੀ ਰਾਣੀ ਅਤੇ ਭੈਣ ਜੋਤੀ ਨੇ ਕਿਹਾ ਕਿ ਜਦੋਂ ਤੱਕ ਮਾਲਾ ਨੂੰ ਇਨਸਾਫ਼ ਨਹੀਂ ਮਿਲਦਾ, ਉਹ ਅੰਤਿਮ ਸਸਕਾਰ ਨਹੀਂ ਕਰਨਗੇ। ਇਸ ਸਬੰਧੀ ਥਾਣਾ ਗਿੱਦੜਬਾਹਾ ਦੇ ਐੱਸ. ਐੱਚ. ਓ. ਗੁਰਦੀਪ ਸਿੰਘ ਨੇ ਦੱਸਿਆ ਕਿ ਮ੍ਰਿਤਕ ਮਾਲਾ ਰਾਣੀ ਦੇ ਪਰਿਵਾਰਕ ਮੈਂਬਰਾਂ ਦੇ ਬਿਆਨ ਦਰਜ ਕੀਤੇ ਜਾ ਰਹੇ ਹਨ ਅਤੇ ਉਨ੍ਹਾਂ ਅਨੁਸਾਰ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ।ਮੁਲਜ਼ਮਾਂ ਨੂੰ ਜਲਦ ਕਾਬੂ ਕਰ ਕੇ ਸਖ਼ਤ ਕਾਰਵਾਈ ਕੀਤੀ ਜਾਵੇਗੀ।

error: Content is protected !!