ਬੇਰਹਿਮੀ ਦੀ ਹੱਦ ! ਇਸ ਮਾਮੂਲੀ ਗੱਲੋਂ ਹੀ ਨੌਜਵਾਨਾਂ ਨੂੰ ਅਗਵਾ ਕਰ ਲੈ ਗਏ ਸੁੰਨੀ ਥਾਂ, ਬੇਸ ਬੈਟ ਨਾਲ ਮਾਰ ਮਾਰ ਇਕ ਨੂੰ ਉਤਾਰਿਆ ਮੌਤ ਦੇ ਘਾਟ, ਦੂਜਾ ਵੀ ਹੋਇਆ ਬੇਸੁੱਧ

ਬੇਰਹਿਮੀ ਦੀ ਹੱਦ ! ਇਸ ਮਾਮੂਲੀ ਗੱਲੋਂ ਨੌਜਵਾਨਾਂ ਨੂੰ ਅਗਵਾ ਕਰ ਲੈ ਗਏ ਸੁੰਨੀ ਥਾਂ, ਬੇਸ ਬੈਟ ਨਾਲ ਮਾਰ ਮਾਰ ਇਕ ਨੂੰ ਉਤਾਰਿਆ ਮੌਤ ਦੇ ਘਾਟ, ਦੂਜਾ ਵੀ ਹੋਇਆ ਬੇਸੁੱਧ


ਵੀਓਪੀ ਬਿਊਰੋ, ਲੁਧਿਆਣਾ : ਦੋਸਤ ਨਾਲ ਮੇਲਾ ਦੇਖਣ ਜਾ ਰਹੇ ਨੌਜਵਾਨ ਨੂੰ ਕਾਰ ਵਿਚ ਅਗਵਾ ਕਰ ਕੇ ਮੁਲਜ਼ਮ ਵਿਰਾਨ ਥਾਂ ਉਤੇ ਲੈ ਗਏ। ਉਥੇ ਮੁਲਜ਼ਮਾਂ ਨੇ ਬੇਸਬੈਟ ਨਾਲ ਮਾਰ ਮਾਰ ਕੇ ਨੌਜਵਾਨ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਤੇ ਉਸ ਦੇ ਦੋਸਤ ਨੂੰ ਵੀ ਇਸ ਕਦਰ ਸੱਟਾਂ ਮਾਰੀਆਂ ਕਿ ਉਹ ਬੇਸੁੱਧ ਹੋ ਗਿਆ। ਹਮਲਾ ਕਰਨ ਤੋਂ ਬਾਅਦ ਮੁਲਜ਼ਮਾਂ ਨੇ ਐਂਬੂਲੈਂਸ ਬੁਲਾਈ ਅਤੇ ਐਕਸੀਡੈਂਟ ਦਾ ਹਵਾਲਾ ਦੇ ਕੇ ਦੋਵਾਂ ਨੌਜਵਾਨਾਂ ਨੂੰ ਸਿਵਲ ਹਸਪਤਾਲ ਭੇਜ ਦਿੱਤਾ। ਮ੍ਰਿਤਕ ਦਾ ਦੋਸਤ ਜਦ ਹੋਸ਼ ਵਿੱਚ ਆਇਆ ਤਾਂ ਉਸ ਨੇ ਸਾਰੀ ਹਕੀਕਤ ਬਿਆਨ ਕੀਤੀ। ਇਸ ਮਾਮਲੇ ਵਿੱਚ ਥਾਣਾ ਸਦਰ ਦੀ ਪੁਲਿਸ ਨੇ ਦੁੱਗਰੀ ਦੇ ਰਹਿਣ ਵਾਲੇ ਜਸਵੰਤ ਸਿੰਘ ਦੀ ਸ਼ਿਕਾਇਤ ਉਤੇ ਸਤਜੋਤ ਨਗਰ ਧਾਂਦਰਾ ਦੇ ਰਹਿਣ ਵਾਲੇ ਸਿਧਾਂਤ ਕੁਮਾਰ, ਰੂਪ ਨਗਰ ਧਾਂਦਰਾ ਰੋਡ ਦੇ ਵਾਸੀ ਅਖਿਲੇਸ਼, ਅਰਵਿੰਦ,ਟੋਨੀ, ਨਾਰਾਇਣ, ਭਰਤ,ਗੋਲੇ,ਰਮਾਇਣ,ਧੀਰਜ ਅਤੇ ਪੰਜ ਅਣਪਛਾਤੇ ਵਿਅਕਤੀਆਂ ਦੇ ਖਿਲਾਫ ਅਗਵਾ ਅਤੇ ਕਤਲ ਦਾ ਮੁਕੱਦਮਾ ਦਰਜ ਕਰ ਲਿਆ ਹੈ।


ਥਾਣਾ ਸਦਰ ਦੇ ਸਬ ਇੰਸਪੈਕਟਰ ਹਰਮੇਸ਼ ਸਿੰਘ ਨੇ ਦੱਸਿਆ ਕਿ ਜਸਵੰਤ ਸਿੰਘ ਨੇ ਪੁਲਿਸ ਨੂੰ ਸ਼ਿਕਾਇਤ ਦਰਜ ਕਰਵਾਈ ਕਿ ਉਸ ਦਾ ਪੁੱਤ ਉਜਵਲ (18) ਆਪਣੇ ਦੋਸਤ ਅਮ੍ਰਿਤ ਨਾਲ ਮੋਟਰਸਾਈਕਲ ਉਤੇ ਸਵਾਰ ਹੋ ਕੇ ਦੁੱਗਰੀ ਇਲਾਕੇ ਵਿੱਚ ਚੱਲ ਰਿਹਾ ਮੇਲਾ ਦੇਖਣ ਲਈ ਗਿਆ ਸੀ। ਇਸੇ ਦੌਰਾਨ ਮੁਲਜ਼ਮ ਅਖਿਲੇਸ਼ ਦੇ ਚਾਚੇ ਨਾਲ ਉਜਵਲ ਦਾ ਮੋਟਰਸਾਈਕਲ ਖਹਿ ਗਿਆ। ਕੁਝ ਸਮੇਂ ਬਾਅਦ ਇਨੋਵਾ ਕਾਰ ਉਤੇ ਸਵਾਰ ਹੋ ਕੇ ਸਾਰੇ ਮੁਲਜ਼ਮ ਆਏ ਅਤੇ ਉਨ੍ਹਾਂ ਨੇ ਅਮਿਤ ਅਤੇ ਉਜਵਲ ਦੀ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ। ਮੁਲਜ਼ਮਾਂ ਨੇ ਦੋਵਾਂ ਨੂੰ ਕਾਰ ਵਿੱਚ ਅਗਵਾ ਕੀਤਾ ਅਤੇ ਮੁਹੱਲਾ ਰੂਪਨਗਰ ਇਲਾਕੇ ਦੇ ਇੱਕ ਖਾਲੀ ਪਲਾਟ ਵਿੱਚ ਲੈ ਗਏ। ਮੁਲਜ਼ਮਾਂ ਨੇ ਦੋਵਾਂ ਦੇ ਸਿਰ ਅਤੇ ਸਰੀਰ ਦੇ ਹੋਰ ਹਿੱਸਿਆਂ ਵਿੱਚ ਬੇਸਬੈਟ ਨਾਲ ਸੱਟਾਂ ਮਾਰੀਆਂ। ਖੁਦ ਦਾ ਬਚਾਅ ਕਰਨ ਲਈ ਉਨ੍ਹਾਂ ਨੇ ਐਕਸੀਡੈਂਟ ਦਾ ਹਵਾਲਾ ਦੇ ਕੇ ਐਂਬੂਲੈਂਸ ਬੁਲਾਈ ਅਤੇ ਦੋਵਾਂ ਨੂੰ ਸਿਵਲ ਹਸਪਤਾਲ ਭੇਜ ਦਿੱਤਾ। ਸਿਵਲ ਹਸਪਤਾਲ ਪਹੁੰਚਣ ਉਤੇ ਡਾਕਟਰਾਂ ਨੇ ਉਜਵਲ ਨੂੰ ਮ੍ਰਿਤਕ ਐਲਾਨ ਕਰ ਦਿੱਤਾ । ਹੋਸ਼ ਵਿਚ ਆਉਣ ਤੋਂ ਬਾਅਦ ਅਮਿਤ ਨੇ ਹਕੀਕਤ ਤੋਂ ਪਰਦਾ ਚੁੱਕਿਆ। ਜਾਂਚ ਅਧਿਕਾਰੀ ਹਰਮੇਸ਼ ਸਿੰਘ ਦਾ ਕਹਿਣਾ ਹੈ ਕਿ ਪੁਲਿਸ ਨੇ ਮੁਲਜ਼ਮਾਂ ਖ਼ਿਲਾਫ਼ ਕੇਸ ਦਰਜ ਕਰਕੇ ਮੁਲਜ਼ਮ ਸਿਧਾਂਤ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਬਾਕੀ ਮੁਲਜ਼ਮਾਂ ਨੂੰ ਵੀ ਜਲਦੀ ਹੀ ਕਾਬੂ ਕਰ ਲਿਆ ਜਾਵੇਗਾ।

error: Content is protected !!