ਗਾਇਕ ਕਰਨ ਔਜਲਾ ਦਾ ਸੋਸ਼ਲ ਮੀਡੀਆ ਉਤੇ ਫੁੱਟਿਆ ਗੁੱਸਾ, ਕਿਹਾ- ਹਰ ਵਾਰ ਮੇਰਾ ਨਾਂ ਹੀ ਕਿਉਂ, ਹੁਣ ਕਰਾਂਗਾ ਸਿੱਧੀ ਕਾਰਵਾਈ, ਜਾਣੋ ਕੀ ਹੈ ਮਾਮਲਾ

ਗਾਇਕ ਕਰਨ ਔਜਲਾ ਦਾ ਸੋਸ਼ਲ ਮੀਡੀਆ ਉਤੇ ਫੁੱਟਿਆ ਗੁੱਸਾ, ਕਿਹਾ- ਹਰ ਵਾਰ ਮੇਰਾ ਨਾਂ ਹੀ ਕਿਉਂ, ਹੁਣ ਕਰਾਂਗਾ ਸਿੱਧੀ ਕਾਰਵਾਈ, ਜਾਣੋ ਕੀ ਹੈ ਮਾਮਲਾ

ਵੀਓਪੀ ਬਿਊਰੋ, ਚੰਡੀਗੜ੍ਹ-ਸ਼ਾਰਪੀ ਘੁੰਮਣ ਦੀ ਗ੍ਰਿਫ਼ਤਾਰੀ ਨੂੰ ਲੈ ਕੇ ਮੀਡੀਆ ਵਿਚ ਆਈਆਂ ਖਬਰਾਂ ਤੋਂ ਬਾਅਦ ਨਾਮੀ ਪੰਜਾਬੀ ਗਾਇਕ ਕਰਨ ਔਜਲਾ ਦਾ ਸੋਸ਼ਲ ਮੀਡੀਆ ਉਤੇ ਗੁੱਸਾ ਫੁੱਟ ਪਿਆ। ਉਨ੍ਹਾਂ ਸੋਸ਼ਲ ਮੀਡੀਆ ਉਤੇ ਪੋਸਟ ਪਾ ਕੇ ਸ਼ਾਰਪੀ ਘੁੰਮਣ ਨਾਲ ਆਪਣੇ ਸਬੰਧ ਬਾਰੇ ਸਪੱਸ਼ਟੀਕਰਨ ਦਿੱਤਾ ਤੇ ਖਬਰ ਨਾਲ ਉਨ੍ਹਾਂ ਦਾ ਨਾਂ ਜੋੜਨ ਵਾਲਿਆਂ ਉਤੇ ਕਾਨੂੰਨੀ ਕਾਰਵਾਈ ਦੀ ਵੀ ਗੱਲ ਕੀਤੀ ਹੈ।
ਕਰਨ ਔਜਲਾ ਨੇ ਕਿਹਾ,’ ਮੀਡੀਆ ਦੇ ਮੈਂਬਰ ਤੇ ਭਰਾਵਾਂ-ਭੈਣਾਂ ਜਿਹੜੇ ਮੈਨੂੰ ਪਿਆਰ ਕਰਦੇ ਹਨ, ਉਨ੍ਹਾਂ ਨੂੰ ਕੁਝ ਗੱਲਾਂ ਕਹਿਣੀਆਂ ਮੈਂ ਜ਼ਰੂਰੀ ਸਮਝਦਾ, ਇਸ ਸਮੇਂ ਕਰਨੀਆਂ ਕਿਉਂਕਿ ਕਈ ਗੱਲਾਂ ਸਮੇਂ ਉਤੇ ਹੀ ਸਾਫ਼ ਕਰ ਦੇਣੀਆਂ ਚਾਹੀਦੀਆਂ ਹਨ। ਪਹਿਲਾਂ ਜਿਹੜੀ ਵੀਡੀਓ ਆਈ, ਮੈਂ ਉਸ ਬਾਰੇ ਵੀ ਸਪੱਸ਼ਟੀਕਰਨ ਦਿੱਤਾ, ਜਿੰਨਾ ਹੋ ਸਕੇ ਤੇ ਕੱਲ੍ਹ ਇਹ ਵੀਡੀਓ ਦੇਖੀ ‘ਕਰਨ ਔਜਲਾ ਦਾ ਦੋਸਤ ਗ੍ਰਿਫ਼ਤਾਰ’। ਯਾਰ ਮੈਨੂੰ ਇਕ ਗੱਲ ਦੱਸੋ ਕਿ ਜੇ ਮੇਰਾ ਕੋਈ ਦੋਸਤ ਸੀ ਜਾਂ ਹੈ, ਮੇਰੇ ਨਾਂ ਨਾਲ ਕਿਉਂ ਹਰ ਵਾਰ।ਮੈਂ ਕੀ ਕੀਤਾ ? ਤੇ ਇਹ ਸਾਰਿਆਂ ਦਾ ਇਕੱਲਾ ਦੋਸਤ ਮੈਂ ਹੀ ਹਾਂ ? ਮੇਰੀ ਸ਼ਾਇਦ ਉਸ ਬੰਦੇ ਨਾਲ ਪਿਛਲੇ ਦੋ ਸਾਲਾਂ ਤੋਂ ਗੱਲ ਵੀ ਨਾ ਹੋਈ ਹੋਵੇ ਤੇ ਜੇ ਅਸੀਂ ਪਹਿਲਾਂ ਜਾਣਦੇ ਵੀ ਸੀ ਕਿ ਮੇਰੇ ਤੋਂ ਕੋਈ ਪੁੱਛ ਕੇ ਆਪਣੀ ਜ਼ਿੰਦਗੀ ਦੇ ਚੰਗੇ ਮਾੜੇ ਫੈ਼ਸਲੇ ਲੈਂਦਾ ?’
ਕਰਨ ਔਜਲਾ ਨੇ ਕਿਹਾ, ‘ਮੈਂ ਇਕੱਲਾ ਹੀ ਨਹੀਂ ਜਿਸ ਦੀਆਂ ਤਸਵੀਰਾਂ ਤੇ ਵੀਡੀਓਜ਼ ਹਨ ਕਿਸੇ ਨਾਲ, ਹੋਰ ਬਹੁਤ ਇੰਡਸਟਰੀ ਦੇ ਬੰਦੇ ਹਨ ਤੇ ਸਾਰਿਆਂ ਦਾ ਇਹੀ ਕਸੂਰ ਹੈ ਕਿ ਉਹ ਪੰਜਾਬ ਲਈ ਕੰਮ ਕਰ ਰਹੇ ਹਨ ਤੇ ਆਪਣੇ ਪਰਿਵਾਰ ਦਾ ਢਿੱਡ ਭਰ ਰਹੇ ਹਨ, ਆਪਣੇ ਕੰਮ ਦੇ ਜ਼ਰੀਏ। ਜਦੋਂ ਕੋਈ ਚੈਨਲ ਖਬਰ ਲਾਉਂਦਾ ਕਿ ‘ਕਰਨ ਔਜਲਾ ਦਾ ਸਾਥੀ ਗ੍ਰਿਫ਼ਤਾਰ’ ਮੈਨੂੰ ਇਹ ਦੱਸੋ ਕਿ ਜਿਹੜਾ ਗ੍ਰਿਫ਼ਤਾਰ ਹੋਇਆ, ਉਸ ਦਾ ਕੋਈ ਨਾਂ ਨਹੀਂ, ਮੇਰਾ ਨਾਮ ਨਾ ਜੋੜੋ ਕਿਸੇ ਵੀ ਚੀਜ਼ ਦੇ ਨਾਲ।’


ਅੰਤ ਵਿਚ ਕਰਨ ਔਜਲਾ ਨੇ ਲਿਖਿਆ, ‘ਮੈਂ ਆਪਣਾ ਕੰਮ ਕਰ ਰਿਹਾ ਤੇ ਸਮਾਂ ਕੱਟਣ ਦੀ ਕੋਸ਼ਿਸ਼ ਕਰ ਰਿਹਾ ਬਾਕੀ ਸਾਰੇ ਕਲਾਕਾਰਾਂ ਵਾਂਗ। 4 ਵਾਰ ਐਕਸਟੋਰਸ਼ਨ ਦਾ ਸ਼ਿਕਾਰ ਹੋਇਆ ਤੇ 5 ਵਾਰ ਮੇਰੇ ਘਰ ਉਤੇ ਫਾਇਰਿੰਗ ਹੋਈ। ਕਦੇ ਇਸ ਬਾਰੇ ਤਾਂ ਕਿਸੇ ਚੈਨਲ ਨੇ ਹਮਦਰਦੀ ਵਾਲੀ ਖਬਰ ਨਹੀਂ ਚਲਾਈ ਕਿ ਇਨ੍ਹਾਂ ਨਾਲ ਗ਼ਲਤ ਹੋਇਆ। ਸੋ ਮੀਡੀਆ ਵਾਲਿਆਂ ਨੂੰ ਬੇਨਤੀ ਹੈ ਕਿ ਅੱਜ ਤੋਂ ਕੋਈ ਬਿਨਾਂ ਜਾਣਕਾਰੀ ਇਕਠੀ ਕੀਤੇ ਬਿਨਾਂ ਜਾਂ ਕਿਸੇ ਸਬੂਤ ਤੋਂ ਬਿਨਾਂ ਮੇਰਾ ਨਾਂ ਧੱਕੇ ਨਾਲ ਬਦਨਾਮ ਕਰਨ ਦੀ ਕੋਸ਼ਿਸ਼ ਕਰਦਾ ਹੈ ਤਾਂ ਮੈਂ ਸਿੱਧੀ ਕਾਰਵਾਈ ਕਰਾਂਗਾ। ਮੇਰੀ ਲੀਗਲ ਟੀਮ ਤਿਆਰ ਹੈ ਤੇ ਇਸ ਚੀਜ਼ ਉਤੇ ਕੰਮ ਕਰ ਰਹੀ ਹੈ। ਇਕ ਗੱਲ ਜ਼ਰੂਰ ਸਮਝ ਆ ਚੁਕੀ ਹੈ ਕਿ ਬੰਦੇ ਨੂੰ ਮਰਨ ਦੀ ਲੋੜ ਪੈਂਦੀ ਹੈ ਖੁਦ ਨੂੰ ਸਾਬਿਤ ਕਰਨ ਲਈ, ਇਹੀ ਸੱਚਾਈ ਹੈ। ਤੁਸੀਂ ਵੀ ਸਾਰੇ ਗਏ ਉਤੇ ਹੀ ਮੁੱਲ ਪਾਉਂਦੇ ਹੋ, ਸ਼ਰਮ ਆਉਣੀ ਚਾਹੀਦੀ ਹੈ।’

error: Content is protected !!