ਦਰਦਨਾਕ ਹੱਤਿਆ; ਰੋਜ਼ੀ ਰੋਟੀ ਕਮਾਉਣ ਗਏ ਸਕੇ ਭਰਾਵਾਂ ਨੂੰ ਅਮਰੀਕਾ ਵਿਚ ਮਾਰੀਆਂ ਗੋਲ਼ੀਆਂ, ਇਹ ਦੱਸਿਆ ਜਾ ਰਿਹੈ ਕਾਰਨ, ਛੋਟੇ ਦਾ ਇਸੇ ਸਾਲ ਹੋਣਾ ਸੀ ਵਿਆਹ
ਵੀਓਪੀ ਬਿਊਰੋ, ਇੰਟਰਨੈਸ਼ਨਲ : ਰੋਜ਼ੀ ਰੋਟੀ ਦੀ ਭਾਲ ਵਿਚ ਅਮਰੀਕਾ ਗਏ ਦੋ ਸਕੇ ਭਰਾਵਾਂ ਦੀ ਗੋਲ਼ੀਆਂ ਮਾਰ ਕੇ ਹੱਤਿਆ ਕਰ ਦਿੱਤੀ ਗਈ। ਅੱਜ ਤੜਕਸਾਰ ਇਹ ਮੰਦਭਾਗਾ ਸਮਾਚਾਰ ਅਮਰੀਕਾ ਤੋਂ ਪ੍ਰਾਪਤ ਹੋਇਆ ਹੈ। ਦੱਸਿਆ ਜਾ ਰਿਹਾ ਹੈ ਕਿ ਅਮਰੀਕਾ ਦੇ ਪੋਰਟਲੈਂਡ ਸ਼ਹਿਰ ਵਿਚ ਇੱਕ ਸ਼ਾਪਿੰਗ ਮਾਲ ਦੇ ਬਾਹਰ ਦੋ ਪੰਜਾਬੀ ਨੌਜਵਾਨਾਂ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਹੈ।
ਜਾਣਕਾਰੀ ਅਨੁਸਾਰ ਜ਼ਿਲ੍ਹਾ ਕਪੂਰਥਲਾ ਦੇ ਬਲਾਕ ਸੁਲਤਾਨਪੁਰ ਲੋਧੀ ਦੇ ਪਿੰਡ ਬਿਧੀਪੁਰ ਦੇ ਵਸਨੀਕ ਦਿਲਰਾਜ ਸਿੰਘ ਅਤੇ ਗੁਰਇਕਬਾਲ ਸਿੰਘ ਦੋਵੇਂ ਸਕੇ ਭਰਾ ਸਨ। ਉਹ ਚੰਗੇ ਭਵਿੱਖ ਦੀ ਭਾਲ ’ਚ ਅਮਰੀਕਾ ਵਿਚ ਪਿਛਲੇ ਲੰਬੇ ਸਮੇਂ ਤੋਂ ਰਹਿ ਰਹੇ ਸਨ। ਪਰਿਵਾਰਿਕ ਮੈਂਬਰਾਂ ਵਲੋਂ ਦਿਤੀ ਜਾਣਕਾਰੀ ਅਨੁਸਾਰ ਦੋਵੇਂ ਭਰਾਵਾਂ ਸਟੋਰ ਪਾਰਟਨਰ ਨਾਲ ਕੋਈ ਵਿਵਾਦ ਚੱਲ ਰਿਹਾ ਸੀ। ਜਿਸ ਦੀ ਰੰਜਿਸ਼ ਦੇ ਚਲਦਿਆਂ ਉਕਤ ਵਿਅਕਤੀ ਵਲੋਂ ਸਾਥੀਆਂ ਸਮੇਤ ਕਥਿਤ ਤੌਰ ’ਤੇ ਦੋਹਾਂ ਭਰਾਵਾਂ ਉਪਰ ਪੋਰਟਲੈਂਡ (ਅਮਰੀਕਾ) ਵਿਖੇ ਸ਼ਾਪਿੰਗ ਮਾਲ ਦੇ ਬਾਹਰ ਪਹੁੰਚ ਕੇ ਦਰਜਨਾਂ ਗੋਲੀਆਂ ਦਾਗ ਦਿਤੀਆਂ ਗਈਆਂ। ਜਿਸ ਤੋਂ ਬਾਅਦ ਦਿਲਰਾਜ ਸਿੰਘ ਅਤੇ ਗੁਰਇਕਬਾਲ ਸਿੰਘ ਦੋਹਾਂ ਭਰਾਵਾਂ ਦੀ ਮੌਕੇ ’ਤੇ ਮੌਤ ਹੋ ਜਾਂਦੀ ਹੈ। ਅਮਰੀਕਨ ਪੁਲਿਸ ਨੇ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਮਾਮਲੇ ਦੇ ਅਗਲੀ ਜਾਂਚ ਸ਼ੁਰੂ ਕਰ ਦਿੱਤੀ ਹੈ।
ਜ਼ਿਕਰਯੋਗ ਹੈ ਕਿ ਮ੍ਰਿਤਕ ਦਿਲਰਾਜ ਸਿੰਘ (32) ਵਿਆਹਿਆ ਹੋਇਆ ਸੀ ਅਤੇ ਉਸ ਦਾ ਇੱਕ 6 ਮਹੀਨਿਆਂ ਦਾ ਬੇਟਾ ਹੈ ਅਤੇ ਗੁਰਇਕਬਾਲ ਸਿੰਘ (26) ਦਾ ਇਸ ਸਾਲ ਦੇ ਅਖੀਰ ’ਚ ਵਿਆਹ ਸੀ।
ਦੋਵੇਂ ਭਰਾ ਲੰਮੇ ਸਮੇਂ ਤੋਂ ਅਮਰੀਕਾ ਦੇ ਪੋਰਟਲੈਂਡ ਵਿਚ ਰਹਿੰਦੇ ਸਨ। ਜਿਹਨਾਂ ਵਿਚੋਂ ਇਕ ਭਰਾ 10 ਸਾਲ ਪਹਿਲਾ ਗਿਆ ਸੀ ਤੇ ਦੂਸਰਾ ਕਰੀਬ 6 ਸਾਲ ਪਹਿਲਾ ਗਿਆ ਸੀ।