ਡਾ. ਸੁਖਵਿੰਦਰ ਕੁਮਾਰ ਸੁੱਖੀ ਵੱਲੋਂ ਪ੍ਰਭਾਵਸ਼ਾਲੀ ਰੋਡ ਸ਼ੋਅ, ਡਾ. ਸੁੱਖੀ ਵੱਡੇ ਫਰਕ ਨਾਲ ਜ਼ਿਮਨੀ ਚੋਣ ਜਿੱਤਣਗੇ: ਡਾ. ਚੀਮਾ

ਡਾ. ਸੁਖਵਿੰਦਰ ਕੁਮਾਰ ਸੁੱਖੀ ਵੱਲੋਂ ਪ੍ਰਭਾਵਸ਼ਾਲੀ ਰੋਡ ਸ਼ੋਅ, ਡਾ. ਸੁੱਖੀ ਵੱਡੇ ਫਰਕ ਨਾਲ ਜ਼ਿਮਨੀ ਚੋਣ ਜਿੱਤਣਗੇ: ਡਾ. ਚੀਮਾ

ਜਲੰਧਰ (ਵੀਓਪੀ ਬਿਉਰੋ): ਜਲੰਧਰ ਪਾਰਲੀਮਾਨੀ ਹਲਕੇ ਦੀ ਜ਼ਿਮਨੀ ਚੋਣ ਵਿਚ ਸ਼੍ਰੋਮਣੀ ਅਕਾਲੀ ਦਲ ਤੇ ਬਸਪਾ ਗਠਜੋੜ ਦੇ ਉਮੀਦਵਾਰ ਡਾ. ਸੁਖਵਿੰਦਰ ਕੁਮਾਰ ਸੁੱਖੀ ਨੇ ਅੱਜ ਸ਼ਹਿਰ ਵਿਚ ਪ੍ਰਭਾਵਸ਼ਾਲੀ ਰੋਡ ਸ਼ੋਅ ਕੱਢਿਆ। ਰੋਡ ਸ਼ੋਅ ਦਾ ਲੋਕਾਂ ਨੇ ਥਾਂ-ਥਾਂ ਭਰਵਾਂ ਸਵਾਗਤ ਕੀਤਾ ਤੇ ਡਾ. ਸੁੱਖੀ ਦੇ ਹੱਕ ਵਿਚ ਨਾਅਰੇਬਾਜ਼ੀ ਕਰਦਿਆਂ ਭਰੋਸਾ ਦੁਆਇਆ ਕਿ ਇਸਵਾਰ  ਹਲਕੇ ਤੋਂ ਅਕਾਲੀ ਦਲ ਤੇ ਬਸਪਾ ਗਠਜੋੜ ਦੀ ਜਿੱਤ ਯਕੀਨੀ ਬਣਾਈ ਜਾਵੇਗੀ।

ਇਸ ਮੌਕੇ ਗੱਡੀ ਵਿਚ ਡਾ. ਸੁੱਖੀ ਦੇ ਨਾਲ ਸਾਬਕਾ ਮੰਤਰੀ ਡਾ. ਦਲਜੀਤ ਸਿੰਘ ਚੀਮਾ, ਸੀਨੀਅਰ ਆਗੂ ਸੁੱਚਾ ਸਿੰਘ ਛੋਟੇਪੁਰ ਤੇ ਜ਼ਿਲ੍ਹਾ ਪ੍ਰਧਾਨ ਕੁਲਵੰਤ ਸਿੰਘ ਮੰਨਣ ਤੇ ਹੋਰ ਸੀਨੀਅਰ ਆਗੂ ਵੀ ਮੌਜੂਦ ਸਨ।

ਇਹ ਰੋਡ ਸ਼ੋਅ ਮਕਸੂਦਾਂ ਚੌਂਕ ਤੋਂ ਸ਼ੁਰੂ ਹੋ ਕੇ ਵਰਕਸ਼ਾਪ ਚੌਂਕ, ਜੇਲ੍ਹ ਰੋਡ, ਜਯੋਤੀ ਚੌਂਕ, ਡਾ. ਅੰਬੇਡਕਰ (ਨਕੋਦਰ ਚੌਂਕ), ਗੁਰੂ ਰਵੀਦਾਸ ਚੌਂਕ, ਜੀ ਟੀ ਬੀ ਨਗਰ, ਮੈਨਬਰੋ ਚੌਂਕ, ਮਸੰਦ ਚੌਂਕ, ਮਾਡਲ ਟਾਊਨ ਮਾਰਕੀਟ, ਗੋਲ ਮਾਰਕੀਟ, ਪੀ ਪੀ ਆਰ ਮਾਲ, ਅਰਬਨ ਅਸਟੇਟ ਫੇਜ਼ 2, ਅਰਬਨ ਅਸਟੇਟ ਫੇਜ਼ 1, ਗੜ੍ਹ, ਪਿਮਸ ਤੋਂ ਹੁੰਦੇ ਹੋਏ ਬੱਸ ਸਟੈਂਡ ਵਿਖੇ ਸਮਾਪਤ ਹੋਇਆ।

ਇਸ ਮੌਕੇ ਕਾਂਗਰਸ ਅਤੇ ਆਪ ’ਤੇ ਵਰ੍ਹਦਿਆਂ ਡਾ. ਸੁੱਖੀ ਨੇ ਕਿਹਾ ਕਿ ਇਹ ਦੋਵੇਂ ਪਾਰਟੀਆਂ ਐਸ ਸੀ ਭਾਈਚਾਰੇ ਦੀਆਂ ਵਿਰੋਧੀ ਪਾਰਟੀਆਂ ਸਾਬਤ ਹੋ ਰਹੀਆਂ ਹਨ। ਉਹਨਾਂ ਕਿਹਾ ਕਿ ਇਕ ਪਾਸੇ ਤਾਂ ਆਮ ਆਦਮੀ ਪਾਰਟੀ ਨੇ ਇਹ ਵਾਅਦਾ ਕੀਤਾ ਸੀ ਕਿ ਸਰਕਾਰ ਬਣਨ ’ਤੇ ਐਸ ਸੀ ਭਾਈਚਾਰੇ ਤੋਂ ਆਗੂ ਨੂੰ ਡਿਪਟੀ ਸੀ ਐਮ ਬਣਾਇਆ ਜਾਵੇਗਾ ਜਦੋਂ ਕਿ ਸਰਕਾਰ ਬਣਦੇ ਸਾਰੇ ਆਪ ਨੇ ਆਪਣਾ ਵਾਅਦਾ ਵਿਸਾਰ ਦਿੱਤਾ। ਦੂਜੇ ਪਾਸੇ ਆਪ ਸਰਕਾਰ ਨੇ ਜੋ ਲਾਅ ਅਫਸਰ ਨਿਯੁਕਤ ਕੀਤੇ ਹਨ ਨਾ ਤਾਂ ਉਹਨਾਂ ਵਿਚ ਇਕ ਵੀ ਐਸ ਸੀ ਭਾਈਚਾਰੇ ਦਾ ਮੈਂਬਰ ਲਾਅ ਅਫਸਰ ਨਿਯੁਕਤ ਕੀਤਾ ਹੈ ਤੇ ਨਾ ਹੀ ਰਾਜ ਸਭਾ ਮੈਂਬਰੀਆਂ ਵੰਡਣ ਵੇਲੇ ਐਸ ਸੀ ਭਾਈਚਾਰੇ ਦੇ ਕਿਸੇ ਮੈਂਬਰ ਨੂੰ ਰਾਜ ਸਭਾ ਮੈਂਬਰ ਬਣਾਇਆ ਹੈ। ਉਹਨਾਂ ਕਿਹਾ ਕਿ ਇਥੋਂ ਹੀ ਆਪ ਸਰਕਾਰ ਦਾ ਐਸ ਸੀ ਭਾਈਚਾਰਾ ਵਿਰੋਧੀ ਚੇਹਰਾ ਨੰਗਾ ਹੋ ਗਿਆ ਹੈ। ਉਹਨਾਂ ਕਿਹਾ ਕਿ ਰਹੀ ਸਹੀ ਕਸਰ ਹੁਣ ਸਰਕਾਰ ਦੇ ਮੰਤਰੀ ਲਾਲ ਚੰਦ ਕਟਾਰੂਚੱਕ ਨੇ ਪੂਰੀ ਕਰ ਦਿੱਤੀ ਹੈ ਜਿਹਨਾਂ ਨੇ ਇਕ ਨਾਬਾਲਗ ਐਸ ਸੀ ਵਿਅਕਤੀ ਦਾ ਜਿਣਸੀ ਸੋਸ਼ਣ ਕੀਤਾ ਤੇ ਦੱਸਿਆ ਹੈ ਕਿ ਐਸ ਸੀ ਭਾਈਚਾਰੇ ਨੂੰ ਇਸ ਪਾਰਟੀ ਦੇ ਆਗੂ ਕਿਸ ਨਜ਼ਰ ਨਾਲ ਵੇਖਦੇ ਹਨ।

ਡਾ. ਸੁੱਖੀ ਨੇ ਕਿਹਾ ਕਿ ਸਿਰਫ ਆਪ ਹੀ ਨਹੀਂ ਬਲਕਿ ਕਾਂਗਰਸ ਵੀ ਐਸ ਸੀ ਭਾਈਚਾਰੇ ਦੀ ਵਿਰੋਧੀ ਹੈ। ਉਹਨਾਂ ਕਿਹਾ ਕਿ ਮੰਤਰੀ ਹੁੰਦਿਆਂ ਕਾਂਗਰਸ ਦੇ ਆਗੂ ਸਾਧੂ ਸਿੰਘ ਧਰਮਸੋਤ ਨੇ ਐਸ ਸੀ ਸਕਾਲਰਸ਼ਿਪ ਸਕੀਮ ਵਿਚ ਵੱਡਾ ਘੁਟਾਲਾ ਕੀਤਾ ਪਰ ਤਤਕਾਲੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਉਹਨਾਂ ਨੂੰ ਕਲੀਨ ਚਿੱਟ ਦੇ ਦਿੱਤੀ। ਉਹਨਾਂ ਕਿਹਾ ਕਿ ਇਸੇ ਤਰੀਕੇ ਆਪ ਸਰਕਾਰ ਵੱਲੋਂ ਐਸ ਸੀ ਭਾਈਚਾਰੇ ਨਾਲ ਵਿਤਕਰਾ ਕਰਨ ਵਾਲੀਆਂ ਲਵਲੀ ਯੂਨੀਵਰਸਿਟੀ ਤੇ ਚੰਡੀਗੜ੍ਹ ਯੂਨੀਵਰਸਿਟੀ ਦੇ ਖਿਲਾਫ ਐਫ ਆਈ ਆਰ ਦਰਜ ਕਰਨ ਤੋਂ ਨਾਂਹ ਕਰ ਦਿੱਤੀ ਗਈ ਜਦੋਂ ਕਿ ਇਹਨਾਂ ਸੰਸਥਾਵਾਂ ਨੇ ਐਸ ਸੀ ਸਕਾਲਰਸ਼ਿਪ ਦੀ ਵੰਡ ਵਿਚ ਘੁਟਾਲਾ ਕੀਤਾ।

 

ਡਾ. ਸੁੱਖੀ ਨੇ ਕਿਹਾ ਕਿ ਦੂਜੇ ਪਾਸੇ ਮੁੱਖ ਮੰਤਰੀ ਹੁੰਦਿਆਂ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੇ 3.50 ਲੱਖ ਦਲਿਤ ਵਿਦਿਆਰਥੀਆਂ ਨੂੰ ਐਸ ਸੀ ਸਕਾਲਰਸ਼ਿਪ ਦਾ ਲਾਭ ਦੇ ਕੇ ਸਿੱਖਿਆ ਦਿੱਤੀ ਤੇ ਹੁਣ ਕਾਂਗਰਸ ਤੇ ਆਪ ਸਰਕਾਰ ਵਿਚ ਸਿਰਫ 1.25 ਲੱਖ ਦਲਿਤ ਵਿਦਿਆਰਥੀ ਸਕੀਮ ਵਿਚ ਸ਼ਾਮਲ ਹਨ। ਉਹਨਾਂ ਕਿਹਾ ਕਿ ਐਸ ਸੀ ਭਾਈਚਾਰਾ ਕਦੇ ਵੀ ਦੋਵਾਂ ਪਾਰਟੀਆਂ ਨੂੰ ਦਲਿਤ ਭਾਈਚਾਰੇ ਨਾਲ ਵਿਤਕਰਾ ਕਰਨ ਲਈ ਮੁਆਫ ਨਹੀਂ ਕਰੇਗਾ।

error: Content is protected !!