ਹਰਿਮੰਦਰ ਸਾਹਿਬ ਨੇੜੇ ਵਿਰਾਸਤੀ ਮਾਰਗ ਉਤੇ ਮੁੜ ਧਮਾਕਾ, 32 ਘੰਟਿਆਂ ਵਿਚ ਦੂਜਾ ਧਮਾਕਾ, ਡੀਜੀਪੀ ਨੇ ਕੀਤਾ ਇਹ ਖੁਲਾਸਾ
ਵੀਓਪੀ ਬਿਊਰੋ, ਅੰਮ੍ਰਿਤਸਰ : ਪੰਜਾਬ ਦੇ ਅੰਮ੍ਰਿਤਸਰ ‘ਚ ਹਰਿਮੰਦਰ ਸਾਹਿਬ ਨੇੜੇ ਵਿਰਾਸਤੀ ਮਾਰਗ ‘ਤੇ ਤੜਕੇ ਇਕ ਹੋਰ ਧਮਾਕਾ ਹੋਇਆ। ਇਹ ਧਮਾਕਾ ਸਵੇਰ ਵੇਲੇ 6 ਵਜੇ ਹੋਇਆ। 32 ਘੰਟਿਆਂ ਬਾਅਦ ਮੁੜ ਧਮਾਕਾ ਹੋਇਆ ਹੈ। ਸਵੇਰ ਦਾ ਸਮਾਂ ਹੋਣ ਕਾਰਨ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਹੈ। ਇਹ ਧਮਾਕਾ ਉਸੇ ਥਾਂ ਦੇ ਨੇੜੇ ਹੋਇਆ ਜਿਥੇ ਸ਼ਨੀਵਾਰ ਦੇਰ ਰਾਤ ਇਹ ਘਟਨਾ ਵਾਪਰੀ ਸੀ। ਹੁਣ ਤੱਕ ਪੁਲਿਸ ਪਹਿਲੇ ਧਮਾਕੇ ਦੇ ਕਾਰਨਾਂ ਦਾ ਪਤਾ ਨਹੀਂ ਲਾ ਸਕੀ ਹੈ ਕਿ ਹੁਣ ਫਿਰ ਇਹ ਧਮਾਕਾ ਹੋਇਆ ਹੈ।
ਪੁਲਿਸ ਨੇ ਇਸ ਮਾਮਲੇ ਵਿਚ ਅਜੇ ਤੱਕ ਚੁੱਪ ਧਾਰੀ ਹੋਈ ਹੈ। ਸਵੇਰੇ ਧਮਾਕੇ ਦੀ ਸੂਚਨਾ ਮਿਲਦੇ ਹੀ ਪੁਲਿਸ ਕਮਿਸ਼ਨਰ ਨੌਨਿਹਾਲ ਸਿੰਘ ਖੁਦ ਮੌਕੇ ‘ਤੇ ਪਹੁੰਚ ਗਏ। ਡਿਟੈਕਟਿਵ ਡੀਸੀਪੀ ਅਤੇ ਏਸੀਪੀ ਗੁਰਿੰਦਰਪਾਲ ਸਿੰਘ ਨਾਗਰਾ ਵੀ ਉਨ੍ਹਾਂ ਦੇ ਨਾਲ ਮੌਜੂਦ ਹਨ।
ਘਟਨਾ ਤੋਂ ਬਾਅਦ ਅੰਮ੍ਰਿਤਸਰ ਪੁਲਿਸ ਦੇ ਬੰਬ ਨਿਰੋਧਕ ਦਸਤੇ ਅਤੇ ਫੋਰੈਂਸਿਕ ਵਿਭਾਗ ਦੀਆਂ ਟੀਮਾਂ ਵੀ ਮੌਕੇ ‘ਤੇ ਪਹੁੰਚ ਗਈਆਂ। ਮੈਟਲ ਡਿਟੈਕਟਰ ਨਾਲ ਆਲੇ-ਦੁਆਲੇ ਦੇ ਇਲਾਕੇ ਦੀ ਤਲਾਸ਼ੀ ਲਈ ਜਾ ਰਹੀ ਹੈ। ਸੀਵਰੇਜ ਲਾਈਨਾਂ ਅਤੇ ਗਟਰਾਂ ਦੀ ਵੀ ਜਾਂਚ ਕੀਤੀ ਜਾ ਰਹੀ ਹੈ। ਡੀਸੀਪੀ ਪਰਮਿੰਦਰ ਸਿੰਘ ਭੰਡਾਲ ਵੀ ਹੈਰੀਟੇਜ ਸਟਰੀਟ ’ਤੇ ਜਾਂਚ ਲਈ ਮੌਕੇ ’ਤੇ ਪੁੱਜੇ। ਇਸ ਦੇ ਨਾਲ ਹੀ ਡੀਜੀਪੀ ਪੰਜਾਬ ਗੌਰਵ ਯਾਦਵ ਵੀ ਮੌਕੇ ‘ਤੇ ਪਹੁੰਚੇ। ਡੀਜੀਪੀ ਗੌਰਵ ਯਾਦਵ ਨੇ ਸਾਫ਼ ਕਿਹਾ ਹੈ ਕਿ ਇਸ ਮਾਮਲੇ ਵਿੱਚ ਅੱਤਵਾਦੀ ਐਂਗਲ ਸਾਹਮਣੇ ਨਹੀਂ ਆਇਆ ਹੈ।ਇਹ ਕਿਸੇ ਸ਼ਰਾਰਤੀ ਅਨਸਰ ਦਾ ਕੰਮ ਜਾਪਦਾ ਹੈ।ਧਮਾਕਾ ਘੱਟ ਸਮਰੱਥਾ ਦਾ ਸੀ। ਦੋਵਾਂ ਘਟਨਾਵਾਂ ਵਿੱਚ ਕੋਈ ਡੈਟੋਨੇਟਰ ਬਰਾਮਦ ਨਹੀਂ ਹੋਇਆ ਹੈ।