ਤੇਜ਼ ਰਫ਼ਤਾਰ ਨਾਲ ਚਲਾ ਰਿਹਾ ਸੀ ਓਵਰਲੋਡ ਬੱਸ, ਕੰਟਰੋਲ ਤੋਂ ਬਾਹਰ ਹੋ ਕੇ ਪੁਲ ਤੋਂ ਡਿਗੀ, 22 ਲੋਕਾਂ ਦੀ ਗਈ ਜਾਨ, 18 ਜਣੇ ਜ਼ਖ਼ਮੀ

ਤੇਜ਼ ਰਫ਼ਤਾਰ ਨਾਲ ਚਲਾ ਰਿਹਾ ਸੀ ਓਵਰਲੋਡ ਬੱਸ, ਕੰਟਰੋਲ ਤੋਂ ਬਾਹਰ ਹੋ ਕੇ ਪੁਲ ਤੋਂ ਡਿਗੀ, 22 ਲੋਕਾਂ ਦੀ ਗਈ ਜਾਨ, 18 ਜਣੇ ਜ਼ਖ਼ਮੀ


ਵੀਓਪੀ ਬਿਊਰੋ, ਭੋਪਾਲ : ਮੱਧ ਪ੍ਰਦੇਸ਼ ਦੇ ਖਰਗੋਨ ਜ਼ਿਲ੍ਹੇ ਵਿਚ ਇਕ ਬੱਸ ਪੁਲ ਤੋਂ ਹੇਠਾਂ ਡਿਗ ਗਈ। ਇਸ ਕਾਰਨ 22 ਲੋਕਾਂ ਦੀ ਮੌਤ ਹੋ ਗਈ ਤੇ 18 ਜ਼ਖ਼ਮੀ ਹੋ ਗਏ। ਘਟਨਾ ਮੰਗਲਵਾਰ ਸਵੇਰੇ 8.30 ਵਜੇ ਵਾਪਰੀ। ਡਰਾਈਵਰ, ਕੰਡਕਟਰ, ਕਲੀਨਰ ਤੇ ਤਿੰਨ ਬੱਚੇ ਵੀ ਜਾਨ ਗੁਆਉਣ ਵਾਲਿਆਂ ਵਿਚ ਸ਼ਾਮਿਲ ਹਨ। ਜ਼ਖ਼ਮੀਆਂ ਨੂੰ ਪ੍ਰਾਇਮਰੀ ਹੈਲਥ ਸੈਂਟਰ ਅਤੇ ਖਰਗੋਨ ਜ਼ਿਲ੍ਹਾ ਹਸਪਤਾਲ ਲਿਆਂਦਾ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਬੱਸ ਸ਼੍ਰੀਖੰਡੀ ਤੋਂ ਇੰਦੌਰ ਜਾ ਰਹੀ ਸੀ। ਉਹ ਦੰਸਵਾ, ਡੋਂਗਰਗਾਓਂ ਵਿਚਕਾਰ ਬੋਰਾਡ ਨਦੀ ਦੇ ਪੁਲ ਦੀ ਰੇਲਿੰਗ ਤੋੜਦੀ ਹੋਈ ਹੇਠਾਂ ਡਿੱਗ ਗਈ। ਜਾਣਕਾਰੀ ਅਨੁਸਾਰ ਇਕ ਤਾਂ ਬੱਸ ਓਵਰਲੋਡ ਸੀ, ਦੂਜਾ ਤੇਜ਼ ਰਫ਼ਤਾਰ ਨਾਲ ਪੁਲ ਤੋਂ ਲੰਘ ਰਹੀ ਸੀ। ਇਸ ਦੌਰਾਨ ਬੇਕਾਬੂ ਹੋਈ ਬੱਸ ਪੁਲ ਤੋਂ ਹੇਠਾਂ ਡਿਗ ਗਈ।
ਮੱਧ ਪ੍ਰਦੇਸ਼ ਸਰਕਾਰ ਖਰਗੋਨ ਬੱਸ ਹਾਦਸੇ ਵਿਚ ਮਾਰੇ ਗਏ ਲੋਕਾਂ ਦੇ ਪਰਿਵਾਰਾਂ ਨੂੰ 4-4 ਲੱਖ ਰੁਪਏ ਦੀ ਵਿੱਤੀ ਸਹਾਇਤਾ ਦੇਵੇਗੀ ਅਤੇ ਜ਼ਖਮੀਆਂ ਦਾ ਇਲਾਜ ਖੁਦ ਕਰਵਾਏਗੀ। ਗੰਭੀਰ ਜ਼ਖ਼ਮੀਆਂ ਨੂੰ 50 ਹਜ਼ਾਰ ਰੁਪਏ ਜਦਕਿ ਬਾਕੀ ਜ਼ਖ਼ਮੀਆਂ ਨੂੰ 25 ਹਜ਼ਾਰ ਰੁਪਏ ਦਿੱਤੇ ਜਾਣਗੇ। ਸਰਕਾਰ ਨੇ ਬੱਸ ਹਾਦਸੇ ਦੀ ਮੈਜਿਸਟ੍ਰੇਟ ਜਾਂਚ ਦੇ ਹੁਕਮ ਦਿੱਤੇ ਹਨ।


ਘਟਨਾ ਦੀ ਸੂਚਨਾ ਮਿਲਦਿਆਂ ਹੀ ਐੱਸਪੀ, ਡੀਸੀ ਤੇ ਵਿਧਾਇਕ ਮੌਕੇ ‘ਤੇ ਪਹੁੰਚ ਗਏ ਹਨ। ਉੱਥੇ ਹੀ ਜ਼ਖਮੀਆਂ ਨੂੰ ਹਸਪਤਾਲ ਭੇਜ ਦਿੱਤਾ ਗਿਆ ਹੈ। ਮੌਕੇ ’ਤੇ ਪੁੱਜੇ ਵਿਧਾਇਕ ਰਵੀ ਜੋਸ਼ੀ ਨਾਲ ਗੱਲਬਾਤ ਦੌਰਾਨ ਪਿੰਡ ਵਾਸੀਆਂ ਨੇ ਦੱਸਿਆ ਕਿ ਬੱਸਾਂ ਓਵਰਲੋਡ ਹੋ ਕੇ ਹਰ ਰੋਜ਼ ਤੇਜ਼ ਰਫ਼ਤਾਰ ਨਾਲ ਲੰਘਦੀਆਂ ਹਨ। ਕਈ ਵਾਰ ਅਸੀਂ ਬੱਸ ਡਰਾਈਵਰਾਂ ਨੂੰ ਰੋਕਿਆ ਪਰ ਉਨ੍ਹਾਂ ਨੇ ਧੱਕੇਸ਼ਾਹੀ ਕਰਨੀ ਸ਼ੁਰੂ ਕਰ ਦਿੱਤੀ।

error: Content is protected !!