ਵਿਰੋਧ… ਰਾਘਵ-ਪਰਿਣੀਤੀ ਨੂੰ ਆਸ਼ੀਰਵਾਦ ਦੇਣ ਪਹੁੰਚੇ ਜਥੇਦਾਰ ਸਾਹਿਬ ਨੂੰ ਆਪਣੇ ਹੀ ਕਹਿਣ ਲੱਗੇ ਇਹ ਚੰਗੀ ਗੱਲ ਨਹੀਂ, ਕਾਂਗਰਸੀ ਕਹਿੰਦੇ ਇਸ ‘ਚ ਗਲਤ ਕੀ ਆ…
ਜਲੰਧਰ/ਦਿੱਲੀ (ਵੀਓਪੀ ਬਿਊਰੋ) ਆਮ ਆਦਮੀ ਪਾਰਟੀ ਦੇ ਨੇਤਾ ਰਾਜ ਸਭਾ ਮੈਂਬਰ ਰਾਘਵ ਚੱਢਾ ਅਤੇ ਬਾਲੀਵੁੱਡ ਅਦਾਕਾਰਾ ਪਰਿਣੀਤੀ ਚੋਪੜਾ ਨੇ ਸ਼ਨੀਵਾਰ ਨੂੰ ਦਿੱਲੀ ਵਿੱਚ ਮੰਗਣੀ ਕਰ ਲਈ। ਇਹ ਪ੍ਰੋਗਰਾਮ ਕਪੂਰਥਲਾ ਹਾਊਸ, ਦਿੱਲੀ ਵਿਖੇ ਕਰਵਾਇਆ ਗਿਆ। ਉਸ ਦੌਰਾਨ ਜਿੱਥੇ ਕਈ ਬਾਲੀਵੁੱਡ ਤੇ ਸਿਆਸੀ ਸ਼ਖਸੀਅਤਾਂ ਪਹੁੰਚਿਆ, ਉੱਥੇ ਹੀ ਸਿੱਖ ਕੌਮ ਦੇ ਮਾਣ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਵੀ ਜੋੜੇ ਨੂੰਨਆਪਣਾ ਆਸ਼ੀਰਵਾਦ ਦੇਣ ਲਈ ਪਹੁੰਚੇ। ਇਸ ਦੌਰਾਨ ਉੱਥੇ ਕੀਰਤਨ ਵੀ ਹੋਇਆ ਅਤੇ ਇਸ ਸਭ ਦਾ ਭਾਰੀ ਵਿਰੋਧ ਹੋ ਰਿਹਾ ਹੈ।
ਗਿਆਨੀ ਹਰਪ੍ਰੀਤ ਸਿੰਘ ਦੇ ਦਿੱਲੀ ਆਉਣ ‘ਤੇ ਕੁਝ ਸਿੱਖ ਜਥੇਬੰਦੀਆਂ ਨੇ ਇਤਰਾਜ਼ ਜਤਾਇਆ ਹੈ ਅਤੇ ਵਲਟੋਹਾ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ‘ਤੇ ਪੋਸਟ ਕਰਕੇ ਜਥੇਦਾਰ ਦੀਆਂ ਕਾਰਵਾਈਆਂ ‘ਤੇ ਨਰਾਜ਼ਗੀ ਜ਼ਾਹਰ ਕੀਤੀ ਹੈ। ਉਸ ਨੇ ਕਿਹਾ, “ਸਤਿਕਾਰਯੋਗ ਜਥੇਦਾਰ ਸਾਹਿਬ! ਅੱਜ ਮੇਰੇ ਵਰਗਾ ਇੱਕ ਨਿਮਾਣਾ ਸਿੱਖ ਦੁਖੀ ਹੈ। ਕੌਮ ਦਾ ਰਾਖਾ ਗੁਰੂ ਹੈ।”
ਇਸੇ ਦੇ ਨਾਲ ਹੀ ਜਥੇਦਾਰ ਹਰਮੱਠ ਸਿੰਘ ਜਲਾਲਪੁਰਾ ਨੇ ਵੀ ਸੋਸ਼ਲ ਮੀਡੀਆ ‘ਤੇ ਪੋਸਟ ਪਾ ਕੇ ਇਸ ਦਾ ਵਿਰੋਧ ਕੀਤਾ ਹੈ। ਸਾਰੇ ਪਾਸੇ ਅਜਿਹਾ ਕਿਹਾ ਜਾ ਰਿਹਾ ਹੈ ਕਿ ਸਗਾਈ ਦੀ ਰਸਮ ਗਿਆਨੀ ਹਰਪ੍ਰੀਤ ਸਿੰਘ ਦੀ ਦੇਖ-ਰੇਖ ਹੇਠ ਹੋਈ ਹੈ।
ਸ਼ਾਮ ਨੂੰ ਗਿਆਨੀ ਹਰਪ੍ਰੀਤ ਸਿੰਘ ਕਪੂਰਥਲਾ ਹਾਊਸ ਵਿਖੇ ਪੁੱਜਣ ਉਪਰੰਤ ਸੁਖਮਨੀ ਸਾਹਿਬ ਦੇ ਪਾਠ ਕੀਤੇ ਗਏ | ਅਜਿਹੀਆਂ ਅਫਵਾਹਾਂ ਹਨ ਕਿ ਉਸਨੇ ਸੰਸਦ ਮੈਂਬਰ ਰਾਘਵ ਚੱਢਾ ਅਤੇ ਅਭਿਨੇਤਰੀ ਪਰਿਣੀਤੀ ਚੋਪੜਾ ਦੀ ਕੁੜਮਾਈ ਦੇ ਸਮਾਰੋਹ ਦੀ ਨਿਗਰਾਨੀ ਕੀਤੀ।
ਇਸ ਸਭ ਵਿਚਕਾਰ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਇਕ ਪ੍ਰੈਸ ਕਾਨਫਰੰਸ ਦੌਰਾਨ ਕਿਹਾ ਸੀ ਕਿ ਇਹ ਤਾਂ ਜਥੇਦਾਰ ਸਾਹਿਬ ਦੀ ਨਿੱਜੀ ਮਰਜ਼ੀ ਹੈ ਕਿ ਉਹ ਕਿਥੇ ਵੀ ਜਾਣ ਕੋਈ ਵਿਰੋਧ ਨਹੀਂ ਕਰ ਸਕਦਾ। ਰਾਜਾ ਵੜਿੰਗ ਨੇ ਅੱਗੇ ਕਿਹਾ ਕਿ ਜੇਕਰ ਅਸੀਂ ਜਥੇਦਾਰ ਬਾਰੇ ਕੁਝ ਬੋਲੀਏ ਤਾਂ ਸਾਰੇ ਕਹਿਣਗੇ ਕਿ ਕੌਮ ‘ਤੇ ਹਮਲਾ ਕੀਤਾ ਹੈ, ਹੁਣ ਇਹ ਆਪ ਹੀ ਵਿਰੋਧ ਕਰ ਰਹੇ ਹਨ। ਉਸ ਨੇ ਕਿਹਾ ਕਿ SGPC ਨੂੰ ਅਕਾਲੀ ਦਲ ਤੋਂ ਆਜ਼ਾਦ ਕਰਵਾਉਣ ਦੀ ਲੋੜ ਹੈ। ਇਸ ਤੋਂ ਇਲਾਵਾ ਵੀ ਸੋਸ਼ਲ ਮੀਡੀਆ ਉਪਰ ਇਸ ਗੱਲ ਦਾ ਬਹੁਤ ਜ਼ਿਆਦਾ ਹੀ ਵਿਰੋਧ ਹੋ ਰਿਹਾ ਹੈ।
ਇਸ ਮਾਮਲੇ ਵਿੱਚ ਅੰਮ੍ਰਿਤਸਰ ਤੋਂ ਕਾਂਗਰਸੀ ਐਮਪੀ ਔਜਲਾ ਨੇ ਵੀ ਟਵੀਟ ਕਰ ਕੇ ਜਥੇਦਾਰ ਦ ਹੱਕ ਵਿੱਚ ਗੱਲ ਕਹੀ ਹੈ ਅਤੇ ਕਿਹਾ ਕਿ ਬੇਵਜ੍ਹਾ ਇਸ ਮਾਮਲੇ ਨੂੰ ਤੂਲ ਦਿੱਤਾ ਜਾ ਰਿਹਾ ਹੈ।