ਦੁਕਾਨਦਾਰ ਨੂੰ ਨੰਗਾ ਕਰ ਕੇ ਬੇਸਬੈਟ ਨਾਲ ਕੀਤੀ ਕੁੱਟਮਾਰ, ਵੀਡੀਓ ਬਣਾ ਕੇ ਸੋਸ਼ਲ ਮੀਡੀਆ ਉਤੇ ਕਰ ਦਿ੍ੱਤੀ ਵਾਇਰਲ, ਕਰੂਰਤਾ ਭਰੀ ਵੀਡੀਓ ਵੇਖ ਰਹਿ ਜਾਓਗੇ ਸੁੰਨ
ਵੀਓਪੀ ਬਿਊਰੋ, ਅੰਮ੍ਰਿਤਸਰ- ਅੰਮ੍ਰਿਤਸਰ ਵਿਚ ਇਕ ਦੁਕਾਨਦਾਰ ਨੂੰ ਨੰਗਾ ਕਰ ਕੇ ਕੁੱਟਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਦੀ ਵੀਡੀਓ ਵੀ ਸੋਸ਼ਲ ਮੀਡੀਆ ਉਤੇ ਵਾਇਰਲ ਕਰ ਦਿੱਤੀ ਗਈ ਹੈ। ਇਹ ਮਾਮਲਾ ਸ਼ਹੀਦ ਊਧਮ ਸਿੰਘ ਨਗਰ, ਗਲੀ ਨੰਬਰ 2 ਇਲਾਕੇ ਦਾ ਹੈ।
ਵਾਇਰਲ ਹੋਈ ਵੀਡੀਓ ਵਿਚ ਸਾਫ ਵੇਖਿਆ ਜਾ ਸਕਦਾ ਹੈ ਕਿ ਕਿਵੇਂ ਮੁਲਜ਼ਮ ਦੁਕਾਨਦਾਰ ਨੂੰ ਨੰਗਾ ਕਰ ਕੇ ਬੇਸਬੈਟ ਨਾਲ ਕੁੱਟਮਾਰ ਕਰ ਰਹੇ ਹਨ।ਮਾਮਲੇ ਦੀ ਵੀਡੀਓ ਸੋਸ਼ਲ ਮੀਡੀਆ ’ਤੇ ਪਾ ਦਿੱਤੀ ਅਤੇ ਦੇਖਦੇ ਹੀ ਦੇਖਦੇ ਇਹ ਵੀਡੀਓ ਇੰਨੀ ਵਾਇਰਲ ਹੋ ਗਈ ਕਿ ਪੁਲਸ ਨੂੰ ਇਸ ਦਾ ਸਖ਼ਤ ਨੋਟਿਸ ਲੈਣਾ ਪਿਆ। ਖ਼ਾਸ ਗੱਲ ਇਹ ਹੈ ਕਿ ਉਥੇ ਮੌਜੂਦ ਲੋਕਾਂ ਨੇ ਉਕਤ ਵਿਅਕਤੀ ਨੂੰ ਛੁਡਵਾਉਣ ਦੀ ਕੋਸਿਸ਼ ਨਹੀਂ ਕੀਤੀ ਅਤੇ ਕੁਝ ਵੀਡੀਓ ਬਣਾਉਣ ਵਿਚ ਲੱਗੇ ਰਹੇ। ਫਿਲਹਾਲ ਇਸ ਮਾਮਲੇ ਵਿਚ ਥਾਣਾ ਬੀ ਡਵੀਜ਼ਨ ਦੀ ਪੁਲਿਸ ਨੇ ਪੰਜ ਲੋਕਾਂ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ, ਜਿਨ੍ਹਾਂ ਦੀ ਸ਼ਨਾਖਤ ਜੁਝਾਰ ਸਿੰਘ ਉਰਫ਼ ਬਬਲੂ, ਪ੍ਰਿੰਸ, ਬੌਬੀ, ਰਾਹੁਲ ਅਤੇ ਸੋਨੂੰ ਵਜੋਂ ਹੋਈ ਹੈ।
ਅੰਮ੍ਰਿਤਸਰ ਪੇਜ਼ ਵੱਲੋਂ ਵੀਡੀਓ ਆਪਣੇ ਚੈਨਲ ਉਤੇ ਚਲਾਈ ਗਈ ਹੈ। ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿਚ ਪੀੜਤ ਗੁਰਮੀਤ ਸਿੰਘ ਨੇ ਦੱਸਿਆ ਕਿ ਮੁਲਜ਼ਮ ਸੋਨੂੰ ਪਿਛਲੇ ਕੁਝ ਸਮੇਂ ਤੋਂ ਬਿਨਾਂ ਕਿਸੇ ਕਾਰਨ ਉਸ ਨਾਲ ਰੰਜਿਸ਼ ਰੱਖਦਾ ਸੀ। ਉਸ ਨੇ ਦੱਸਿਆ ਕਿ ਉਹ ਆਪਣੇ ਘਰ ਦੇ ਸਾਹਮਣੇ ਕਰਿਆਨੇ ਦੀ ਦੁਕਾਨ ਚਲਾਉਂਦਾ ਹੈ। ਉਹ ਆਪਣੀ ਦੁਕਾਨ ਦੇ ਨੇੜੇ ਗਰਾਊਂਡ ਵਿਚ ਖੜ੍ਹਾ ਸੀ ਜਦੋਂ ਉਕਤ ਪੰਜੇ ਮੁਲਜ਼ਮ ਮੋਟਰ ਸਾਈਕਲਾਂ ’ਤੇ ਆਏ ਅਤੇ ਆਉਂਦਿਆਂ ਹੀ ਮੇਰਾ ਗਲਾ ਫੜ ਕੇ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ।ਪੀੜਤ ਨੇ ਦੱਸਿਆ ਕਿ ਉਹ ਮੈਨੂੰ ਘਸੀਟਦੇ ਰਹੇ ਅਤੇ ਮੁਲਜ਼ਮ ਰਾਹੁਲ ਨੇ ਮੇਰੇ ’ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਕੇ ਜ਼ਖ਼ਮੀ ਕਰ ਦਿੱਤਾ।
ਇਸ ਤੋਂ ਬਾਅਦ, ਮੁਲਜ਼ਮ ਸੋਨੂੰ ਅਤੇ ਪ੍ਰਿੰਸ ਨੇ ਜ਼ਬਰਦਸਤੀ ਮੇਰੇ ਸਰੀਰ ਉਤੇ ਪਾਏ ਹੋਏ ਸਾਰੇ ਕੱਪੜੇ ਉਤਾਰ ਦਿੱਤੇ ਅਤੇ ਮੈਨੂੰ ਨੰਗਾ ਕਰ ਦਿੱਤਾ ਅਤੇ ਫ਼ਿਰ ਬੇਸਬੈਟ ਨਾਲ ਮੇਰੀ ਕੁੱਟਮਾਰ ਕੀਤੀ। ਰੌਲਾ ਪਾਉਣ ’ਤੇ ਸਾਰੇ ਹਮਲਾਵਰ ਆਪਣੇ ਮੋਟਰਸਾਈਕਲਾਂ ਸਮੇਤ ਮੌਕੇ ਤੋਂ ਫ਼ਰਾਰ ਹੋ ਗਏ। ਉਸ ਦੀ ਮਾਂ ਅਤੇ ਪਤਨੀ ਨੇ ਉਸ ਨੂੰ ਇਲਾਜ ਲਈ ਹਸਪਤਾਲ ਦਾਖ਼ਲ ਕਰਵਾਇਆ। ਪੁਲਿਸ ਨੇ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਲਈ ਛਾਪੇਮਾਰੀ ਸ਼ੁਰੂ ਕਰ ਦਿੱਤੀ ਹੈ। ਜਾਂਚ ਅਧਿਕਾਰੀ ਦਾ ਕਹਿਣਾ ਹੈ ਕਿ ਜਲਦੀ ਹੀ ਮੁਲਜ਼ਮਾਂ ਨੂੰ ਕਾਬੂ ਕਰ ਲਿਆ ਜਾਵੇਗਾ।