ਚੋਰੀ ਕਰਨ ਘਰ ਵੜੇ ਚੋਰਾਂ ਨੇ ਬਜ਼ੁਰਗ ਔਰਤ ਦਾ ਕਤਲ ਕਰ ਕੇ ਲਾਸ਼ ਸੁੱਟ ਦਿੱਤੀ ਗਟਰ ‘ਚ

ਚੋਰੀ ਕਰਨ ਘਰ ਵੜੇ ਚੋਰਾਂ ਨੇ ਬਜ਼ੁਰਗ ਔਰਤ ਦਾ ਕਤਲ ਕਰ ਕੇ ਲਾਸ਼ ਸੁੱਟ ਦਿੱਤੀ ਗਟਰ ‘ਚ

ਗੁਰਦਾਸਪੁਰ (ਵੀਓਪੀ ਬਿਊਰੋ) ਦੀਨਾਨਗਰ ਹਲਕੇ ਵਿੱਚ ਇਕ ਬਜ਼ੁਰਗ ਔਰਤ ਦਾ ਕਤਲ ਕਰ ਕੇ ਉਸ ਦੀ ਲਾਸ਼ ਨੂੰ ਗਟਰ ਵਿੱਚ ਸੁੱਟੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਮੁਤਾਬਕ ਲੁੱਟ ਦੀ ਨੀਅਤ ਨਾਲ ਘਰ ‘ਚ ਦਾਖਲ ਹੋਏ ਚੋਰਾਂ ਨੇ 60 ਸਾਲਾ ਬਜ਼ੁਰਗ ਔਰਤ ਦਾ ਕਤਲ ਕਰ ਦਿੱਤਾ ਅਤੇ ਲਾਸ਼ ਨੂੰ ਘਰ ‘ਚ ਬਣੇ ਗਟਰ ‘ਚ ਸੁੱਟ ਦਿੱਤਾ ਗਿਆ। ਇਸ ਬਾਰੇ ਜਦੋਂ ਆਸਪਾਸ ਦੇ ਲੋਕਾਂ ਨੂੰ ਪਤਾ ਲੱਗਾ ਤਾਂ ਉਨ੍ਹਾਂ ਨੇ ਮੌਕੇ ‘ਤੇ ਪਹੁੰਚ ਕੇ ਲਾਸ਼ ਨੂੰ ਗਟਰ ‘ਚੋਂ ਬਾਹਰ ਕੱਢਿਆ।

ਕਤਲ ਦੀ ਸੂਚਨਾ ਮਿਲਦਿਆਂ ਹੀ ਥਾਣਾ ਸਦਰ ਦੇ ਮੁਖੀ ਮੇਜਰ ਸਿੰਘ ਪੁਲਿਸ ਪਾਰਟੀ ਸਮੇਤ ਮੌਕੇ ’ਤੇ ਪੁੱਜੇ। ਮਾਮਲਾ ਦੀਨਾਨਗਰ ਅਧੀਨ ਪੈਂਦੇ ਪਿੰਡ ਅਵਾਂਖਾ ਦਾ ਹੈ। ਮ੍ਰਿਤਕ ਔਰਤ ਦੀ ਪਛਾਣ ਕਮਲਾ ਦੇਵੀ ਪਤਨੀ ਸੇਵਾਮੁਕਤ ਸੂਬੇਦਾਰ ਕਰਨ ਸਿੰਘ ਵਜੋਂ ਹੋਈ ਹੈ। ਮ੍ਰਿਤਕ ਔਰਤ ਦਾ ਇੱਕ ਪੁੱਤਰ ਮਰਚੈਂਟ ਨੇਵੀ ਵਿੱਚ ਕੈਪਟਨ ਹੈ ਅਤੇ ਦੂਜਾ ਪੁੱਤਰ ਐਫਸੀਆਈ ਚੰਡੀਗੜ੍ਹ ਵਿੱਚ ਇੰਸਪੈਕਟਰ ਹੈ। ਜਦਕਿ ਬੇਟੀ ਰੇਣੂ ਪਠਾਨਕੋਟ ਰਹਿੰਦੀ ਹੈ। ਮ੍ਰਿਤਕ ਦੀ ਲੜਕੀ ਰੇਨੂੰ ਚੌਧਰੀ ਦੇ ਬਿਆਨਾਂ ‘ਤੇ ਮਿਥੁਨ ਉਰਫ ਪ੍ਰੇਮ ਚੰਦ ਵਾਸੀ ਅਵਾਂਖਾ ਦੇ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ।

ਔਰਤ ਦੇ ਗੁਆਂਢ ਵਿਚ ਰਹਿਣ ਵਾਲੇ ਪਵਨ ਕੁਮਾਰ ਨੇ ਦੱਸਿਆ ਕਿ ਉਸ ਨੇ ਕਮਲਾ ਦੇਵੀ ਦੇ ਘਰ ਦੇ ਬਾਹਰ ਪਿੰਡ ਦੇ ਹੀ ਇਕ ਵਿਅਕਤੀ ਨੂੰ ਦੇਖਿਆ। ਜਦੋਂ ਉਸ ਨੂੰ ਇੱਥੇ ਆਉਣ ਦਾ ਕਾਰਨ ਪੁੱਛਿਆ ਤਾਂ ਉਹ ਮੋਟਰਸਾਈਕਲ ਸਟਾਰਟ ਕਰਕੇ ਫ਼ਰਾਰ ਹੋ ਗਿਆ। ਸ਼ੱਕ ਪੈਣ ‘ਤੇ ਉਹ ਕਮਲਾ ਦੇਵੀ ਦੇ ਘਰ ਪਹੁੰਚਿਆ ਤਾਂ ਇਕ ਕਮਰੇ ‘ਚ ਖੂਨ ਦੇ ਛਿੱਟੇ ਪਏ ਸਨ ਅਤੇ ਨੇੜੇ ਹੀ ਲੋਹੇ ਦੀ ਰਾਡ ਪਈ ਸੀ ਪਰ ਕਮਲਾ ਦੇਵੀ ਦਾ ਪਤਾ ਨਹੀਂ ਲੱਗ ਸਕਿਆ। ਥਾਂ-ਥਾਂ ਭਾਲ ਕਰਨ ‘ਤੇ ਘਰ ਦੇ ਵਿਹੜੇ ‘ਚ ਗਟਰ ਦਾ ਢੱਕਣ ਚੁੱਕ ਕੇ ਦੇਖਿਆ ਤਾਂ ਕਮਲਾ ਦੇਵੀ ਦੀ ਲਾਸ਼ ਲਟਕ ਰਹੀ ਸੀ।

error: Content is protected !!