ਪੁਲਿਸ ਮੁਲਾਜ਼ਮਾਂ ਨੂੰ ਅੱਧਾ ਘੰਟਾ ਬਣਾਈ ਰੱਖਿਆ ਬੰਧਕ, ਕੀਤੀ ਬੁਰੀ ਤਰ੍ਹਾਂ ਕੁੱਟਮਾਰ, ਇਕ ਦਾ ਤਾਂ ਸਿਰ ਪਾੜ’ਤਾ

ਪੁਲਿਸ ਮੁਲਾਜ਼ਮਾਂ ਨੂੰ ਅੱਧਾ ਘੰਟਾ ਬਣਾਈ ਰੱਖਿਆ ਬੰਧਕ, ਕੀਤੀ ਬੁਰੀ ਤਰ੍ਹਾਂ ਕੁੱਟਮਾਰ, ਇਕ ਦਾ ਤਾਂ ਸਿਰ ਪਾੜ’ਤਾ


ਵੀਓਪੀ ਬਿਊਰੋ, ਬਾਬਾ ਬਕਾਲਾ ਸਾਹਿਬ : ਘਰੇਲੂ ਝਗੜੇ ਨੂੰ ਸੁਲਝਾਉਣ ਗਈ ਪੁਲਿਸ ਪਾਰਟੀ ਉਤੇ ਹੀ ਮੁਲਜ਼ਮਾਂ ਨੇ ਹਮਲਾ ਕਰ ਦਿੱਤਾ। ਪੁਲਿਸ ਪਾਰਟੀ ਨੂੰ ਬੰਧਕ ਬਣਾ ਕੇ ਕੁੱਟਮਾਰ ਕੀਤੀ ਗਈ। ਇਕ ਮੁਲਾਜ਼ਮ ਦਾ ਸਿਰ ਪਾੜ ਦਿੱਤਾ ਤੇ ਕਈਆਂ ਦੇ ਸਰੀਰ ਉਤੇ ਡਾਂਗਾਂ ਸੋਟੀਆਂ ਦੇ ਨਿਸ਼ਾਨ ਵੇਖਣ ਨੂੰ ਮਿਲੇ।
ਘਟਨਾ ਸਬ-ਡਵੀਜ਼ਨ ਬਾਬਾ ਬਕਾਲਾ ਸਾਹਿਬ ਦੇ ਕਸਬਾ ਬੁਤਾਲਾ ਦੀ ਹੈ। ਜਾਣਕਾਰੀ ਅਨੁਸਾਰ ਕਸਬਾ ਬੁਤਾਲਾ ਦੀ ਵਸਨੀਕ ਰਜਵੰਤ ਕੌਰ ਨੇ 181 ’ਤੇ ਸ਼ਿਕਾਇਤ ਪਾਈ ਸੀ ਕਿ ਉਸਦੇ ਗੁਆਂਢ ’ਚ ਰਹਿੰਦੇ ਸ਼ਰੀਕੇ ਵਿਚੋਂ ਕੁਝ ਵਿਅਕਤੀਆਂ ਨੇ ਉਨ੍ਹਾਂ ਨਾਲ ਗਾਲੀ-ਗਲੋਚ ਕੀਤੀ ਹੈ ਅਤੇ ਘਰ ਦੀ ਭੰਨਤੋੜ ਕਰ ਰਹੇ ਹਨ, ਜਿਸ ’ਤੇ ਉਕਤ ਔਰਤ ਨੇ ਪੁਲਿਸ ਪਾਰਟੀ ਬੁਤਾਲਾ ਨੂੰ ਵੀ ਫੋਨ ਕਰ ਕੇ ਮੌਕੇ ’ਤੇ ਬੁਲਾਇਆ ਅਤੇ ਕਰੀਬ ਰਾਤ 11 ਵਜੇ ਚੌਕੀ ਬੁਤਾਲਾ ਦੇ ਇੰਚਾਰਜ ਹਰਦੀਪ ਸਿੰਘ ਪੁਲਿਸ ਪਾਰਟੀ ਸਮੇਤ ਘਟਨਾ ਸਥਾਨ ’ਤੇ ਪੁੱਜੇ ਅਤੇ ਮਸਲੇ ਨੂੰ ਸੁਲਝਾਉਣ ਦੀ ਕੋਸ਼ਿਸ਼ ਕੀਤੀ।
ਪੁਲਿਸ ਨੇ ਰਜਵੰਤ ਕੌਰ ਅਤੇ ਉਸ ਦੇ ਦੋ ਨਾਬਾਲਿਗ ਬੱਚਿਆਂ ਨੂੰ ਹਮਲਾਵਰਾਂ ਤੋਂ ਬਚਾਉਣ ਖਾਤਰ ਉਨ੍ਹਾਂ ਨੂੰ ਇਕ ਕਮਰੇ ’ਚ ਬੰਦ ਕਰ ਦਿੱਤਾ ਪਰ 12 ਤੋਂ 15 ਦੇ ਕਰੀਬ ਹਮਲਾਵਰਾਂ ਨੇ ਪੁਲਿਸ ਪਾਰਟੀ ਨਾਲ ਬਹਿਸ ਕਰਨੀ ਸ਼ੁਰੂ ਕਰ ਦਿੱਤੀ ਅਤੇ ਪੁਲਿਸ ਪਾਰਟੀ ’ਤੇ ਹਮਲਾ ਬੋਲ ਦਿੱਤਾ। ਪੁਲਿਸ ਨੂੰ ਕਰੀਬ ਅੰਧੇ ਘੰਟੇ ਤੱਕ ਬੰਧਕ ਵੀ ਬਣਾਈ ਰੱਖਿਆ। ਹਮਲਾਵਰਾਂ ਨੇ ਪੁਲਿਸ ਦੀ ਭਾਰੀ ਕੁੱਟਮਾਰ ਕੀਤੀ, ਜਿਸ ’ਤੇ ਇਕ ਪੁਲਿਸ ਮੁਲਾਜ਼ਮ ਦੇ ਸਿਰ ਉਤੇ 8 ਟਾਂਕੇ ਲੱਗੇ ਅਤੇ ਕੁਝ ਪੁਲਿਸ ਮੁਲਾਜ਼ਮਾਂ ਦੀਆਂ ਬਾਹਾਂ ਉਪਰ ਡਾਂਗਾਂ-ਸੋਟਿਆਂ ਨਾਲ ਧਾਵਾ ਬੋਲਿਆ।


ਸਿਵਲ ਹਸਪਤਾਲ ਬਾਬਾ ਬਕਾਲਾ ਸਾਹਿਬ ਵਿਖੇ ਪੁਲਿਸ ਮੁਲਾਜ਼ਮਾਂ ਵੱਲੋਂ ਐੱਮ. ਐੱਲ. ਆਰ. ਵੀ ਪ੍ਰਾਪਤ ਕੀਤੀ ਗਈ। ਡੀ. ਐੱਸ. ਪੀ. ਬਾਬਾ ਬਕਾਲਾ ਸਾਹਿਬ ਨੇ ਦੱਸਿਆ ਕਿ ਕਰੀਬ 12 ਹਮਲਾਵਰਾਂ ’ਤੇ ਬਾਈਨੇਮ ਅਤੇ ਕੁਝ ਅਣਪਛਾਤੇ ਵਿਅਕਤੀਆਂ ’ਤੇ ਇਰਾਦਾ ਏ ਕਤਲ, ਪੁਲਿਸ ਨੂੰ ਬੰਧਕ ਬਣਾਉਣ ਅਤੇ ਹੋਰ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਪੁਲਿਸ ਪਾਰਟੀ ’ਤੇ ਹਮਲਾ ਕਰਨ ਵਾਲੇ ਹਮਲਾਵਰ ਬਖਸ਼ੇ ਨਹੀਂ ਜਾਣਗੇ ਅਤੇ ਜਲਦ ਹੀ ਉਨ੍ਹਾਂ ਦੇ ਘਰਾਂ ’ਚ ਵੱਡੇ ਪੱਧਰ ’ਤੇ ਛਾਪੇਮਾਰੀ ਕਰ ਕੇ ਉਨ੍ਹਾਂ ਨੂੰ ਸਲਾਖਾਂ ਪਿੱਛੇ ਸੁੱਟਿਆ ਜਾਵੇਗਾ।

error: Content is protected !!