ਨਸ਼ਾ ਕਰ ਕੇ ਚਲਾ ਰਹੇ ਮੁਲਜ਼ਮਾਂ ਕੋਲੋਂ ਨਹੀਂ ਸੰਭਲੀ ਕਾਰ, ਬੈਂਚ ਉਤੇ ਬੈਠੇ ਨੌਜਵਾਨਾਂ ਉਤੇ ਜਾ ਚੜ੍ਹਾਈ, ਚੜ੍ਹਦੀ ਜਵਾਨੀ ਦੋ ਨੌਜਵਾਨ ਗਏ ਮੌਤ ਦੇ ਮੂੰਹ ਵਿਚ, ਤੀਜਾ ਵੈਂਟੀਲੇਟਰ ਉਤੇ

ਨਸ਼ਾ ਕਰ ਕੇ ਚਲਾ ਰਹੇ ਮੁਲਜ਼ਮਾਂ ਕੋਲੋਂ ਨਹੀਂ ਸੰਭਲੀ ਕਾਰ, ਬੈਂਚ ਉਤੇ ਬੈਠੇ ਨੌਜਵਾਨਾਂ ਉਤੇ ਜਾ ਚੜ੍ਹਾਈ, ਚੜ੍ਹਦੀ ਜਵਾਨੀ ਦੋ ਨੌਜਵਾਨ ਗਏ ਮੌਤ ਦੇ ਮੂੰਹ ਵਿਚ, ਤੀਜਾ ਵੈਂਟੀਲੇਟਰ ਉਤੇ


ਵੀਓਪੀ ਬਿਊਰੋ, ਖੰਨਾ : ਨਸ਼ਾ ਕਰ ਕੇ ਚਲਾ ਰਹੇ ਨੌਜਵਾਨਾਂ ਕੋਲੋਂ ਕਾਰ ਨਾ ਸੰਭਲੀ ਤੇ ਬੈਂਚ ਉਤੇ ਬੈਠੇ ਨੌਜਵਾਨਾਂ ਉਤੇ ਜਾ ਚੜ੍ਹਾਈ। ਤੇਜ਼ ਰਫਤਾਰ ਕਾਰ ਨੇ ਦੋ ਨੌਜਵਾਨਾਂ ਦੀ ਜਾਨ ਲੈ ਲਈ ਜਦਕਿ ਤੀਜੇ ਦੀ ਹਾਲਤ ਗੰਭੀਰ ਬਣੀ ਹੋਈ ਹੈ। ਇਹ ਘਟਨਾ ਬੀਤੀ ਰਾਤ ਖੰਨਾ ‘ਚ ਸਮਰਾਲਾ ਰੋਡ ਵਿਖੇ ਵਾਪਰੀ, ਜਿੱਥੇ ਇਹ ਨੌਜਵਾਨ ਸੜਕ ਦੇ ਕੋਲ ਲੱਗੇ ਸੀਮੇਂਟ ਦੇ ਬੈਂਚ ‘ਤੇ ਬੈਠੇ ਸੀ। ਕਾਰ ਸਵਾਰ ਮੁੰਡਿਆਂ ਨੇ ਨਸ਼ਾ ਕੀਤਾ ਹੋਇਆ ਸੀ, ਜਿਸ ਕਰਕੇ ਉਹ ਕਾਰ ਕੰਟਰੋਲ ਨਹੀਂ ਕਰ ਸਕੇ ਅਤੇ ਕਾਰ ਬੇਕਾਬੂ ਹੋ ਕੇ ਦਰੱਖਤ ਨੂੰ ਤੋੜਦੀ ਹੋਈ ਨੌਜਵਾਨਾਂ ‘ਤੇ ਚੜ੍ਹ ਗਈ। ਇਸ ਮਾਮਲੇ ‘ਚ ਪੁਲਸ ਦੀ ਕਾਰਵਾਈ ਤੋਂ ਨਿਰਾਸ਼ ਲੋਕਾਂ ਨੇ ਪੁਲਸ ‘ਤੇ ਦੋਸ਼ੀਆਂ ਦਾ ਸਾਥ ਦੇਣ ਦਾ ਦੋਸ਼ ਲਾਇਆ।
ਹਾਦਸੇ ਦੇ ਚਸ਼ਮਦੀਦ ਪਰਮਜੀਤ ਸਿੰਘ ਨੇ ਦੱਸਿਆ ਕਿ ਤਿੰਨ ਨੌਜਵਾਨ ਜਦੋਂ ਬੈਂਚ ‘ਤੇ ਬੈਠੇ ਸੀ ਤਾਂ ਤੇਜ਼ ਰਫ਼ਤਾਰ ਨਾਲ ਕਾਰ ਆਈ। ਕਾਰ ਡਰਾਈਵਰ ਨੇ ਕੋਈ ਬ੍ਰੇਕ ਨਹੀਂ ਲਗਾਈ। ਕਾਰ ਦਰੱਖਤ ਨੂੰ ਤੋੜਦੀ ਹੋਈ ਆਟਾ ਚੱਕੀ ਦੇ ਬਾਹਰ ਪਏ ਇੱਕ ਭਾਰੀ ਪੱਥਰ ‘ਚ ਵੱਜੀ ਅਤੇ ਫਿਰ ਨੌਜਵਾਨਾਂ ‘ਤੇ ਚੜ੍ਹ ਗਈ। ਪੱਥਰ ਇੱਕ ਨੌਜਵਾਨ ਉੱਪਰ ਜਾ ਕੇ ਡਿੱਗਿਆ। ਉਸ ਦੀ ਮੌਕੇ ‘ਤੇ ਮੌਤ ਹੋ ਗਈ। ਦੂਜੇ ਨੌਜਵਾਨ ਦੀ ਹਸਪਤਾਲ ਲਿਜਾਂਦਿਆਂ ਮੌਤ ਹੋ ਗਈ। ਤੀਜਾ ਨੌਜਵਾਨ ਇਸ ਸਮੇਂ ਵੈਂਟੀਲੇਟਰ ‘ਤੇ ਹੈ। ਪੁਲਸ ਜਾਂਚ ਲਈ ਆਈ ਸੀ ਤਾਂ ਕਾਰ ਵਾਲਿਆਂ ਦਾ ਹੀ ਸਾਥ ਦੇ ਰਹੀ ਸੀ। ਇੱਕ ਹੋਰ ਚਸ਼ਮਦੀਦ ਅਮਰਦੀਪ ਸਿੰਘ ਅਨੁਸਾਰ ਉਹ ਆਪਣੀ ਪਤਨੀ ਨਾਲ ਸੈਰ ਕਰ ਰਿਹਾ ਸੀ ਤਾਂ ਉਸ ਦੀਆਂ ਅੱਖਾਂ ਸਾਹਮਣੇ ਇਹ ਦਰਦਨਾਕ ਹਾਦਸਾ ਵਾਪਰਿਆ। ਉਸ ਨੇ ਦੱਸਿਆ ਕਿ ਕਾਰ ‘ਚ ਸਵਾਰ ਤਿੰਨ ਨੌਜਵਾਨਾਂ ਨੇ ਸ਼ਰਾਬ ਪੀਤੀ ਹੋਈ ਸੀ। ਅਮਰਦੀਪ ਸਿੰਘ ਵੱਲੋਂ ਵੀ ਪੁਲਸ ਦੀ ਕਾਰਵਾਈ ‘ਤੇ ਸਵਾਲ ਚੁੱਕੇ ਗਏ ਹਨ।


ਡੀ. ਐੱਸ. ਪੀ. ਕਰਨੈਲ ਸਿੰਘ ਨੇ ਦੱਸਿਆ ਕਿ ਮੌਕੇ ‘ਤੇ ਮੌਜੂਦ ਲੋਕਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਕਾਰ ਦੀ ਰਫ਼ਤਾਰ ਬਹੁਤ ਤੇਜ਼ ਸੀ। ਕਾਰ ਸਵਾਰਾਂ ਨੇ ਨਸ਼ਾ ਵੀ ਕੀਤਾ ਹੋਇਆ ਸੀ, ਜਿਸ ਕਰਕੇ ਇਸ ਹਾਦਸੇ ‘ਚ 2 ਮੌਤਾਂ ਹੋਈਆਂ। ਇੱਕ ਦੀ ਮੌਤ ਮੌਕੇ ‘ਤੇ ਹੀ ਹੋ ਗਈ ਸੀ। ਬਾਕੀ 2 ਨੌਜਵਾਨਾਂ ਨੂੰ ਜਖ਼ਮੀ ਹਾਲਤ ‘ਚ ਖੰਨਾ ਤੋਂ ਰੈਫ਼ਰ ਕੀਤਾ ਗਿਆ, ਜਿਸ ਦੌਰਾਨ ਦੂਜੇ ਨੌਜਵਾਨ ਦੀ ਰਸਤੇ ‘ਚ ਮੌਤ ਹੋ ਗਈ। ਤੀਜਾ ਨੌਜਵਾਨ ਚੰਡੀਗੜ੍ਹ ਦਾਖ਼ਲ ਕਰਾਇਆ ਗਿਆ। ਕਾਰ ਡਰਾਈਵਰ ਦੇ ਵੀ ਸੱਟਾਂ ਲੱਗੀਆਂ ਹਨ। ਉਸ ਦਾ ਇਲਾਜ ਚੱਲ ਰਿਹਾ ਹੈ।
ਇੱਕ ਮ੍ਰਿਤਕ ਨੌਜਵਾਨ ਦੇ ਪਿਤਾ ਮਨਜੀਤ ਸਿੰਘ ਨੇ ਦੱਸਿਆ ਕਿ ਉਸਦੇ ਪੁੱਤਰ ਦੇ ਨਾਲ ਉਸਦੇ 2 ਭਤੀਜੇ ਬੈਠੇ ਸੀ। ਇਨ੍ਹਾਂ ‘ਤੇ ਕਾਰ ਆ ਕੇ ਚੜ੍ਹੀ। ਉਨ੍ਹਾਂ ਨੇ ਵੀ ਪੁਲਿਸ ਦੀ ਕਾਰਵਾਈ ‘ਤੇ ਸਵਾਲ ਚੁੱਕਦਿਆਂ ਇਨਸਾਫ਼ ਦੀ ਮੰਗ ਕੀਤੀ ਹੈ। ਦੂਜੇ ਪਾਸੇ ਪੁਲਿਸ ਨੇ ਇਸ ਹਾਦਸੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।

error: Content is protected !!