ਇਕੋ ਚੈਨਲ ਨੂੰ ਕਿਉਂ, ਸਾਰੇ ਚੈਨਲਾਂ ਨੂੰ ਗੁਰਬਾਣੀ ਕੀਰਤਨ ਟੈਲੀਕਾਸਟ ਲਈ ਮਿਲਣ ਮੁਫ਼ਤ ਅਧਿਕਾਰ, ਉਪਕਰਨਾਂ ਉਤੇ ਸਰਕਾਰ ਖਰਚ ਕਰਨ ਨੂੰ ਤਿਆਰ : ਮੁੱਖ ਮੰਤਰੀ ਮਾਨ
ਵੀਓਪੀ ਬਿਊਰੋ, ਚੰਡੀਗੜ੍ਹ-ਸਾਂਝੀਵਾਲਤਾ ਦੀ ਪ੍ਰਤੀਕ ਅਤੇ ਸਰਬੱਤ ਦਾ ਭਲਾ ਮੰਗਣ ਵਾਲੀ ਪਵਿੱਤਰ ਗੁਰਬਾਣੀ ਦੇ ਪ੍ਰਸਾਰਣ ਹੱਕ ਸਿਰਫ ਇੱਕ ਖਾਸ ਚੈਨਲ ਨੂੰ ਹੀ ਕਿਉਂ ਦਿੱਤੇ ਜਾਂਦੇ ਨੇ? ਸਾਰੇ ਚੈਨਲਾਂ ਨੂੰ ਗੁਰਬਾਣੀ ਟੈਲੀਕਾਸਟ ਲਈ ਮੁਫਤ ਅਧਿਕਾਰ ਮਿਲਣੇ ਚਾਹੀਦੇ ਨੇ..ਪੰਜਾਬ ਸਰਕਾਰ ਸੱਚਖੰਡ ਸ੍ਰੀ ਦਰਬਾਰ ਸਾਹਿਬ ਵਿਖੇ ਅਤਿ ਆਧੁਨਿਕ ਉਪਕਰਨਾਂ ਦਾ ਸਾਰਾ ਖ਼ਰਚਾ ਕਰਨ ਨੂੰ ਤਿਆਰ ਹੈ… ਇਹ ਪ੍ਰਗਟਾਵਾ ਮੁੱਖ ਮੰਤਰੀ ਭਗਵੰਤ ਮਾਨ ਨੇ ਸ੍ਰੀ ਹਰਿਮੰਦਰ ਸਾਹਿਬ ਤੋਂ ਗੁਰਬਾਣੀ ਕੀਰਤਨ ਦੇ ਪ੍ਰਸਾਰਣ ਨੂੰ ਲੈ ਕੇ ਟਵੀਟ ਜ਼ਰੀਏ ਕੀਤਾ ਹੈ।
ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਸੀ ਕਿ ਉਨ੍ਹਾਂ ਦੀ ਸਰਕਾਰ ਪ੍ਰਸਾਰਣ ਲਈ ਹਰਿਮੰਦਰ ਸਾਹਿਬ ਵਿਖੇ ਆਧੁਨਿਕ ਪ੍ਰਸਾਰਣ ਜਾਂ ਸੰਚਾਰ ਤਕਨਾਲੋਜੀ ਲਗਾਉਣ ਲਈ ਤਿਆਰ ਹੈ। ਇਸ ਸਮੇਂ ਇਕ ਨਿੱਜੀ ਟੀਵੀ ਚੈਨਲ ‘ਤੇ ਗੁਰਬਾਣੀ ਦਾ ਪ੍ਰਸਾਰਣ ਹੋ ਰਿਹਾ ਹੈ। ਭਗਵੰਤ ਮਾਨ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (ਐਸ.ਜੀ.ਪੀ.ਸੀ.) ਨੂੰ ਸਰਬੱਤ ਦੇ ਭਲੇ ਦੇ ਸਰਬ ਸਾਂਝੀਵਾਲਤਾ ਦੇ ਸੰਦੇਸ਼ ਨੂੰ ਫੈਲਾਉਣ ਦੇ ਟੀਚੇ ਨਾਲ ਸਰਬ ਸੰਜੀਦਾ ਗੁਰਬਾਣੀ ਨੂੰ ਵਿਸ਼ਵ ਭਰ ਵਿੱਚ ਪਹੁੰਚਾਉਣ ਲਈ ਹਰ ਸੰਭਵ ਮਦਦ ਕਰਨ ਦੀ ਅਪੀਲ ਕੀਤੀ ਸੀ।
ਮੁੱਖ ਮੰਤਰੀ ਭਗਵੰਤ ਮਾਨ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੂੰ ਇਕ ਚਿੱਠੀ ਲਿਖ ਕੇ ਕਿਹਾ ਸੀ ਕਿ ਪਵਿੱਤਰ ਗੁਰਬਾਣੀ ਦੇ ਪ੍ਰਸਾਰ ਲਈ ਪੰਜਾਬ ਸਰਕਾਰ ਨੂੰ ਮਨਜ਼ੂਰੀ ਦਿੱਤੀ ਜਾਵੇ। ਭਗਵੰਤ ਮਾਨ ਨੇ ਕਿਹਾ ਸੀ ਕਿ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਵਿਖੇ ਆਧੁਨਿਕ ਤਕਨੀਕ ਵਾਲੇ ਉਪਕਰਨਾਂ ਨਾਲ ਗੁਰਬਾਣੀ ਦੇ ਪ੍ਰਸਾਰਣ ਦੀ ਸ਼੍ਰੋਮਣੀ ਕਮੇਟੀ ਇਜਾਜ਼ਤ ਦੇਵੇ। ਪੰਜਾਬ ਸਰਕਾਰ ਪੂਰਾ ਖਰਚਾ ਚੁੱਕਣ ਲਈ ਤਿਆਰ ਹੈ।
ਇਸ ਦੇ ਨਾਲ ਹੀ ਮੁੱਖ ਮੰਤਰੀ ਭਗਵੰਤ ਮਾਨ ਕਿ ਅੱਜ ਸਮੇਂ ਦੀ ਲੋੜ ਹੈ ਕਿ ਪਵਿੱਤਰ ਗੁਰਬਾਣੀ ਦੇ ਸੰਦੇਸ਼ ਨੂੰ ਦੁਨੀਆਂ ਦੇ ਕੋਨੇ-ਕੋਨੇ ਤੱਕ ਪਹੁੰਚਾਇਆ ਜਾਵੇ। ਯੂਟਿਊਬ, ਮੋਬਾਈਲ ਐਪ, ਐਫਐਮ, ਰੇਡੀਓ, ਸੋਸ਼ਲ ਮੀਡੀਆ ਅਤੇ ਸੈਟੇਲਾਈਟ ਟੀਵੀ ਰਾਹੀਂ ਪਵਿੱਤਰ ਗੁਰਬਾਣੀ ਦਾ ਪ੍ਰਚਾਰ ਕਰੋ।
ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਵੀ ਸਿੱਖ ਕੌਮ ਦੀਆਂ ਭਾਵਨਾਵਾਂ ਨੂੰ ਮੁੱਖ ਰੱਖਦਿਆਂ ਭਗਵੰਤ ਮਾਨ ਦੀ ਸਰਕਾਰ ਨੇ ਸ਼੍ਰੋਮਣੀ ਕਮੇਟੀ ਨੂੰ ਸ੍ਰੀ ਹਰਿਮੰਦਰ ਸਾਹਿਬ ਤੋਂ ਗੁਰਬਾਣੀ ਨੂੰ ਵੱਖ-ਵੱਖ ਸੰਚਾਰ ਪਲੇਟਫਾਰਮਾਂ ‘ਤੇ ਪ੍ਰਸਾਰਿਤ ਕਰਨ ਦੀ ਇਜਾਜ਼ਤ ਦੇਣ ਦੀ ਅਪੀਲ ਕੀਤੀ ਸੀ। ਭਗਵੰਤ ਮਾਨ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਹਰ ਸੰਭਵ ਸਹਾਇਤਾ ਦੇਣ ਅਤੇ ਇਸ ਦੇ ਖਰਚੇ ਚੁੱਕਣ ਲਈ ਤਿਆਰ ਸੀ।
ਸਾਂਝੀਵਾਲਤਾ ਦੀ ਪ੍ਰਤੀਕ ਅਤੇ ਸਰਬੱਤ ਦਾ ਭਲਾ ਮੰਗਣ ਵਾਲੀ ਪਵਿੱਤਰ ਗੁਰਬਾਣੀ ਦੇ ਪ੍ਰਸਾਰਣ ਹੱਕ ਸਿਰਫ ਇੱਕ ਖਾਸ ਚੈਨਲ ਨੂੰ ਹੀ ਕਿਉੰ ਦਿੱਤੇ ਜਾਂਦੇ ਨੇ? ਸਾਰੇ ਚੈਨਲਾਂ ਨੂੰ ਗੁਰਬਾਣੀ ਟੈਲੀਕਾਸਟ ਲਈ ਮੁਫਤ ਅਧਿਕਾਰ ਮਿਲਣੇ ਚਾਹੀਦੇ ਨੇ..ਪੰਜਾਬ ਸਰਕਾਰ ਸੱਚਖੰਡ ਸ੍ਰੀ ਦਰਬਾਰ ਸਾਹਿਬ ਵਿਖੇ ਅਤਿ ਆਧੁਨਿਕ ਉਪਕਰਨਾਂ ਦਾ ਸਾਰਾ ਖ਼ਰਚਾ ਕਰਨ ਨੂੰ ਤਿਆਰ ਹੈ..
— Bhagwant Mann (@BhagwantMann) May 21, 2023