ਜੰਗਲਾਤ ਵਿਭਾਗ ਦੇ ਦੋ ਅਫ਼ਸਰਾਂ ਨੇ ਲਈ 70 ਹਜ਼ਾਰ ਦੀ ਰਿਸ਼ਵਤ, ਚੜ੍ਹੇ ਵਿਜੀਲੈਂਸ ਹੱਥੇ

ਜੰਗਲਾਤ ਵਿਭਾਗ ਦੇ ਦੋ ਅਫ਼ਸਰਾਂ ਨੇ ਲਈ 70 ਹਜ਼ਾਰ ਦੀ ਰਿਸ਼ਵਤ, ਚੜ੍ਹੇ ਵਿਜੀਲੈਂਸ ਹੱਥੇ


ਵੀਓਪੀ ਬਿਊਰੋ ਚੰਡੀਗੜ੍ਹ : ਪੰਜਾਬ ਵਿਜੀਲੈਂਸ ਬਿਊਰੋ ਵੱਲੋਂ ਮਾਲੇਰਕੋਟਲਾ ਜੰਗਲਾਤ ਰੇਂਜ ਵਿਚ ਤਾਇਨਾਤ ਬਲਾਕ ਜੰਗਲਾਤ ਅਫ਼ਸਰ ਰਮਨਦੀਪ ਸਿੰਘ ਅਤੇ ਮੁਨੀਸ਼ ਕੁਮਾਰ ਦਰੋਗੇ ਨੂੰ 70 ਹਜ਼ਾਰ ਰੁਪਏ ਦੀ ਰਿਸ਼ਵਤ ਲੈਣ ਦੇ ਦੋਸ਼ ਹੇਠ ਕਾਬੂ ਕੀਤਾ ਗਿਆ ਹੈ। ਦੋਸ਼ ਹੈ ਕਿ ਦੋਵਾਂ ਨੇ ਜੰਗਲਾਤ ਵਿਭਾਗ ਦੇ ਦਰੱਖਤਾਂ ਦੀ ਕਟਾਈ ਕਰਨ ਉਤੇ ਭਾਰੀ ਜੁਰਮਾਨਾ ਨਾ ਲਾਏ ਜਾਣ ਬਦਲੇ 70 ਹਜ਼ਾਰ ਦੀ ਰਿਸ਼ਵਤ ਲਈ ਹੈ।
ਵਿਜੀਲੈਂਸ ਬਿਊਰੋ ਦੇ ਬੁਲਾਰੇ ਨੇ ਦੱਸਿਆ ਕਿ ਉਕਤ ਮੁਲਾਜ਼ਮਾਂ ਖ਼ਿਲਾਫ਼ ਇਹ ਕੇਸ ਸੰਗਰੂਰ ਜ਼ਿਲ੍ਹੇ ਦੇ ਪਿੰਡ ਕਾਤਰੋਂ ਦੇ ਗੁਰਜੀਤ ਸਿੰਘ ਵੱਲੋਂ ‘ਮੁੱਖ ਮੰਤਰੀ ਭ੍ਰਿਸ਼ਟਾਚਾਰ ਵਿਰੋਧੀ ਐਕਸ਼ਨ ਲਾਈਨ’ ’ਤੇ ਦਰਜ ਕਰਵਾਈ ਗਈ ਆਨਲਾਈਨ ਸ਼ਿਕਾਇਤ ਦੀ ਪੜਤਾਲ ਉਪਰੰਤ ਦਰਜ ਕੀਤਾ ਗਿਆ ਹੈ। ਬੁਲਾਰੇ ਨੇ ਦੱਸਿਆ ਕਿ ਸ਼ਿਕਾਇਤਕਰਤਾ ਨੇ ਆਨਲਾਈਨ ਸ਼ਿਕਾਇਤ ਵਿਚ ਦੋਸ਼ ਲਾਇਆ ਹੈ ਕਿ ਉਕਤ ਜੰਗਲਾਤ ਕਰਮਚਾਰੀਆਂ ਨੇ ਜੰਗਲਾਤ ਵਿਭਾਗ ਨਾਲ ਸਬੰਧਤ ਦਰੱਖ਼ਤਾਂ ਦੀ ਕਟਾਈ ਦੇ ਇਵਜ਼ ਵਿਚ ਭਾਰੀ ਜੁਰਮਾਨਾ ਨਾ ਲਾਏ ਜਾਣ ਬਦਲੇ 70,000 ਰੁਪਏ ਰਿਸ਼ਵਤ ਵਜੋਂ ਹਾਸਲ ਕੀਤੇ ਹਨ।


ਬੁਲਾਰੇ ਨੇ ਅੱਗੇ ਦੱਸਿਆ ਕਿ ਪਟਿਆਲਾ ਰੇਂਜ ਦੀ ਵਿਜੀਲੈਂਸ ਯੂਨਿਟ ਵੱਲੋਂ ਆਨਲਾਈਨ ਸ਼ਿਕਾਇਤ ਵਿਚ ਲਗਾਏ ਗਏ ਦੋਸ਼ਾਂ ਦੀ ਜਾਂਚ ਕੀਤੀ ਗਈ ਅਤੇ ਦੋਵਾਂ ਦੋਸ਼ੀਆਂ ਨੂੰ ਸ਼ਿਕਾਇਤਕਰਤਾ ਤੋਂ 70,000 ਰੁਪਏ ਦੀ ਰਿਸ਼ਵਤ ਲੈਣ ਦੇ ਦੋਸ਼ ਵਿਚ ਦੋਸ਼ੀ ਪਾਏ ਜਾਣ ਤੋਂ ਬਾਅਦ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਇਸ ਸਬੰਧੀ ਉਕਤ ਮੁਲਾਜ਼ਮਾਂ ਖ਼ਿਲਾਫ਼ ਵਿਜੀਲੈਂਸ ਥਾਣਾ ਪਟਿਆਲਾ ਵਿਖੇ ਭ੍ਰਿਸ਼ਟਾਚਾਰ ਦਾ ਮੁਕੱਦਮਾ ਦਰਜ ਕਰਕੇ ਦੋਵਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਮੁਲਜ਼ਮਾਂ ਨੂੰ ਭਲਕੇ ਅਦਾਲਤ ਵਿਚ ਪੇਸ਼ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਇਸ ਮਾਮਲੇ ਦੀ ਅਗਲੇਰੀ ਜਾਂਚ ਜਾਰੀ ਹੈ।

error: Content is protected !!