ਵਿਸਰਾ ਰਿਪੋਰਟ ਦੇਣ ਬਦਲੇ ਹੌਲਦਾਰ ਨੇ ਆਨਲਾਈਨ ਲਈ 2100 ਰੁਪਏ ਦੀ ਰਿਸ਼ਵਤ, ਵਿਜੀਲੈਂਸ ਬਿਊਰੋ ਨੇ ਕੀਤਾ ਗ੍ਰਿਫ਼ਤਾਰ

ਵਿਸਰਾ ਰਿਪੋਰਟ ਦੇਣ ਬਦਲੇ ਹੌਲਦਾਰ ਨੇ ਆਨਲਾਈਨ ਲਈ 2100 ਰੁਪਏ ਦੀ ਰਿਸ਼ਵਤ, ਵਿਜੀਲੈਂਸ ਬਿਊਰੋ ਨੇ ਕੀਤਾ ਗ੍ਰਿਫ਼ਤਾਰ


ਵੀਓਪੀ ਬਿਊਰੋ, ਜਲੰਧਰ : ਇਕ ਔਰਤ ਦੀ ਮੌਤ ਤੋਂ ਬਾਅਦ ਵਿਸਰਾ ਰਿਪੋਰਟ ਦੇਣ ਬਦਲੇ ਜਲੰਧਰ ਦੇ ਭਾਰਗਵ ਕੈਂਪ ਥਾਣੇ ਵਿਚ ਤਾਇਨਾਤ ਇਕ ਹੌਲਦਾਰ ਨੂੰ ਪੰਜਾਬ ਵਿਜੀਲੈਂਸ ਬਿਊਰੋ ਨੇ ਰਿਸ਼ਵਤ ਲੈਣ ਦੇ ਦੋਸ਼ ਹੇਠ ਗ੍ਰਿਫ਼ਤਾਰ ਕੀਤਾ ਹੈ।ਹੌਲਦਾਰ ਰਘੂਨਾਥ ਸਿੰਘ (2824/ਜਲੰਧਰ) ਨੇ ਇੱਕ ਮ੍ਰਿਤਕ ਔਰਤ ਦੇ ਵਿਸਰਾ ਰਿਪੋਰਟ ਲਈ ਮੋਹਿਤ ਸਿੰਘ ਵਾਸੀ ਪਿੰਡ ਰਾਏਵਾਲਾ (ਦੇਹਰਾਦੂਨ, ਉੱਤਰਾਖੰਡ) ਤੋਂ ਆਨਲਾਈਨ 2100 ਰੁਪਏ ਦੀ ਰਿਸ਼ਵਤ ਲਈ ਸੀ।
ਮੋਹਿਤ ਨੇ ਭ੍ਰਿਸ਼ਟਾਚਾਰ ਵਿਰੋਧੀ ਮੁੱਖ ਮੰਤਰੀ ਪੰਜਾਬ ਦੀ ਮੇਲ ‘ਤੇ ਆਨਲਾਈਨ ਸ਼ਿਕਾਇਤ ਭੇਜੀ ਸੀ। ਜਿਸ ‘ਤੇ ਮੁੱਖ ਮੰਤਰੀ ਦੇ ਹੁਕਮਾਂ ਤੋਂ ਬਾਅਦ ਵਿਜੀਲੈਂਸ ਬਿਊਰੋ ਨੇ ਜਾਂਚ ਤੋਂ ਬਾਅਦ ਭਾਰਗਵ ਕੈਂਪ ਦੇ ਹੌਲਦਾਰ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਵਿਜੀਲੈਂਸ ਬਿਊਰੋ ਦੇ ਬੁਲਾਰੇ ਨੇ ਦਸਿਆ ਕਿ ਮੋਹਿਤ ਦੀ ਸ਼ਿਕਾਇਤ ‘ਤੇ ਹੌਲਦਾਰ (ਹੈੱਡ ਕਾਂਸਟੇਬਲ) ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ।
ਸ਼ਿਕਾਇਤਕਰਤਾ ਨੇ ਦੋਸ਼ ਲਾਇਆ ਹੈ ਕਿ ਹੌਲਦਾਰ ਰਘੂਨਾਥ ਨੇ ਉਸ ਦੀ ਮ੍ਰਿਤਕ ਭੈਣ ਦੀ ਵਿਸੇਰਾ ਰਿਪੋਰਟ ਸਟੇਟ ਕੈਮੀਕਲ ਐਗਜ਼ਾਮੀਨਰ ਲੈਬਾਰਟਰੀ, ਖਰੜ ਨੂੰ ਭੇਜਣ ਬਦਲੇ ਉਸ ਤੋਂ ਦੋ ਕਿਸ਼ਤਾਂ ਵਿਚ 2100 ਰੁਪਏ ਰਿਸ਼ਵਤ ਵਜੋਂ ਲਏ ਹਨ। ਉਕਤ ਪੁਲਿਸ ਅਧਿਕਾਰੀ ਨੇ ਉਸ ਨੂੰ ਰਿਸ਼ਵਤ ਦੀ ਰਕਮ ਆਨਲਾਈਨ ਭੇਜਣ ਲਈ ਕਿਹਾ। ਉਸ ਨੇ ਹੌਲਦਾਰ ਰਘੂਨਾਥ ਨੂੰ 2100 ਰੁਪਏ ਕਿਸ਼ਤਾਂ ਵਿਚ ਦੇ ਦਿਤੇ। ਉਸ ਨੇ ਮੋਬਾਈਲ ਐਪ ਫੋਨ ਪੇ ਤੋਂ ਦੋ ਕਿਸ਼ਤਾਂ ਵਿਚ 100 ਅਤੇ 2000 ਰੁਪਏ ਆਪਣੇ ਬੈਂਕ ਖਾਤੇ ਵਿਚ ਟਰਾਂਸਫਰ ਕੀਤੇ ਸਨ।
ਬੁਲਾਰੇ ਨੇ ਦਸਿਆ ਕਿ ਵਿਜੀਲੈਂਸ ਬਿਊਰੋ, ਜਲੰਧਰ ਰੇਂਜ ਨੇ ਜਾਂਚ ਦੌਰਾਨ ਦੋਸ਼ ਸਹੀ ਪਾਏ ਹਨ। ਕਾਂਸਟੇਬਲ ਦੇ ਖ਼ਾਤੇ ਵਿਚ ਪੈਸੇ ਆ ਗਏ ਸਨ। ਇਸ ਤੋਂ ਬਾਅਦ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ।

error: Content is protected !!