ਸਹੁਰਿਆਂ ਦੀ ਗਲੀ ਵਿਚ ਪਈ ਮਿਲੀ ਜਵਾਈ ਦੀ ਲਾਸ਼, ਭਤੀਜੇ ਨੇ ਲਾਏ ਇਹ ਦੋਸ਼

ਸਹੁਰਿਆਂ ਦੀ ਗਲੀ ਵਿਚ ਪਈ ਮਿਲੀ ਜਵਾਈ ਦੀ ਲਾਸ਼, ਭਤੀਜੇ ਨੇ ਲਾਏ ਇਹ ਦੋਸ਼


ਵੀਓਪੀ ਬਿਊਰੋ, ਲੋਪੋਕੇ : ਸਬ ਡਵੀਜ਼ਨ ਲੋਪੋਕੇ ’ਚ ਸਹੁਰਿਆਂ ਦੀ ਗਲੀ ਵਿਚ ਜਵਾਈ ਦੀ ਲਾਸ਼ ਪਈ ਮਿਲੀ। ਮ੍ਰਿਤਕ ਦੇ ਪਰਿਵਾਰ ਨੇ ਉਸ ਦੇ ਸਹੁਰਿਆਂ ਉਤੇ ਕੁੱਟ-ਕੁੱਟ ਮੌਤ ਦੇ ਘਾਟ ਉਤਾਰ ਕੇ ਲਾਸ਼ ਗਲੀ ਵਿਚ ਸੁੱਟਣ ਦਾ ਦੋਸ਼ ਲਾਇਆ ਹੈ। ਇਸ ਸਬੰਧੀ ਮ੍ਰਿਤਕ ਨਿਰੰਜਨ ਸਿੰਘ ਦੇ ਭਤੀਜੇ ਗੋਰਾ ਸਿੰਘ ਨੇ ਦੱਸਿਆ ਕਿ ਉਸ ਦੇ ਚਾਚੇ ਦਾ ਸਹੁਰੇ ਪਰਿਵਾਰ ਨਾਲ ਪਿਛਲੇ ਕੁਝ ਸਮੇਂ ਤੋਂ ਵਿਵਾਦ ਚੱਲ ਰਿਹਾ ਸੀ ਤੇ ਉਸ ਦੀ ਪਤਨੀ ਆਪਣੇ ਪੇਕੇ ਘਰ ਰਹਿ ਰਹੀ ਸੀ। ਬੀਤੇ ਦਿਨ ਜਦੋਂ ਉਸ ਦਾ ਚਾਚਾ ਟੈਂਪੂ ’ਤੇ ਆਪਣੇ ਸਹੁਰੇ ਘਰ ਲੋਪੋਕੇ ਆਇਆ ਤਾਂ ਸਹੁਰਾ ਪਰਿਵਾਰ ਨੇ ਉਸ ਨੂੰ ਕੁੱਟ-ਕੁੱਟ ਕੇ ਮਾਰ ਦਿੱਤਾ ਅਤੇ ਉਸ ਦੀ ਲਾਸ਼ ਨੂੰ ਗਲੀ ਵਿਚ ਸੁੱਟ ਦਿੱਤਾ।
ਇਸ ਸਬੰਧੀ ਸਾਨੂੰ ਫੋਨ ’ਤੇ ਕਿਸੇ ਨੇ ਸੂਚਨਾ ਦਿੱਤੀ। ਸੂਚਨਾ ਮਿਲਣ ‘ਤੇ ਫਿਰ ਜਦੋਂ ਅਸੀਂ ਆ ਕੇ ਦੇਖਿਆ ਤਾਂ ਨਿਰੰਜਨ ਸਿੰਘ ਦੀ ਲਾਸ਼ ਗਲੀ ਵਿਚ ਪਈ ਸੀ। ਇਸ ਸਬੰਧੀ ਪੁਲਸ ਥਾਣਾ ਲੋਪੋਕੇ ਦੇ ਏ. ਐੱਸ. ਆਈ. ਗੁਰਦੀਪ ਸਿੰਘ ਨੇ ਕਿਹਾ ਕਿ ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ। ਇਸ ਸਬੰਧੀ ਧਾਰਾ 174 ਦੀ ਕਾਰਵਾਈ ਕੀਤੀ ਗਈ। ਪੁਲਿਸ ਅਨੁਸਾਰ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।


ਇਸ ਸਬੰਧੀ ਮ੍ਰਿਤਕ ਦੇ ਸਹੁਰੇ ਗੁਲਜ਼ਾਰ ਸਿੰਘ ਦੇ ਪਰਿਵਾਰ ਨੇ ਲੱਗੇ ਦੋਸ਼ਾਂ ਨੂੰ ਸਿਰੇ ਤੋਂ ਨਕਾਰਦਿਆਂ ਕਿਹਾ ਕਿ ਅਸੀਂ ਘਰ ‘ਚ ਮੌਜੂਦ ਨਹੀਂ ਸੀ। ਸਾਡੇ ਜਵਾਈ ਨੇ ਲੋਪੋਕੇ ਆ ਕੇ ਮੇਰੀ ਕੁੜੀ ਦੀ ਕੁੱਟਮਾਰ ਕੀਤੀ ਤੇ ਫ਼ਰਾਰ ਹੋ ਗਿਆ। ਸਾਨੂੰ ਨਹੀਂ ਪਤਾ ਕਿ ਉਸ ਦੀ ਮੌਤ ਕਿਸ ਤਰ੍ਹਾਂ ਹੋਈ ਹੈ।

error: Content is protected !!