ਹਥਿਆਰਾਂ ਨਾਲ ਘਰ ਦਾਖਲ ਹੋਏ ਮੁਲਜ਼ਮ, ਪੁੱਤ ਦੀ ਕਰਨ ਲੱਗੇ ਕੁੱਟਮਾਰ, ਬਚਾਉਣ ਆਏ ਬਜ਼ੁਰਗ ਪਿਤਾ ਦੀ ਵਧੀ ਧੜਕਨ, ਹੋ ਗਈ ਮੌਤ

ਹਥਿਆਰਾਂ ਨਾਲ ਘਰ ਦਾਖਲ ਹੋਏ ਮੁਲਜ਼ਮ, ਪੁੱਤ ਦੀ ਕਰਨ ਲੱਗੇ ਕੁੱਟਮਾਰ, ਬਚਾਉਣ ਆਏ ਬਜ਼ੁਰਗ ਪਿਤਾ ਦੀ ਵਧੀ ਧੜਕਨ, ਹੋ ਗਈ ਮੌਤ

ਵੀਓਪੀ ਬਿਊਰੋ, ਤਰਨਤਾਰਨ : ਮਾਮੂਲੀ ਤਕਰਾਰ ਦੇ ਚੱਲਦਿਆਂ ਘਰ ਵਿਚ ਦਾਖ਼ਲ ਹੋ ਕੇ ਮੁਲਜ਼ਮਾਂ ਵੱਲੋਂ ਕੁੱਟਮਾਰ ਕਰਨ ਉਤੇ ਪੁੱਤ ਨੂੰ ਬਚਾਉਣ ਆਏ ਬਜ਼ੁਰਗ ਦੀ ਜਾਨ ਚਲੀ ਗਈ। ਸਹਿਮੇ ਬਜ਼ੁਰਗ ਦੀ ਦਿਲ ਦੀ ਧੜਕਣ ਵੱਧ ਗਈ ਤੇ ਉਸ ਦੀ ਮੌਤ ਹੋ ਗਈ। ਇਸ ਮਾਮਲੇ ’ਚ ਥਾਣਾ ਸਿਟੀ ਤਰਨਤਾਰਨ ਦੀ ਪੁਲਿਸ ਨੇ 4 ਵਿਅਕਤੀਆਂ ਨੂੰ ਨਾਮਜ਼ਦ ਕਰਦਿਆਂ ਕੁੱਲ 9 ਖ਼ਿਲਾਫ਼ ਮਾਮਲਾ ਦਰਜ ਕਰ 2 ਨੂੰ ਗ੍ਰਿਫ਼ਤਾਰ ਕਰ ਕੇ ਅਗਲੇਰੀ ਜਾਂਚ ਸ਼ੁਰੂ ਕਰ ਦਿੱਤੀ ਹੈ।
ਜਾਣਕਾਰੀ ਦਿੰਦਿਆਂ ਸਵਿੰਦਰ ਸਿੰਘ ਪੁੱਤਰ ਹਰੀ ਸਿੰਘ ਵਾਸੀ ਬਾਲੇਚੱਕ ਨੇ ਦੱਸਿਆ ਕਿ 27 ਮਈ ਦੀ ਰਾਤ 9.30 ਵਜੇ ਮਾਮੂਲੀ ਰੰਜਿਸ਼ ਦੇ ਚੱਲਦਿਆਂ ਉਸ ਦੇ ਘਰ ਜਸਪਾਲ ਸਿੰਘ ਉਰਫ਼ ਜੱਸਾ ਪੁੱਤਰ ਸਵਰਨ ਸਿੰਘ, ਪ੍ਰਭਜੀਤ ਸਿੰਘ ਪੁੱਤਰ ਪੂਰਨ ਸਿੰਘ, ਜਸ਼ਨਦੀਪ ਸਿੰਘ ਪੁੱਤਰ ਜਸਪਾਲ ਸਿੰਘ ਅਤੇ ਸਵਰਨ ਸਿੰਘ ਪੁੱਤਰ ਗੁਰਾ ਸਿੰਘ ਵਾਸੀ ਬਾਲੇਚੱਕ ਆਪਣੇ 5 ਅਣਪਛਾਤੇ ਵਿਅਕਤੀਆਂ ਨੂੰ ਲੈ ਹਥਿਆਰਾਂ ਨਾਲ ਦਾਖ਼ਲ ਹੋ ਗਏ। ਸਵਿੰਦਰ ਸਿੰਘ ਨੇ ਦੱਸਿਆ ਕਿ ਵਿਅਕਤੀਆਂ ਨੇ ਉਸ ਨੂੰ ਧਮਕੀ ਦਿੰਦਿਆਂ ਉਸ ਦੀ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ। ਇਸ ਕੁੱਟਮਾਰ ਨੂੰ ਵੇਖਦਿਆਂ ਜਦੋਂ ਉਸ ਨੂੰ ਬਚਾਉਣ ਲਈ ਉਸ ਦਾ ਪਿਤਾ ਹਰੀ ਸਿੰਘ (72) ਅੱਗੇ ਆਇਆ ਤਾਂ ਹਮਲਾਵਰਾਂ ਵਲੋਂ ਉਨ੍ਹਾਂ ਨੂੰ ਵੀ ਬਖ਼ਸ਼ਿਆ ਨਹੀਂ ਗਿਆ ਅਤੇ ਬਜ਼ੁਰਗ ਦੀ ਖਿੱਚ ਧੂਹ ਕਰਦੇ ਹੋਏ ਮਾਰਕੁੱਟ ਕੀਤੀ ਗਈ।
ਕੁਝ ਸਮੇਂ ਬਾਅਦ ਹਮਲਾਵਰ ਮੌਕੇ ਤੋਂ ਫ਼ਰਾਰ ਹੋ ਗਏ। ਇਸ ਮੌਕੇ ਬਜ਼ੁਰਗ ਹਰੀ ਸਿੰਘ ਦੀ ਦਿਲ ਦੀ ਧੜਕਨ ਤੇਜ਼ ਹੋਣ ਦੌਰਾਨ ਉਨ੍ਹਾਂ ਨੂੰ ਤੁਰੰਤ ਸਰਕਾਰੀ ਹਸਪਤਾਲ ਤਰਨਤਾਰਨ ਵਿਖੇ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਹਰੀ ਸਿੰਘ ਨੂੰ ਮ੍ਰਿਤਕ ਕਰਾਰ ਦੇ ਦਿੱਤਾ। ਸਵਿੰਦਰ ਸਿੰਘ ਨੇ ਦੱਸਿਆ ਕਿ ਹਮਲਾਵਰਾਂ ਵਲੋਂ ਘਰ ਅੰਦਰ ਦਾਖ਼ਲ ਹੋ ਜਾਨੋ ਮਾਰਨ ਦੀ ਨੀਅਤ ਨਾਲ ਕੀਤੇ ਗਏ ਫਾਇਰ ਸਬੰਧੀ ਖੋਲ ਪੁਲਿਸ ਵੱਲੋਂ ਬਰਾਮਦ ਕਰ ਲਏ ਗਏ ਹਨ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਥਾਣਾ ਸਿਟੀ ਤਰਨਤਾਰਨ ਦੇ ਸਬ ਇੰਸਪੈਕਟਰ ਅਮਰੀਕ ਸਿੰਘ ਨੇ ਦੱਸਿਆ ਕਿ ਪੁਲਸ ਵਲੋਂ ਇਸ ਮਾਮਲੇ ਵਿਚ ਮੁਕਤ ਚਾਰ ਮੁਲਜ਼ਮਾਂ ਨੂੰ ਨਾਮਜ਼ਦ ਕਰਦੇ ਹੋਏ ਅਤੇ 5 ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ। ਉਨ੍ਹਾਂ ਦੱਸਿਆ ਕਿ ਪੁਲਸ ਵਲੋਂ ਜਸਪਾਲ ਸਿੰਘ ਅਤੇ ਪ੍ਰਭਜੀਤ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਬਾਕੀਆਂ ਦੀ ਭਾਲ ਕੀਤੀ ਜਾ ਰਹੀ ਹੈ।

error: Content is protected !!