ਬੇਰੁਜ਼ਗਾਰਾਂ ਲਈ ਖੁਸ਼ਖਬਰੀ, ਪੰਜਾਬ ਵਿਚ 10 ਹਜ਼ਾਰ ਜਣਿਆਂ ਨੂੰ ਮਿਲੇਗੀ ਨੌਕਰੀ, 60 ਹਜ਼ਾਰ ਤਕ ਹੋਵੇਗੀ ਤਨਖਾਹ

ਬੇਰੁਜ਼ਗਾਰਾਂ ਲਈ ਖੁਸ਼ਖਬਰੀ, ਪੰਜਾਬ ਵਿਚ 10 ਹਜ਼ਾਰ ਜਣਿਆਂ ਨੂੰ ਮਿਲੇਗੀ ਨੌਕਰੀ, 60 ਹਜ਼ਾਰ ਤਕ ਹੋਵੇਗੀ ਤਨਖਾਹ


ਵੀਓਪੀ ਬਿਊਰੋ, ਚੰਡੀਗੜ੍ਹ- ਬੇਰੁਜਗਾਰ ਨੌਜਵਾਨਾਂ ਨੂੰ ਪੰਜਾਬ ਵਿੱਚ ਜਲਦ ਹੀ 10 ਹਜ਼ਾਰ ਨੌਕਰੀਆਂ ਮਿਲਣਗੀਆਂ। ਇਸ ਲਈ ਪੰਜਾਬ ਦੇ ਰੁਜ਼ਗਾਰ ਉਤਪਤੀ, ਹੁਨਰ ਵਿਕਾਸ ਤੇ ਸਿਖਲਾਈ ਵਿਭਾਗ ਵੱਲੋਂ 7 ਜੂਨ ਨੂੰ ਸਾਰੇ ਜ਼ਿਲ੍ਹਿਆਂ ਵਿੱਚ ਪਲੇਸਮੈਂਟ ਮੁਹਿੰਮ ਵਿੱਢੀ ਜਾਵੇਗੀ। ਦੇਸ਼ ਦੀਆਂ 425 ਪ੍ਰਮੁੱਖ ਕੰਪਨੀਆਂ ਵਿੱਚ ਨੌਕਰੀਆਂ ਲਈ 8000 ਤੋਂ ਲੈ ਕੇ 60000 ਰੁਪਏ ਤੱਕ ਤਨਖ਼ਾਹ ਹੋਏਗੀ।
ਇਸ ਪਲੇਸਮੈਂਟ ਮੁਹਿੰਮ ਵਿੱਚ ਰੁਜ਼ਗਾਰ ਲਈ ਨੌਜਵਾਨਾਂ ਦੀ ਚੋਣ ਕਰਨ ਵਾਸਤੇ ਵਰਧਮਾਨ, ਸਪੋਰਟਕਿੰਗ, ਫਲਿੱਪਕਾਰਟ, ਏਅਰਟੈੱਲ ਤੇ ਰਿਲਾਇੰਸ ਸਮੇਤ 425 ਪ੍ਰਮੁੱਖ ਕੰਪਨੀਆਂ ਸ਼ਾਮਲ ਹੋਣਗੀਆਂ। ਇਸ ਪਲੇਸਮੈਂਟ ਮੁਹਿੰਮ ਵਿੱਚ ਪੋਸਟ ਗ੍ਰੈਜੂਏਟ, ਗ੍ਰੈਜੂਏਟ (ਤਕਨੀਕੀ/ਗ਼ੈਰ-ਤਕਨੀਕੀ), ਆਈਟੀਆਈ, ਡਿਪਲੋਮਾ ਹੋਲਡਰ, 12ਵੀਂ ਪਾਸ, ਮੈਟ੍ਰਿਕ ਪਾਸ ਨੌਜਵਾਨਾਂ ਸਮੇਤ ਉਨ੍ਹਾਂ ਨੌਜਵਾਨ ਨੂੰ ਵੀ ਨੌਕਰੀਆਂ ਪ੍ਰਾਪਤ ਕਰਨ ਦੇ ਮੌਕੇ ਦਿੱਤੇ ਜਾਣਗੇ, ਜਿਨ੍ਹਾਂ ਨੇ ਕੋਈ ਵਿਦਿਅਕ ਯੋਗਤਾ ਪ੍ਰਾਪਤ ਨਹੀਂ ਕੀਤੀ।

ਇਸ ਬਾਰੇ ਪੰਜਾਬ ਦੇ ਰੁਜ਼ਗਾਰ ਉਤਪਤੀ, ਹੁਨਰ ਵਿਕਾਸ ਤੇ ਸਿਖਲਾਈ ਮੰਤਰੀ ਅਮਨ ਅਰੋੜਾ ਨੇ ਦੱਸਿਆ ਕਿ ਇਸ ਮੁਹਿੰਮ ਦੌਰਾਨ ਚਾਹਵਾਨ ਨੌਜਵਾਨਾਂ ਨੂੰ 8000-60000 ਰੁਪਏ ਤੱਕ ਤਨਖ਼ਾਹ ਵਾਲੀਆਂ 10000 ਤੋਂ ਵੱਧ ਨੌਕਰੀਆਂ ਦੀ ਪੇਸ਼ਕਸ਼ ਕੀਤੀ ਜਾਵੇਗੀ। ਇਹ ਮੁਹਿੰਮ ਇੱਕੋ ਸਮੇਂ ਸੂਬੇ ਦੇ ਸਾਰੇ ਜ਼ਿਲ੍ਹਿਆਂ ਵਿੱਚ ਚਲਾਈ ਜਾਵੇਗੀ।


ਰੁਜ਼ਗਾਰ ਉਤਪਤੀ ਵਿਭਾਗ ਵੱਲੋਂ ਇਸ ਪਲੇਸਮੈਂਟ ਮੁਹਿੰਮ ਵਿੱਚ ਹਿੱਸਾ ਲੈਣ ਵਾਲੇ ਚਾਹਵਾਨ ਉਮੀਦਵਾਰਾਂ ਦੀ ਸਹੂਲਤ ਲਈ ਪੁਖ਼ਤਾ ਪ੍ਰਬੰਧ ਕੀਤੇ ਗਏ ਹਨ। ਅਰੋੜਾ ਨੇ ਕਿਹਾ ਕਿ ਚਾਹਵਾਨ ਉਮੀਦਵਾਰ ਜੌਬ ਪੋਰਟਲ (http://www.pgrkam.com) ‘ਤੇ ਲੌਗਇਨ ਕਰਕੇ ਜਾਂ ਜ਼ਿਲ੍ਹਾ ਰੁਜ਼ਗਾਰ ਤੇ ਉੱਦਮ ਬਿਊਰੋ ਰਾਹੀਂ ਖ਼ੁਦ ਨੂੰ ਰਜਿਸਟਰ ਕਰ ਸਕਦੇ ਹਨ ਜਾਂ ਸਿੱਧੇ ਪਲੇਸਮੈਂਟ ਡਰਾਈਵ ਵਾਲੀ ਥਾਂ ‘ਤੇ ਵੀ ਆ ਸਕਦੇ ਹਨ। ਨੌਜਵਾਨਾਂ ਨੂੰ ਇਸ ਸਹੂਲਤ ਦਾ ਲਾਭ ਉਠਾਉਣ ਦੀ ਅਪੀਲ ਕੀਤੀ ਗਈ ਹੈ।

error: Content is protected !!