ਡਾਂਸਰ ਦੇ ਘਰ ਉਸ ਦੇ ਪ੍ਰੇਮੀ ਨੇ ਲੈ ਲਿਆ ਫਾਹਾ ਤਾਂ ਪ੍ਰੇਮਿਕਾ ਨੇ ਭਰਾ ਤੇ ਹੋਰਾਂ ਨਾਲ ਮਿਲ ਕੇ ਕੀਤਾ ਇਹ ਕਾਰਾ

ਡਾਂਸਰ ਦੇ ਘਰ ਉਸ ਦੇ ਪ੍ਰੇਮੀ ਨੇ ਲੈ ਲਿਆ ਫਾਹਾ ਤਾਂ ਪ੍ਰੇਮਿਕਾ ਨੇ ਭਰਾ ਤੇ ਹੋਰਾਂ ਨਾਲ ਮਿਲ ਕੇ ਕੀਤਾ ਇਹ ਕਾਰਾ


ਵੀਓਪੀ ਬਿਊਰੋ, ਖੰਨਾ- ਖੰਨਾ ਦੀ ਇਕ ਡਾਂਸਰ ਦੇ ਘਰ ਉਸ ਦੇ ਪ੍ਰੇਮੀ ਨੇ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ। ਡਾਂਸਰ ਨੇ ਆਪਣੇ ਭਰਾ ਅਤੇ ਦੋ ਦੋਸਤਾਂ ਨਾਲ ਮਿਲ ਕੇ ਸਬੂਤ ਮਿਟਾਉਣ ਦੇ ਮਕਸਦ ਨਾਲ ਪ੍ਰੇਮੀ ਦੀ ਲਾਸ਼ ਨੂੰ ਭਾਖੜਾ ਨਹਿਰ ‘ਚ ਸੁੱਟ ਦਿੱਤਾ। ਘਟਨਾ ਦੇ 12 ਦਿਨ ਬਾਅਦ ਪੁਲਿਸ ਦੇ ਸਾਹਮਣੇ ਸੱਚਾਈ ਆਈ ਹੈ। ਜਿਸ ਦੇ ਚਲਦਿਆਂ ਪੁਲਿਸ ਨੇ ਮ੍ਰਿਤਕ ਦੀ ਪਤਨੀ ਦੀ ਸ਼ਿਕਾਇਤ ‘ਤੇ ਡਾਂਸਰ ਸਮੇਤ 4 ਲੋਕਾਂ ਖ਼ਿਲਾਫ਼ ਖ਼ੁਦਕੁਸ਼ੀ ਲਈ ਮਜਬੂਰ ਕਰਨ ਅਤੇ ਸਬੂਤ ਮਿਟਾਉਣ ਦੇ ਦੋਸ਼ ‘ਚ ਮਾਮਲਾ ਦਰਜ ਕਰ ਲਿਆ ਹੈ। ਮੁਲਜ਼ਮਾਂ ਦੀ ਪਛਾਣ ਰਮਨਦੀਪ ਕੌਰ ਰਮਨੇ, ਉਸ ਦਾ ਭਰਾ ਪਵਨਦੀਪ ਸਿੰਘ ਪਵਨ ਵਾਸੀ ਜੋਗੀ ਪੀਰ ਕਾਲੋਨੀ ਰਤਨਹੇੜੀ, ਰਵੀ ਵਾਸੀ ਮੰਡੇਰਾ ਥਾਣਾ ਖਮਾਣੋਂ ਜ਼ਿਲ੍ਹਾ ਫਤਿਹਗੜ੍ਹ ਸਾਹਿਬ ਅਤੇ ਕਾਲਾ ਵਾਸੀ ਰਤਨਹੇੜੀ ਵਜੋਂ ਹੋਈ ਹੈ। ਇਕ ਮੁਲਜ਼ਮ ਨੂੰ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ ਗਿਆ ਹੈ, ਜਦਕਿ ਫਰਾਰ ਤਿੰਨ ਮੁਲਜ਼ਮਾਂ ਦੀ ਭਾਲ ਵਿਚ ਪੁਲਿਸ ਛਾਪੇਮਾਰੀ ਕਰ ਰਹੀ ਹੈ।
ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿਚ ਕਾਜਲ ਵਾਸੀ ਰਾਏਪੁਰ ਮੰਡਲਾ ਥਾਣਾ ਸਦਰ ਪਟਿਆਲਾ ਨੇ ਦੱਸਿਆ ਕਿ ਉਸ ਦਾ ਵਿਆਹ ਬਲਜਿੰਦਰ ਸਿੰਘ ਨਾਲ ਸਾਲ 2017 ਵਿੱਚ ਹੋਇਆ ਸੀ। ਉਸ ਦੀ 4 ਸਾਲ ਦੀ ਬੇਟੀ ਅਤੇ 3 ਸਾਲ ਦਾ ਬੇਟਾ ਹੈ। ਉਸ ਦੇ ਪਤੀ ਬਲਜਿੰਦਰ ਸਿੰਘ ਦਾ ਰਮਨਦੀਪ ਕੌਰ ਰਮਨੇ ਨਾਲ ਚੱਕਰ ਚੱਲ ਰਿਹਾ ਸੀ। ਬਲਜਿੰਦਰ ਸਿੰਘ ਰਮਨਦੀਪ ਕੌਰ ਰਮਨੇ ਨੂੰ ਬਹੁਤ ਪਿਆਰ ਕਰਦਾ ਸੀ। ਰਮਨਦੀਪ ਕੌਰ ਨੇ ਤਿੰਨ ਮਹੀਨਿਆਂ ਲਈ ਇਕ ਕੰਪਨੀ ਨਾਲ ਇਕਰਾਰਨਾਮਾ ਕੀਤਾ ਸੀ ਅਤੇ ਉਸ ਨੂੰ ਲਖਨਊ ਅਤੇ ਗੋਆ ਜਾ ਕੇ ਕੰਮ ਕਰਨ ਲਈ ਕਿਹਾ ਤਾਂ ਉਸ ਦਾ ਪਤੀ ਉਸ ਨੂੰ ਰੋਕਦਾ ਰਿਹਾ। ਇਸ ਦੌਰਾਨ ਉਸ ਦਾ ਪਤੀ ਲਾਪਤਾ ਹੋ ਗਿਆ। ਉਸ ਦਾ ਮੋਬਾਈਲ ਵੀ ਬੰਦ ਆ ਰਿਹਾ ਸੀ। ਉਸ ਨੇ ਪਟਿਆਲਾ ਦੀ ਬਹਾਦਰਗੜ੍ਹ ਚੌਕੀ ਵਿਖੇ ਆਪਣੇ ਪਤੀ ਦੇ ਗੁੰਮ ਹੋਣ ਦੀ ਰਿਪੋਰਟ ਦਰਜ ਕਰਵਾਈ। ਇਸ ਦੌਰਾਨ ਉਸ ਨੂੰ ਪਤਾ ਲੱਗਾ ਕਿ ਉਸ ਦੇ ਪਤੀ ਨੇ ਰਮਨਦੀਪ ਕੌਰ ਦੇ ਘਰ ਫਾਹਾ ਲੈ ਕੇ ਖ਼ੁਦਕੁਸ਼ੀ ਕਰ ਲਈ ਹੈ। ਜਿਸ ਤੋਂ ਬਾਅਦ ਉਸੇ ਦਿਨ ਉਸ ਦੇ ਪਤੀ ਦੀ ਲਾਸ਼ ਨੂੰ ਰਮਨਦੀਪ ਕੌਰ ਦੇ ਭਰਾ ਪਵਨਦੀਪ ਸਿੰਘ ਪਵਨ, ਦੋਸਤ ਰਵੀ ਜੋਕਿ ਪ੍ਰਾਪਰਟੀ ਡੀਲਰ ਦਾ ਕੰਮ ਕਰਦਾ ਹੈ ਅਤੇ ਕਾਲਾ ਨੇ ਉਸ ਦੇ ਪਤੀ ਦੀ ਲਾਸ਼ ਨੂੰ ਘਰੋਂ ਚੁੱਕ ਕੇ ਸਵਿੱਫਟ ਡਿਜ਼ਾਇਰ ਕਾਰ ‘ਚ ਪਾ ਕੇ ਖੰਟ ਮਾਨਪੁਰ ਪੁਲ ਨੇੜੇ ਭਾਖੜਾ ਨਹਿਰ ਵਿਚ ਸੁੱਟ ਦਿੱਤਾ ਸੀ। ਇਸ ਤੋਂ ਬਾਅਦ ਉਸ ਨੇ ਪੁਲਿਸ ਨੂੰ ਸ਼ਿਕਾਇਤ ਕੀਤੀ।


ਸ਼ਿਕਾਇਤਕਰਤਾ ਕਾਜਲ ਅਨੁਸਾਰ ਉਸ ਦਾ ਪਤੀ ਬਲਜਿੰਦਰ ਸਿੰਘ ਟੈਕਸੀ ਡਰਾਈਵਰ ਦਾ ਕੰਮ ਕਰਦਾ ਸੀ। ਪਿਛਲੇ ਸਾਲ ਉਸ ਦੇ ਪਤੀ ਦੀ ਮੁਲਾਕਾਤ ਰਮਨਦੀਪ ਕੌਰ ਨਾਲ ਹੋਈ। ਉਸ ਦਿਨ ਤੋਂ ਰਮਨਦੀਪ ਕੌਰ ਨੇ ਕਾਜਲ ਦੇ ਪਤੀ ਦਾ ਪਿੱਛਾ ਨਹੀਂ ਛੱਡਿਆ। ਬਲਜਿੰਦਰ ਸਿੰਘ ਜ਼ਿਆਦਾਤਰ ਰਮਨਦੀਪ ਕੌਰ ਨਾਲ ਹੀ ਰਹਿੰਦਾ ਸੀ। ਜਦੋਂ ਉਸ ਦਾ ਪਤੀ ਘਰ ਜਾਣ ਲਈ ਕਹਿੰਦਾ ਸੀ ਤਾਂ ਰਮਨਦੀਪ ਉਸ ਨੂੰ ਬਲੈਕਮੇਲ ਕਰਦੀ ਸੀ। 22 ਮਈ ਨੂੰ ਕਾਜਲ ਦਾ ਪਤੀ ਪੈਸੇ ਲੈਣ ਘਰ ਆਇਆ। 23 ਮਈ ਨੂੰ ਮੁੜ ਰਮਨਦੀਪ ਦੇ ਘਰ ਚਲਾ ਗਿਆ। 25 ਮਈ ਨੂੰ ਉਸ ਦੇ ਪਤੀ ਦਾ ਮੋਬਾਇਲ ਬੰਦ ਆਉਣ ਲੱਗਾ। ਰਮਨਦੀਪ ਕੌਰ ਨਾਲ ਗੱਲ ਕੀਤੀ ਤਾਂ ਉਨ੍ਹਾਂ ਨੂੰ ਕੁਝ ਨਹੀਂ ਦੱਸਿਆ ਗਿਆ। ਆਖ਼ਿਰ ਸਾਰੀ ਘਟਨਾ ਪੁਲਿਸ ਜਾਂਚ ‘ਚ ਸੱਚ ਸਾਹਮਣੇ ਆਈ। ਮਾਮਲੇ ਦੀ ਪੁਸ਼ਟੀ ਕਰਦਿਆਂ ਡੀ. ਐੱਸ. ਪੀ. ਕਰਨੈਲ ਸਿੰਘ ਨੇ ਦੱਸਿਆ ਕਿ ਚਾਰ ਕਥਿਤ ਦੋਸ਼ੀਆਂ ਵਿੱਚੋਂ ਪਵਨ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਬਾਕੀ ਤਿੰਨ ਹਾਲੇ ਫਰਾਰ ਚੱਲ ਰਹੇ ਹਨ।

error: Content is protected !!