ਲੁਧਿਆਣਾ ਵਿਚੋਂ ਲੁੱਟੀ ਕੈਸ਼ ਵੈਨ ਪੁਲਿਸ ਨੇ ਕੀਤੀ ਬਰਾਮਦ, ਸੱਤ ਕਰੋੜ ਲੈ ਗਏ ਤੇ ਚਾਰ ਕਰੋੜ ਵੈਨ ਵਿਚ ਹੀ ਛੱਡ ਗਏ ਮੁਲਜ਼ਮ, ਦੋ ਹਥਿਆਰ ਵੀ ਬਰਾਮਦ
ਵੀਓਪੀ ਬਿਊਰੋ, ਲੁਧਿਆਣਾ : ਲੁਧਿਆਣਾ ‘ਚ ਕਰੋੜਾਂ ਦੀ ਲੁੱਟ ਦੇ ਮਾਮਲੇ ‘ਚ ਪੁਲਿਸ ਨੇ ਸਰਗਰਮੀ ਵਿਖਾਈ ਹੈ। ਵਾਰਦਾਤ ਤੋਂ ਬਾਅਦ ਪੂਰੇ ਲੁਧਿਆਣਾ ਜ਼ਿਲ੍ਹੇ ਪੁਲਿਸ ਵੱਲੋਂ ਚੈਕਿੰਗ ਕੀਤੀ ਜਾ ਰਹੀ ਹੈ। ਚੱਪੇ ਚੱਪੇ ਉਤੇ ਪੁਲਿਸ ਮੌਜੂਦ ਸੀ। ਦੱਸਿਆ ਜਾ ਰਿਹਾ ਹੈ ਕਿ ਪੁਲਿਸ ਨੇ ਕੈਸ਼ ਵੈਨ ਮੁੱਲਾਂਪੁਰ ਦੇ ਪਿੰਡ ਪੰਡੋਰੀ ਤੋਂ ਬਰਾਮਦ ਕਰ ਲਈ ਹੈ। ਇਸ ਵਿਚੋਂ 2 ਹਥਿਆਰ ਵੀ ਬਰਾਮਦ ਕੀਤੇ ਗਏ ਹਨ, ਜੋ ਸੁਰੱਖਿਆ ਗਾਰਡ ਦੇ ਹੋਣ ਦੀ ਸੰਭਾਵਨਾ ਹੈ।
ਇਹ ਵੀ ਦੱਸਿਆ ਜਾ ਰਿਹਾ ਹੈ ਕਿ ਬਰਾਮਦ ਕੀਤੀ ਗਈ ਵੈਨ ‘ਚੋਂ ਕਰੀਬ 7 ਕਰੋੜ ਰੁਪਏ ਲੁਟੇਰਿਆਂ ਨੇ ਲੁੱਟ ਲਏ ਅਤੇ 4 ਕਰੋੜ ਦੇ ਕਰੀਬ ਨਕਦੀ ਕੈਸ਼ ਵੈਨ ‘ਚ ਹੀ ਪਈ ਮਿਲੀ। ਫਿਲਹਾਲ ਪੁਲਿਸ ਨੇ ਗੱਡੀ ਨੂੰ ਕਬਜ਼ੇ ‘ਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਇੱਥੇ ਰਾਜਗੁਰੂ ਇਲਾਕੇ ‘ਚ ਸੀ. ਐੱਮ. ਐੱਸ. ਕੰਪਨੀ (ਸਕਿਓਰਿਟੀ ਕੰਪਨੀ) ਦੇ ਸਟਰਾਂਗ ਰੂਮ ‘ਚ ਦੇਰ ਰਾਤ ਹਥਿਆਰਬੰਦ ਲੁਟੇਰਿਆਂ ਨੇ ਧਾਵਾ ਬੋਲਿਆ ਸੀ। ਲੁਟੇਰੇ ਗੰਨ ਪੁਆਇੰਟ ‘ਤੇ ਕਰੋੜਾਂ ਦੇ ਕੈਸ਼ ਨਾਲ ਭਰੀ ਗੱਡੀ ਲੈ ਕੇ ਫ਼ਰਾਰ ਹੋ ਗਏ ਸਨ, ਜਿਸ ਤੋਂ ਬਾਅਦ ਹੁਣ ਇਸ ਕੈਸ਼ ਵੈਨ ਨੂੰ ਬਰਾਮਦ ਕਰ ਲਿਆ ਗਿਆ ਹੈ। ਪੁਲਿਸ ਮੁਲਜ਼ਮਾਂ ਦੀ ਭਾਲ ਵਿਚ ਜੁਟੀ ਹੋਈ ਹੈ। ਜ਼ਿਕਰਯੋਗ ਹੈ ਕਿ ਲੁਧਿਆਣਾ ਵਿਚੋਂ ਲੁਟੇਰੇ ਕੈਸ਼ ਵੈਨ ਵਿੱਚ ਕਰੀਬ 10 ਤੋਂ 11 ਕਰੋੜ ਰੁਪਏ ਭਰਕੇ ਫਰਾਰ ਹੋ ਗਏ । ਇਹ ਘਟਨਾ ਨਿਊ ਰਾਜਗੁਰੂ ਨਗਰ ‘ਚ ਰਾਤ 1.30 ਵਜੇ ਵਾਪਰੀ। ਲੁਟੇਰਿਆਂ ਦੀ ਗਿਣਤੀ 8-10 ਸੀ। ਲੁਟੇਰਿਆਂ ਨੇ ਸੈਂਟਰ ਵਿੱਚ ਤਾਇਨਾਤ ਦੋਵਾਂ ਸੁਰੱਖਿਆ ਮੁਲਾਜ਼ਮਾਂ ਅਤੇ ਬਾਕੀ ਸਟਾਫ਼ ਨੂੰ ਇੱਕ ਕਮਰੇ ਵਿੱਚ ਬੰਦ ਕਰਕੇ ਉਨ੍ਹਾਂ ਦੇ ਮੋਬਾਈਲ ਫ਼ੋਨ ਤੋੜ ਦਿੱਤੇ। ਲੁਟੇਰੇ ਸੀਸੀਟੀਵੀ ਦਾ ਡੀਵੀਆਰ ਵੀ ਨਾਲ ਲੈ ਗਏ।