ਖਾਕੀ ਵਰਦੀ ਵਾਲੇ ਲੱਗੇ ਲੁੱਟਣ ! ਤਲਾਸ਼ੀ ਲੈਣ ਬਹਾਨੇ ਦੁਕਾਨਦਾਰ ਕੋਲੋਂ ਤਿੰਨ ਲੱਖ ਰੁਪਏ ਤੇ ਸੋਨੇ ਦੀ ਚੇਨ ਖੋਹ ਕੇ ਹੋਏ ਫ਼ਰਾਰ

ਖਾਕੀ ਵਰਦੀ ਵਾਲੇ ਲੱਗੇ ਲੁੱਟਣ ! ਤਲਾਸ਼ੀ ਲੈਣ ਬਹਾਨੇ ਦੁਕਾਨਦਾਰ ਕੋਲੋਂ ਤਿੰਨ ਲੱਖ ਰੁਪਏ ਤੇ ਸੋਨੇ ਦੀ ਚੇਨ ਖੋਹ ਕੇ ਹੋਏ ਫ਼ਰਾਰ


ਵੀਓਪੀ ਬਿਊਰੋ, ਮੋਗਾ-ਖਾਕੀ ਵਰਦੀ ਵਾਲੇ ਇਕ ਇਨੋਵਾ ਕਾਰ ਵਿਚ ਆਏ ਤੇ ਦੁਕਾਨ ਬੰਦ ਕਰ ਕੇ ਜਾ ਰਹੇ ਦੁਕਾਨਦਾਰ ਨੂੰ ਤਲਾਸ਼ੀ ਲੈਣ ਬਹਾਨੇ ਰੋਕ ਕੇ ਉਸ ਕੋਲੋਂ 3 ਲੱਖ ਰੁਪਏ ਤੇ ਸੋਨੇ ਦੀ ਚੇਨ ਲੁੱਟ ਕੇ ਫ਼ਰਾਰ ਹੋ ਗਏ। ਇਹ ਵਾਰਦਾਤ ਮੋਗਾ ਦੇ ਕਰਿਆਨਾ ਵਪਾਰੀ ਨਾਲ ਵਾਪਰੀ। ਦਰਅਸਲ, ਲੁੱਟ ਦੀ ਵਾਰਦਾਤ ਕਰਨ ਵਾਲੇ ਪੁਲਿਸ ਮੁਲਾਜ਼ਮ ਨਹੀਂ ਸਨ। ਬਲਕਿ ਲੁਟੇਰੇ ਖਾਕੀ ਵਰਦੀ ਪਾ ਕੇ ਵਾਰਦਾਤ ਨੂੰ ਅੰਜਾਮ ਦੇਣ ਆਏ ਸਨ।
ਪੀੜਤ ਸਤੀਸ਼ ਕੁਮਾਰ ਨੇ ਦੱਸਿਆ ਕਿ ਮੋਗਾ ਦੇ ਗਿੱਲ ਰੋਡ ‘ਤੇ ਇਕ ਇਨੋਵਾ ਕਾਰ ‘ਚ ਪੰਜਾਬ ਪੁਲਿਸ ਦੀ ਵਰਦੀ ‘ਚ ਆਏ ਕੁਝ ਲੁਟੇਰਿਆਂ ਨੇ ਉਸ ਕੋਲੋਂ 3 ਲੱਖ ਰੁਪਏ ਅਤੇ ਸੋਨੇ ਦੀ ਚੇਨ ਲੁੱਟ ਲਈ। ਉੱਥੇ ਹੀ ਸੀਸੀਟੀਵੀ ਫੁਟੇਜ ’ਚ ਸਾਫ਼ ਵੇਖਿਆ ਜਾ ਸਕਦਾ ਹੈ ਕਿ ਇੱਕ ਇਨੋਵਾ ਕਾਰ ਆਉਂਦੀ ਹੈ ਅਤੇ ਉਸ ’ਚੋਂ ਤਿੰਨ ਵਰਦੀਧਾਰੀ ਬਾਹਰ ਆਉਂਦੇ ਹਨ। ਜਿਸ ਤੋਂ ਬਾਅਦ ਉਹ ਵਪਾਰੀ ਨੂੰ ਰੋਕਦੇ ਹਨ ਅਤੇ ਤਲਾਸ਼ੀ ਲਈ ਆਪਣੇ ਨਾਲ ਲੈ ਜਾਂਦੇ ਹਨ। ਥੋੜ੍ਹੀ ਦੂਰ ਰਾਹ ’ਚ ਲੈ ਜਾਕੇ ਉਸ ਨੂੰ ਲੁਹਾਰਾ ਚੌਕ ’ਚ ਲਾਹ ਕੇ ਫ਼ਰਾਰ ਹੋ ਜਾਂਦੇ ਹਨ।


ਇਸ ਘਟਨਾ ਬਾਰੇ ਜਾਣਕਾਰੀ ਦਿੰਦਿਆ ਮੋਗਾ ਦੇ ਐੱਸ. ਐੱਸ. ਪੀ. ਜੇ. ਐਲੀਚੈਲੀਅਨ ਦੇ ਦੱਸਿਆ ਕਿ ਸਿਟੀ ਸਾਊਥ ਦੇ ਇਲਾਕੇ ’ਚ ਕਰਿਆਨਾ ਦੁਕਾਨ ਦੇ ਮਾਲਕ ਨਾਲ ਲੁੱਟਖੋਹ ਦੀ ਵਾਰਦਾਤ ਦੀ ਜਾਣਕਾਰੀ ਮਿਲੀ ਸੀ। ਐੱਸਐੱਸਪੀ ਨੇ ਕਿਹਾ ਕਿ ਮਾਮਲਾ ਬੇਹੱਦ ਗੰਭੀਰ ਹੈ ਕਿਉਂਕਿ ਪੁਲਿਸ ਦੀ ਵਰਦੀ ’ਚ ਲੁਟੇਰਿਆਂ ਨੇ ਵਾਰਦਾਤ ਨੂੰ ਅੰਜਾਮ ਦਿੱਤਾ ਹੈ। ਇਸ ਲਈ ਉਨ੍ਹਾਂ ਨੇ ਖ਼ੁਦ ਮੌਕੇ ’ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਮਾਮਲਾ ਜਲਦ ਸੁਲ਼ਝਾ ਲਿਆ ਜਾਵੇਗਾ। ਮੁਲਜ਼ਮ ਜਲਦ ਪੁਲਿਸ ਦੀ ਗ੍ਰਿਫ਼ਤ ਵਿਚ ਹੋਣਗੇ।

error: Content is protected !!