4 ਹਜ਼ਾਰ ਵਾਸਤੇ ਗਹਿਣੇ ਰੱਖੇ ਮੋਬਾਈਲ ਬਦਲੇ ਨੌਜਵਾਨ ਦੀ ਲੈ ਲਈ ਜਾਨ, ਸੇਮਨਾਲੇ ਵਿਚੋਂ ਮਿਲੀ ਲਾਸ਼, ਤੇਜ਼ਧਾਰ ਹਥਿਆਰਾਂ ਨਾਲ ਕੀਤੇ ਵਾਰ

4 ਹਜ਼ਾਰ ਵਾਸਤੇ ਗਹਿਣੇ ਰੱਖੇ ਮੋਬਾਈਲ ਬਦਲੇ ਨੌਜਵਾਨ ਦੀ ਲੈ ਲਈ ਜਾਨ, ਸੇਮਨਾਲੇ ਵਿਚੋਂ ਮਿਲੀ ਲਾਸ਼, ਤੇਜ਼ਧਾਰ ਹਥਿਆਰਾਂ ਨਾਲ ਕੀਤੇ ਵਾਰ

ਵੀਓਪੀ ਬਿਊਰੋ, ਮੰਡੀ ਲੱਖੇਵਾਲੀ : 4 ਹਜ਼ਾਰ ਰੁਪਏ ’ਚ ਗਹਿਣੇ ਰੱਖਿਆ ਹੋਇਆ ਮੋਬਾਈਲ ਇਕ ਨੌਜਵਾਨ ਦੇ ਕਤਲ ਦਾ ਕਾਰਨ ਬਣ ਗਿਆ। ਚਾਰ ਵਿਅਕਤੀਆਂ ਨੇ ਤੇਜ਼ਧਾਰ ਹਥਿਆਰਾਂ ਨਾਲ ਉਸ ਦਾ ਕਤਲ ਕਰ ਕੇ ਲਾਸ਼ ਸੇਮਨਾਲੇ ਵਿਚ ਸੁਟ ਦਿੱਤੀ। ਪੁਲਿਸ ਨੇ ਚਾਰਾਂ ਵਿਅਕਤੀਆਂ ਦੇ ਖਿਲਾਫ਼ ਕਤਲ ਦਾ ਮਾਮਲਾ ਦਰਜ ਕਰ ਕੇ ਗ੍ਰਿਫ਼ਤਾਰ ਕਰ ਲਿਆ ਹੈ।
ਜਾਣਕਾਰੀ ਅਨੁਸਾਰ ਬੀਤੇ ਸ਼ਨੀਵਾਰ ਨੂੰ ਭਾਗਸਰ ਚੰਦਭਾਨ ਡਰੇਨ ’ਚੋਂ ਇਕ ਨੌਜਵਾਨ ਦੀ ਲਾਸ਼ ਮਿਲੀ ਸੀ, ਜਿਸਦੀ ਸ਼ਨਾਖ਼ਤ ਗੁਰਪਿੰਦਰ ਸਿੰਘ ਵਾਸੀ ਭਾਗਸਰ ਵਜੋਂ ਹੋਈ ਹੈ। ਇਸ ਸਬੰਧੀ ਥਾਣਾ ਲੱਖੇਵਾਲੀ ਪੁਲਿਸ ਨੂੰ ਦਿੱਤੇ ਬਿਆਨਾਂ ’ਚ ਸਰਬਜੀਤ ਸਿੰਘ ਵਾਸੀ ਪਿੰਡ ਭਾਗਸਰ ਨੇ ਦੱਸਿਆ ਕਿ ਉਸ ਦਾ ਲੜਕਾ ਗੁਰਪਿੰਦਰ ਸਿੰਘ ਵਿਆਹਿਆ ਹੋਇਆ ਹੈ। ਗੁਰਪਿੰਦਰ ਸਿੰਘ ਚੋਰੀ ਛੁਪੇ ਸ਼ਰਾਬ ਵੇਚਣ ਦਾ ਕੰਮ ਵੀ ਕਰਦਾ ਸੀ, ਜਿਸਦੀ ਪਿੰਡ ਦੇ ਕੁਝ ਲੜਕਿਆਂ ਨਾਲ ਵਾਕਫ਼ੀਅਤ ਹੋਣ ਕਰਕੇ ਆਉਣਾ ਜਾਣਾ ਸੀ। ਮਿਤੀ 8 ਜੂਨ 2023 ਨੂੰ ਵਕਤ ਕਰੀਬ 7:30 ਵਜੇ ਸ਼ਾਮ ਦਾ ਹੋਵੇਗਾ ਕਿ ਕਾਲਾ ਸਿੰਘ ਪੁੱਤਰ ਹਰਜਿੰਦਰ ਸਿੰਘ ਆਪਣੇ ਮੋਟਰਸਾਈਕਲ ’ਤੇ ਸਾਡੇ ਘਰ ਆਇਆ ਅਤੇ ਗੁਰਪਿੰਦਰ ਸਿੰਘ ਨੂੰ ਆਪਣੇ ਮੋਟਰਸਾਈਕਲ ’ਤੇ ਬਿਠਾ ਕੇ ਲੈ ਗਿਆ। ਇਸ ਤੋਂ ਬਾਅਦ ਗੁਰਪਿੰਦਰ ਘਰ ਨਹੀਂ ਆਇਆ ਜਿਸਦੀ ਅਸੀਂ ਕਾਫ਼ੀ ਤਲਾਸ਼ ਕੀਤੀ, ਪਰ ਉਸ ਬਾਰੇ ਕੋਈ ਪਤਾ ਨਹੀਂ ਲੱਗਾ।
ਇਸ ਬਾਰੇ ਸਾਨੂੰ ਹੁਣ ਪੜਤਾਲ ਕਰਨ ’ਤੇ ਪਤਾ ਲੱਗਾ ਕਿ ਗੁਰਪਿੰਦਰ ਸਿੰਘ ਅਤੇ ਵਰਿੰਦਰ ਸਿੰਘ ਪੁੱਤਰ ਮਹਿੰਦਰ ਸਿੰਘ ਵਾਸੀ ਗੁਰਦੁਆਰਾ ਬਸਤੀ ਭਾਗਸਰ ਦੋਵਾਂ ਨੇ ਮਿਲ ਕੇ, ਵਰਿੰਦਰ ਸਿੰਘ ਦਾ ਮੋਬਾਈਲ 4 ਹਜ਼ਾਰ ਰੁਪਏ ’ਚ ਕਿਸੇ ਕੋਲ ਗਹਿਣੇ ਰੱਖਿਆ ਸੀ ਜਿਸਦੇ ਰੁਪਏ ਇਨ੍ਹਾਂ ਦੋਵਾਂ ਨੇ ਵਰਤ ਲਏ ਸਨ। ਹੁਣ ਵਰਿੰਦਰ ਸਿੰਘ ਦਬਾਅ ਪਾਉਂਦਾ ਸੀ ਕਿ ਗੁਰਪਿੰਦਰ ਸਿੰਘ ਉਸਦਾ ਮੋਬਾਈਲ ਵਾਪਸ ਲੈ ਕੇ ਦੇਵੇ। ਵਰਿੰਦਰ ਸਿੰਘ ਨੇ ਸਮੇਤ ਜਾਨੀ ਸਿੰਘ ਅਤੇ ਰਵਿੰਦਰ ਸਿੰਘ ਉਰਫ ਕਾਲੂ ਵਾਸੀਆਨ ਭਾਗਸਰ ਨੇ ਗੁਰਪਿੰਦਰ ਸਿੰਘ ਨੂੰ ਧਮਕੀਆਂ ਦਿੱਤੀਆ ਸਨ ਕਿ ਜੇਕਰ ਉਸਨੇ ਉਸਦਾ ਮੋਬਾਈਲ ਨਾ ਲੈ ਕੇ ਦਿੱਤਾ ਤਾਂ ਨਤੀਜੇ ਭੁਗਤਣੇ ਪੈਣਗੇ।
10 ਜੂਨ ਨੂੰ ਸੇਮਨਾਲਾ ਵਿੱਚ ਇਕ ਲਾਸ਼ ਪਾਣੀ ਵਿੱਚ ਦੇਖੀ, ਜਦ ਅਸੀਂ ਨੇੜੇ ਜਾ ਕੇ ਦੇਖਿਆ ਤਾਂ ਇਹ ਲਾਸ਼ ਪੁੱਤ ਗੁਰਪਿੰਦਰ ਸਿੰਘ ਦੀ ਸੀ। ਗੁਰਪਿੰਦਰ ਸਿੰਘ ਦੇ ਸਿਰ ਦੇ ਖੱਬੇ ਪਾਸੇ ਕੰਨ ਤੋਂ ਉਪਰ ਤੇਜ਼ਧਾਰ ਹਥਿਆਰ ਦੀ ਸੱਟ ਦਾ ਜ਼ਖ਼ਮ ਸੀ। ਉਸ ਦੀ ਛਾਤੀ ਅਤੇ ਬਾਕੀ ਸਰੀਰ ’ਤੇ ਹੋਰ ਵੀ ਸੱਟਾਂ ਦੇ ਨਿਸ਼ਾਨ ਹਨ।


ਉਸ ਨੇ ਦੋਸ਼ ਲਾਇਆ ਕਿ ਉਕਤਾਨ ਵਿਅਕਤੀਆਂ ਨੇ ਮੇਰੇ ਲੜਕੇ ਗੁਰਪਿੰਦਰ ਸਿੰਘ (25) ਦਾ ਸੱਟਾਂ ਮਾਰ ਕੇ ਕਤਲ ਕਰ ਦਿੱਤਾ ਅਤੇ ਲਾਸ਼ ਖੁਰਦ ਬੁਰਦ ਕਰਨ ਦੀ ਨੀਅਤ ਨਾਲ ਸੇਮਨਾਲੇ ’ਚ ਸੁੱਟ ਦਿੱਤੀ। ਉਕਤ ਬਿਆਨਾਂ ’ਤੇ ਕਾਰਵਾਈ ਕਰਦਿਆਂ ਥਾਣਾ ਲੱਖੇਵਾਲੀ ਪੁਲਿਸ ਨੇ ਕਾਲਾ ਸਿੰਘ ਪੁੱਤਰ ਹਰਜਿੰਦਰ ਸਿੰਘ, ਵਰਿੰਦਰ ਸਿੰਘ ਪੁੱਤਰ ਮਹਿੰਦਰ ਸਿੰਘ, ਜਾਨੀ ਸਿੰਘ ਉਰਫ ਦੇਵਾ ਪੁੱਤਰ ਦਰਸ਼ਨ ਸਿੰਘ ਅਤੇ ਰਵਿੰਦਰ ਸਿੰਘ ਉਰਫ ਕਾਲੂ ਪੁੱਤਰ ਇਕਬਾਲ ਸਿੰਘ ਵਾਸੀਆਨ ਭਾਗਸਰ ਦੇ ਖ਼ਿਲਾਫ਼਼ ਧਾਰਾ 302, 201, 34 ਆਈਪੀਸੀ ਤਹਿਤ ਮੁਕੱਦਮਾ ਦਰਜ ਕਰਕੇ ਗ੍ਰਿਫ਼ਤਾਰ ਕਰ ਲਿਆ ਹੈ। ਪੁਲਿਸ ਵੱਲੋਂ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ।

error: Content is protected !!