ਕੋਠੀ ‘ਤੇ ਕਬਜ਼ਾ ਕਰਨ ਦੇ ਦੋਸ਼ਾਂ ਦਾ ਸਾਹਮਣਾ ਕਰ ਰਹੀ ‘ਆਪ’ ਵਿਧਾਇਕਾ ਨੂੰ ਪਿੰਡ ਵਾਲਿਆਂ ਨੇ ਘੇਰਿਆ, ਕਿਹਾ- ‘ਆਪ’ ਸਰਪੰਚ ਨੇ ਛੱਪੜ ‘ਤੇ ਕਬਜ਼ਾ ਕੀਤਾ ਉਹ ਵੀ ਛੁਡਾ ਦਿਓ

ਕੋਠੀ ‘ਤੇ ਕਬਜ਼ਾ ਕਰਨ ਦੇ ਦੋਸ਼ਾਂ ਦਾ ਸਾਹਮਣਾ ਕਰ ਰਹੀ ‘ਆਪ’ ਵਿਧਾਇਕਾ ਨੂੰ ਪਿੰਡ ਵਾਲਿਆਂ ਨੇ ਘੇਰਿਆ, ਕਿਹਾ- ‘ਆਪ’ ਸਰਪੰਚ ਨੇ ਛੱਪੜ ‘ਤੇ ਕਬਜ਼ਾ ਕੀਤਾ ਉਹ ਵੀ ਛੁਡਾ ਦਿਓ

ਲੁਧਿਆਣਾ (ਵੀਓਪੀ ਬਿਊਰੋ)ਜਗਰਾਓਂ ਵਿੱਚ ਵਿਧਾਇਕ ਸਰਬਜੀਤ ਕੌਰ ਮਾਣੂੰਕੇ ਦੀ ਕੋਠੀ ਦੇ ਕਬਜ਼ੇ ਨੂੰ ਲੈ ਕੇ ਵਿਵਾਦ ਅਜੇ ਉੱਭਰਿਆ ਹੀ ਨਹੀਂ ਸੀ ਕਿ ਪਿੰਡ ਵਾਸੀਆਂ ਨੇ ਉਸ ਨੂੰ ਇਕ ਹੋਰ ਮਾਮਲੇ ਵਿੱਚ ਘੇਰ ਲਿਆ। ਮਾਣੂਕੇ ਵੱਲੋਂ ਪਿੰਡ ਭੰਮੀਪੁਰਾ ਕਲਾਂ ਵਿੱਚ ਸ਼ਿਕਾਇਤ ਨਿਵਾਰਨ ਅਦਾਲਤ ਲਗਾਈ ਗਈ। ਇਸ ਦੌਰਾਨ ਪਿੰਡ ਦੇ ਲੋਕਾਂ ਨੇ ਉਨ੍ਹਾਂ ਨੂੰ ਸ਼ਿਕਾਇਤ ਦੇ ਕੇ ਦੋਸ਼ ਲਾਇਆ ਕਿ ਢਾਈ ਏਕੜ ਦੇ ਸਰਕਾਰੀ ਛੱਪੜ ‘ਤੇ ‘ਆਪ’ ਦੇ ਸਰਪੰਚ ਤੇ ਹੋਰਾਂ ਵੱਲੋਂ ਕਬਜ਼ਾ ਕਰ ਲਿਆ ਗਿਆ ਹੈ। ਇਸ ਨੂੰ ਕਬਜ਼ੇ ਤੋਂ ਮੁਕਤ ਕਰਵਾਇਆ ਜਾਵੇ।


ਪਿੰਡ ਵਾਸੀਆਂ ਨੇ ਦੱਸਿਆ ਕਿ ਵਿਧਾਇਕ ਮਾਣੂੰਕੇ ਨੇ ਉਨ੍ਹਾਂ ਦੀ ਸ਼ਿਕਾਇਤ ਦੀਆਂ 3 ਤੋਂ 4 ਲਾਈਨਾਂ ਪੜ੍ਹ ਕੇ ਸ਼ਿਕਾਇਤ ਅਦਾਲਤ ਬੰਦ ਕਰ ਦਿੱਤੀ ਅਤੇ ਮਾਣੂਕੇ ਆਪਣੀ ਕਾਰ ਕੋਲ ਜਾ ਕੇ ਬੈਠ ਗਈ। ਲੋਕਾਂ ਨੇ ਨਾਅਰੇਬਾਜ਼ੀ ਵੀ ਕੀਤੀ। ਲੋਕਾਂ ਨੇ ਉਸ ਨੂੰ ਛੱਪੜ ‘ਤੇ ਕਬਜ਼ਾ ਛੁਡਾਉਣ ਲਈ ਕਿਹਾ। ਮਾਣੂੰਕੇ ਨੇ ਲੋਕਾਂ ਨੂੰ ਕਿਹਾ ਕਿ ਉਹ ਮਾਮਲੇ ਦੀ ਜਾਂਚ ਕਰਵਾਉਣਗੇ।


ਮਾਣੂੰਕੇ ਨੇ ਪਿੰਡ ਭੰਮੀਪੁਰਾ ਵਿੱਚ ਲੋਕਾਂ ਨਾਲ ਵਿਸ਼ੇਸ਼ ਤੌਰ ‘ਤੇ ਨਸ਼ਿਆਂ ਖ਼ਿਲਾਫ਼ ਮੀਟਿੰਗ ਕਰਨੀ ਸੀ, ਪਰ ਉਨ੍ਹਾਂ ਨੂੰ ਵਿਰੋਧ ਮਗਰੋਂ ਵਾਪਸ ਮੁੜਨਾ ਪਿਆ। ਮਾਣੂੰਕੇ ਨੇ ਪਿੰਡ ਵਾਸੀਆਂ ਨੂੰ ਪਿੰਡ ਦੀ ਬਿਹਤਰੀ ਲਈ 7 ਲੱਖ ਰੁਪਏ ਦਾ ਚੈੱਕ ਵੀ ਸੌਂਪਿਆ। ਲੋਕਾਂ ਦਾ ਕਹਿਣਾ ਹੈ ਕਿ ‘ਆਪ’ ਵਿਧਾਇਕ ਪਿੰਡ ਨੂੰ ਸਰਕਾਰੀ ਕਬਜ਼ਿਆਂ ਤੋਂ ਮੁਕਤ ਕਰਵਾਉਣ ‘ਚ ਨਾਕਾਮ ਸਾਬਤ ਹੋਏ ਹਨ।

error: Content is protected !!