ਭਾਰੀ ਮੀਂਹ ਨਾਲ ਹੋਵੇਗੀ ਮੌਨਸੂਨ ਦੀ ਐਂਟਰੀ, ਦਿੱਲੀ ਤੋਂ ਬਾਅਦ ਪੰਜਾਬ ਦੀ ਵਾਰੀ, ਹੁਮਸ ਭਰੀ ਗਰਮੀ ਤੋਂ ਮਿਲੇਗੀ ਰਾਹਤ
ਵੀਓਪੀ ਬਿਊਰੋ, ਨੈਸ਼ਨਲ-ਮੌਸਮ ਵਿਭਾਗ ਨੇ ਮੌਨਸੂਨ ਬਾਰੇ ਤਾਜ਼ਾ ਅਪਡੇਟ ਦਿੱਤੀ ਹੈ। ਮੌਸਮ ਵਿਭਾਗ ਦਾ ਮੰਨਣਾ ਹੈ ਕਿ 28 ਤੋਂ 29 ਜੂਨ ਤੱਕ ਦਿੱਲੀ ਅਤੇ ਐਨਸੀਆਰ ਵਿੱਚ ਵੀ ਮੌਨਸੂਨ ਸਰਗਰਮ ਹੋ ਜਾਵੇਗਾ। ਇਸ ਤੋਂ ਬਾਅਦ ਦੋ ਹਫ਼ਤਿਆਂ ਤਕ ਲਗਾਤਾਰ ਅਤੇ ਚੰਗੀ ਬਾਰਿਸ਼ ਹੋਵੇਗੀ। ਮੌਸਮ ਬਾਰੇ ਭਵਿੱਖਬਾਣੀ ਕਰਨ ਵਾਲੀ ਨਿੱਜੀ ਏਜੰਸੀ ਸਕਾਈਮੈਟ ਵੈਦਰ ਦੇ ਬੁਲਾਰੇ ਮਹੇਸ਼ ਪਲਾਵਤ ਮੁਤਾਬਕ ਅੱਜ ਤੋਂ ਮੌਨਸੂਨੀ ਹਵਾ ਬਿਹਾਰ ਅਤੇ ਝਾਰਖੰਡ ਵਿੱਚ ਫੈਲ ਜਾਵੇਗੀ। ਇਨ੍ਹਾਂ ਰਾਜਾਂ ਵਿੱਚ ਮਾਨਸੂਨ ਦੀ ਬਾਰਿਸ਼ ਸ਼ੁਰੂ ਹੋ ਜਾਵੇਗੀ।
ਇਸ ਤੋਂ ਬਾਅਦ ਇਹ ਸਿਲਸਲਾ ਪੂਰਬੀ ਉੱਤਰ ਪ੍ਰਦੇਸ਼ ਵੱਲ ਵਧੇਗਾ। ਅਗਲੇ ਤਿੰਨ ਤੋਂ ਚਾਰ ਦਿਨਾਂ ਵਿੱਚ ਪੂਰੇ ਯੂਪੀ ਵਿੱਚ ਮੌਨਸੂਨ ਸਰਗਰਮ ਹੋ ਜਾਵੇਗਾ। ਆਉਣ ਵਾਲੇ 25 ਜੂਨ ਤੋਂ ਪੂਰੇ ਯੂਪੀ ਵਿੱਚ ਭਾਰੀ ਮੀਂਹ ਦੀ ਭਵਿੱਖਬਾਣੀ ਕੀਤੀ ਗਈ ਹੈ। ਇਸੇ ਤਰ੍ਹਾਂ 29-30 ਜੂਨ ਤੱਕ ਪੰਜਾਬ ਅਤੇ ਹਰਿਆਣਾ ਵਿੱਚ ਵੀ ਮਾਨਸੂਨ ਸਰਗਰਮ ਹੋ ਜਾਵੇਗਾ। ਹਾਲਾਂਕਿ, ਚੱਕਰਵਾਤ ਦੇ ਪ੍ਰਭਾਵ ਕਾਰਨ ਇਸ ਤੋਂ ਪਹਿਲਾਂ ਵੀ ਦਿੱਲੀ-ਐਨਸੀਆਰ ਸਮੇਤ ਪੂਰਬੀ ਉੱਤਰ ਪ੍ਰਦੇਸ਼ ਅਤੇ ਮੱਧ ਪ੍ਰਦੇਸ਼ ਵਿੱਚ ਮੀਂਹ ਜਾਰੀ ਰਹੇਗਾ। ਮੌਸਮ ਵਿਭਾਗ ਨੇ ਭਵਿੱਖਬਾਣੀ ਕੀਤੀ ਹੈ ਕਿ 24 ਜੂਨ ਤੋਂ ਮੌਸਮ ਵਿੱਚ ਬਦਲਾਅ ਆਉਣ ਸ਼ੁਰੂ ਹੋ ਜਾਵੇਗਾ ਅਤੇ ਪੰਜਾਬ ’ਚ ਕਿਤੇ ਭਾਰੀ ਅਤੇ ਕਿਤੇ ਹਲਕੇ ਤੋਂ ਦਰਮਿਆਨਾ ਮੀਂਹ ਪੈ ਸਕਦਾ ਹੈ।
ਰਾਜਧਾਨੀ ਦਿੱਲੀ ਅਤੇ ਆਸਪਾਸ ਦੇ ਇਲਾਕਿਆਂ ਵਿੱਚ ਅੱਜ ਸਵੇਰੇ ਹਲਕੀ ਬਾਰਿਸ਼ ਹੋਈ। ਆਈਐਮਡੀ ਮੁਤਾਬਕ ਅਗਲੇ ਇੱਕ ਹਫ਼ਤੇ ਤੱਕ ਦੇਸ਼ ਦੀ ਰਾਜਧਾਨੀ ਵਿੱਚ ਬੱਦਲ ਛਾਏ ਰਹਿਣਗੇ। ਇਸ ਦੌਰਾਨ ਹਲਕੀ ਬਾਰਿਸ਼ ਵੀ ਹੋਵੇਗੀ। ਮੌਸਮ ਵਿਭਾਗ ਨੇ ਅੱਜ ਵੀਰਵਾਰ ਨੂੰ 4 ਰਾਜਾਂ, ਉਪ-ਹਿਮਾਲੀਅਨ ਪੱਛਮੀ ਬੰਗਾਲ, ਸਿੱਕਮ, ਅਸਾਮ ਅਤੇ ਮੇਘਾਲਿਆ ਦੇ ਵੱਖ-ਵੱਖ ਥਾਵਾਂ ‘ਤੇ ਭਾਰੀ ਤੋਂ ਬਹੁਤ ਭਾਰੀ ਮੀਂਹ ਦਾ ਅਲਰਟ ਅਤੇ 6 ਰਾਜਾਂ ਅਰੁਣਾਚਲ ਪ੍ਰਦੇਸ਼, ਪੱਛਮੀ ਬੰਗਾਲ, ਬਿਹਾਰ, ਝਾਰਖੰਡ, ਉੜੀਸਾ ਅਤੇ ਤੱਟਵਰਤੀ ਆਂਧਰਾ ਪ੍ਰਦੇਸ਼ ਵਿੱਚ ਭਾਰੀ ਬਾਰਸ਼ ਦੀ ਭਵਿੱਖਬਾਣੀ ਕੀਤੀ ਗਈ ਹੈ।
ਪੂਰੇ ਭਾਰਤ ਲਈ ਜਾਰੀ ਆਪਣੇ ਮੌਸਮ ਚਿਤਾਵਨੀ ਬੁਲੇਟਿਨ ਵਿੱਚ ਆਈਐਮਡੀ ਨੇ ਕਿਹਾ ਕਿ ਉੱਤਰਾਖੰਡ, ਵਿਦਰਭ ਵਿੱਚ ਅਲੱਗ-ਥਲੱਗ ਥਾਵਾਂ ‘ਤੇ ਮੀਂਹ ਅਤੇ ਤੂਫ਼ਾਨ ਦੀ ਸੰਭਾਵਨਾ ਹੈ। ਮੱਧ ਪ੍ਰਦੇਸ਼, ਪੂਰਬੀ ਰਾਜਸਥਾਨ, ਛੱਤੀਸਗੜ੍ਹ, ਤੱਟਵਰਤੀ ਆਂਧਰਾ ਪ੍ਰਦੇਸ਼, ਤੇਲੰਗਾਨਾ, ਰਾਇਲਸੀਮਾ, ਉੱਤਰੀ ਅੰਦਰੂਨੀ ਕਰਨਾਟਕ, ਕੇਰਲਾ ਅਤੇ ਮਾਹੇ-ਪੁਡੂਚੇਰੀ ਵਿੱਚ ਵੱਖ-ਵੱਖ ਥਾਵਾਂ ‘ਤੇ ਤੇਜ਼ ਹਵਾ (30-40 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਤੱਕ ਪਹੁੰਚਣ ਵਾਲੀ) ਚੱਲ ਸਕਦੀ ਹੈ।