ਅਸਮਾਨੀ ਬਿਜਲੀ ਨੇ ਢਾਹਿਆ ਕਹਿਰ, ਲਪੇਟ ਵਿਚ ਆਏ ਸੱਤ ਲੋਕਾਂ ਦੀ ਮੌਤ, ਤਿੰਨ ਬੱਚੇ ਵੀ ਸ਼ਾਮਲ

ਅਸਮਾਨੀ ਬਿਜਲੀ ਨੇ ਢਾਹਿਆ ਕਹਿਰ, ਲਪੇਟ ਵਿਚ ਆਏ ਸੱਤ ਲੋਕਾਂ ਦੀ ਮੌਤ, ਤਿੰਨ ਬੱਚੇ ਵੀ ਸ਼ਾਮਲ


ਵੀਓਪੀ ਬਿਊਰੋ ਨੈਸ਼ਨਲ: ਪੱਛਮੀ ਬੰਗਾਲ ਦੇ ਮਾਲਦਾ ਜ਼ਿਲ੍ਹੇ ਵਿਚ ਬੁੱਧਵਾਰ ਨੂੰ ਮੁੜ ਅਸਮਾਨੀ ਬਿਜਲੀ ਨੇ ਕਹਿਰ ਢਾਹਿਆ। ਬਿਜਲੀ ਡਿੱਗਣ ਕਾਰਨ ਲਪੇਟ ਵਿਚ ਆਏ ਤਿੰਨ ਬੱਚਿਆ ਸਮੇਤ ਸੱਤ ਲੋਕਾਂ ਦੀ ਮੌਤ ਹੋ ਗਈ।
ਘਟਨਾ ਦੀ ਜਾਣਕਾਰੀ ਦਿੰਦੇ ਹੋਏ ਅਧਿਕਾਰੀਆਂ ਨੇ ਦਸਿਆ ਕਿ ਮਾਲਦਾ ਜ਼ਿਲ੍ਹੇ ‘ਚ ਬੁੱਧਵਾਰ ਸ਼ਾਮ ਬਿਜਲੀ ਡਿੱਗਣ ਕਾਰਨ ਤਿੰਨ ਬੱਚਿਆਂ ਸਮੇਤ 7 ਲੋਕਾਂ ਦੀ ਮੌਤ ਹੋ ਗਈ। ਓਲਡ ਮਾਲਦਾ ਵਿਚ ਇੱਕ ਵਿਅਕਤੀ ਦੀ ਮੌਤ ਹੋ ਗਈ, ਜਦੋਂ ਕਿ ਕਾਲੀਆਚਕ ਖੇਤਰ ਵਿਚ ਛੇ ਲੋਕਾਂ ਦੀ ਮੌਤ ਹੋ ਗਈ। ਮ੍ਰਿਤਕਾਂ ਦੀ ਪਛਾਣ ਕ੍ਰਿਸ਼ਨਾ ਚੌਧਰੀ (65), ਉਮੇ ਕੁਲਸੂਮ (6), ਦੇਬੋਸ਼੍ਰੀ ਮੰਡਲ (27), ਸੋਮਿਤ ਮੰਡਲ (10), ਨਜ਼ਰੁਲ ਐਸਕੇ (32), ਰੋਬਿਜੋਨ ਬੀਬੀ (54) ਅਤੇ ਈਸਾ ਸਰਕਾਰ (8) ਵਜੋਂ ਹੋਈ ਹੈ।


ਦੱਸ ਦੇਈਏ ਕਿ ਇਸ ਤੋਂ ਪਹਿਲਾਂ ਅਪ੍ਰੈਲ ਮਹੀਨੇ ਵਿਚ ਪੱਛਮੀ ਬੰਗਾਲ ਦੇ ਪੰਜ ਜ਼ਿਲ੍ਹਿਆਂ ਵਿਚ ਅਸਮਾਨੀ ਬਿਜਲੀ ਡਿੱਗਣ ਕਾਰਨ 14 ਲੋਕਾਂ ਦੀ ਜਾਨ ਚਲੀ ਗਈ ਸੀ। ਬਿਜਲੀ ਡਿੱਗਣ ਕਾਰਨ ਪੂਰਬੀ ਬਰਧਮਾਨ ਜ਼ਿਲ੍ਹੇ ਵਿਚ ਚਾਰ ਅਤੇ ਮੁਰਸ਼ਿਦਾਬਾਦ ਅਤੇ ਉੱਤਰੀ-24 ਪਰਗਨਾ ਵਿਚ ਦੋ-ਦੋ ਲੋਕਾਂ ਦੀ ਮੌਤ ਹੋ ਗਈ। ਜਦਕਿ ਪੱਛਮੀ ਮਿਦਨਾਪੁਰ ਅਤੇ ਹਾਵੜਾ ਗ੍ਰਾਮੀਣ ਜ਼ਿਲ੍ਹਿਆਂ ਤੋਂ 6 ਲੋਕਾਂ ਦੀ ਮੌਤ ਹੋ ਗਈ।


ਜ਼ਿਲ੍ਹਾ ਮੈਜਿਸਟਰੇਟ ਨੇ ਦਸਿਆ ਕਿ ਮਾਲਦਾ ਵਿਚ ਸ਼ਾਮ ਨੂੰ ਤੇਜ਼ ਹਨੇਰੀ ਆਈ, ਜਿਸ ਤੋਂ ਬਾਅਦ ਅਸਮਾਨੀ ਬਿਜਲੀ ਡਿੱਗਣ ਕਾਰਨ ਸੱਤ ਜਾਨਾਂ ਚਲੀਆਂ ਗਈਆਂ। ਉਨ੍ਹਾਂ ਦਸਿਆ ਕਿ ਬਿਜਲੀ ਡਿੱਗਣ ਕਾਰਨ 9 ਪਸ਼ੂਆਂ ਦੀ ਵੀ ਮੌਤ ਹੋ ਗਈ। ਡੀਐਮ ਨੇ ਕਿਹਾ ਕਿ ਪਰਿਵਾਰਾਂ ਨੂੰ ਲੋੜੀਂਦੀ ਸਹਾਇਤਾ ਮੁਹੱਈਆ ਕਰਵਾਈ ਜਾ ਰਹੀ ਹੈ।

error: Content is protected !!