ਖੇਡਦਾ ਖੇਡਦਾ ਚਲਾ ਗਿਆ ਇਮਾਰਤ ਦੀ ਤੀਜੀ ਮੰਜ਼ਿਲ ਉਤੇ, ਦੋ ਦਿਨ ਪੌੜੀਆਂ ਦਾ ਸ਼ਟਰ ਰਿਹਾ ਬੰਦ, ਗਰਮੀ ਤੇ ਭੁੱਖ ਨਾਲ ਵਿਲਕਦੇ ਮਾਸੂਮ ਦੀ ਗਈ ਜਾਨ

ਖੇਡਦਾ ਖੇਡਦਾ ਚਲਾ ਗਿਆ ਇਮਾਰਤ ਦੀ ਤੀਜੀ ਮੰਜ਼ਿਲ ਉਤੇ, ਦੋ ਦਿਨ ਪੌੜੀਆਂ ਦਾ ਸ਼ਟਰ ਰਿਹਾ ਬੰਦ, ਗਰਮੀ ਤੇ ਭੁੱਖ ਨਾਲ ਵਿਲਕਦੇ ਮਾਸੂਮ ਦੀ ਗਈ ਜਾਨ


ਵੀਓਪੀ ਬਿਊਰੋ, ਕਰਤਾਰਪੁਰ/ਜਲੰਧਰ : ਕਰਤਾਰਪੁਰ ਤੋਂ ਰੂਹ ਕੰਬਾਊ ਖਬਰ ਸਾਹਮਣੇ ਆਈ ਹੈ। ਇਕ ਬੱਚਾ ਖੇਡਦਾ ਹੋਇਆ ਦੁਕਾਨ ਦੀਆਂ ਪੌੜੀਆਂ ਚੜ੍ਹ ਕੇ ਉੱਪਰ ਚਲਾ ਗਿਆ ਸੀ। ਦੋ ਦਿਨ ਪੌੜੀਆਂ ਦਾ ਸ਼ਟਰ ਬੰਦ ਰਿਹਾ ਤੇ ਬੱਚੇ ਦੀ ਉੱਪਰ ਹੀ ਭੁੱਖ-ਪਿਆਸ ਤੇ ਗਰਮੀ ਨਾਲ ਮੌਤ ਹੋ ਗਈ। ਬੀਤੇ ਮੰਗਲਵਾਰ ਦੀ ਸ਼ਾਮ ਨੂੰ ਕਿਸ਼ਨਗੜ੍ਹ ਰੋਡ ਸਥਿਤ ਸ੍ਰੀ ਗੁਰੂ ਅਰਜਨ ਦੇਵ ਨਗਰ ’ਚੋਂ ਤਿੰਨ ਸਾਲਾਂ ਮਾਸੂਮ ਬੱਚੇ ਦੀ ਲਾਸ਼ ਇਕ ਦੁਕਾਨ ਦੀ ਛੱਤ ਤੋਂ ਮਿਲੀ।


ਜਾਣਕਾਰੀ ਅਨੁਸਾਰ ਨਗਰ ਸੁਧਾਰ ਟਰੱਸਟ ਦਫ਼ਤਰ ਸਾਹਮਣੇ ਬਣੀਆਂ ਦੁਕਾਨਾਂ ਦੇ ਮੂਹਰੇ ਕੁਝ ਕੁਝ ਪਰਿਵਾਰ ਬੈਠੇ ਹੋਏ ਸਨ। ਇਨ੍ਹਾਂ ’ਚ ਮੇਲਿਆਂ ’ਚ ਖਿਡੌਣੇ ਵੇਚਣ ਵਾਲਾ ਹੁਸ਼ਿਆਰਪੁਰ ਵਾਸੀ ਪਵਨ ਕੁਮਾਰ ਆਪਣੀ ਪਤਨੀ ਨਾਲ ਇੱਥੇ ਰਹਿ ਰਿਹਾ ਸੀ। ਮੰਗਲਵਾਰ ਸ਼ਾਮ ਦਾ ਤਿੰਨ ਸਾਲਾ ਪੁੱਤਰ ਗੁੱਡੂ ਪੁੱਤਰ ਖੇਡਦਾ-ਖੇਡਦਾ ਅਚਾਨਕ ਉੱਥੇ ਸਥਿਤ ਅਗਰਵਾਲ ਕੋਲਡ ਡਰਿੰਕਸ ਦੀ ਦੁਕਾਨ ਦੀਆਂ ਪੌੜੀਆਂ ਚੜ੍ਹਦਾ-ਚੜ੍ਹਦਾ ਛੱਤ ’ਤੇ ਚਲਾ ਗਿਆ। ਇਸ ਦੁਕਾਨ ਦੀ ਪਹਿਲੀ ਤੇ ਦੂਜੀ ਤੇ ਤੀਜੀ ਮੰਜ਼ਿਲ ’ਤੇ ਦੋ ਨਿੱਜੀ ਕੰਪਨੀਆਂ ਦੇ ਦਫ਼ਤਰ ਹਨ। ਗੁੱਡੂ ਦੂਜੀ ਮੰਜ਼ਿਲ ਦੀਆਂ ਪੌੜੀਆਂ ਚੜ੍ਹ ਕੇ ਤੀਜੀ ਮੰਜ਼ਿਲ ਦੀਆਂ ਪੌੜੀਆਂ ’ਤੇ ਪੁੱਜ ਗਿਆ। ਸ਼ਾਮ ਵੇਲੇ ਰੋਜ਼ਾਨਾ ਵਾਂਗ ਕੰਪਨੀਆਂ ਦੇ ਮੁਲਾਜ਼ਮ ਆਪਣੇ ਦਫ਼ਤਰ ਬੰਦ ਕਰ ਕੇ ਪੌੜੀਆਂ ਨੂੰ ਲੱਗੇ ਸ਼ਟਰ ਨੂੰ ਤਾਲੇ ਮਾਰ ਕੇ ਚਲੇ ਗਏ। ਬੱਚੇ ਦੇ ਉੱਪਰ ਹੋਣ ਦਾ ਕਿਸੇ ਨੂੰ ਪਤਾ ਨਾ ਲੱਗਿਆ। ਇਸੇ ਦੌਰਾਨ ਪਰਿਵਾਰ ਦੇ ਲੋਕ ਗੁੱਡੂ ਦੇ ਲਾਪਤਾ ਹੋਣ ’ਤੇ ਉਸ ਦੀ ਭਾਲ ਕਰਨ ਲੱਗੇ। ਉਨ੍ਹਾਂ ਨੇ ਪੁਲਿਸ ਨੂੰ ਵੀ ਇਸ ਦੀ ਸ਼ਿਕਾਇਤ ਕੀਤੀ। ਪਰ ਕਿਸੇ ਦਾ ਧਿਆਨ ਉਕਤ ਦੁਕਾਨ ਵੱਲ ਨਹੀਂ ਗਿਆ। ਇਸ ਦੌਰਾਨ ਬੁੱਧਵਾਰ ਨੂੰ ਕੋਈ ਵੀ ਮੁਲਾਜ਼ਮ ਛੱਤ ’ਤੇ ਨਹੀਂ ਗਿਆ, ਜਿਸ ਕਾਰਨ ਬੱਚੇ ਬਾਰੇ ਪਤਾ ਨਾ ਲੱਗ ਸਕਿਆ।


ਵੀਰਵਾਰ ਸਵੇਰੇ ਆਈਲੈਟਸ ਦਫ਼ਤਰ ਦੇ ਕਰਮਚਾਰੀ ਗਗਨਦੀਪ ਸਿੰਘ ਆਇਆ ਤਾਂ ਉਸ ਨੇ ਉੱਪਰ ਬੱਚੇ ਦੀ ਲਾਸ਼ ਪਈ ਦੇਖੀ ਤੇ ਦੁਕਾਨ ਮਾਲਕ ਅਗਰਵਾਲ ਨੂੰ ਦੱਸਿਆ। ਉਨ੍ਹਾਂ ਨੇ ਥਾਣਾ ਕਰਤਾਰਪੁਰ ਪੁਲਿਸ ਨੂੰ ਇਸ ਦੀ ਸੂਚਨਾ ਦਿੱਤੀ। ਥਾਣਾ ਮੁਖੀ ਇੰਸਪੈਕਟਰ ਰਮਨਦੀਪ ਸਿੰਘ ਪੁਲਿਸ ਪਾਰਟੀ ਸਮੇਤ ਮੌਕੇ ’ਤੇ ਪੁੱਜੇ ਤੇ ਬੱਚੇ ਦੀ ਲਾਸ਼ ਕਬਜ਼ੇ ’ਚ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਜਲੰਧਰ ਭੇਜ ਦਿੱਤੀ। ਉਨ੍ਹਾਂ ਦੱਸਿਆ ਕਿ ਭੁੱਖ-ਪਿਆਸ ਤੇ ਗਰਮੀ ਕਾਰਨ ਬੱਚੇ ਦੀ ਮੌਤ ਹੋ ਗਈ।

error: Content is protected !!