ਭਾਜਪਾ ਮਹਿਲਾ ਆਗੂ ਨੂੰ ਸੂਬਾ ਪ੍ਰਧਾਨ ਬਣਾਉਣ ਬਦਲੇ ਮੰਗੇ 5 ਕਰੋੜ ਰੁਪਏ, ਕੇਂਦਰੀ ਮੰਤਰੀਆਂ ਨਾਲ ਜਾਣ-ਪਛਾਣ ਹੋਣ ਦਾ ਕਰ ਰਿਹਾ ਸੀ ਦਾਅਵਾ, ਗ੍ਰਿਫ਼ਤਾਰ

ਭਾਜਪਾ ਮਹਿਲਾ ਆਗੂ ਨੂੰ ਸੂਬਾ ਪ੍ਰਧਾਨ ਬਣਾਉਣ ਬਦਲੇ ਮੰਗੇ 5 ਕਰੋੜ ਰੁਪਏ, ਕੇਂਦਰੀ ਮੰਤਰੀਆਂ ਨਾਲ ਜਾਣ-ਪਛਾਣ ਹੋਣ ਦਾ ਕਰ ਰਿਹਾ ਸੀ ਦਾਅਵਾ, ਗ੍ਰਿਫ਼ਤਾਰ


ਵੀਓਪੀ ਬਿਊਰੋ, ਬਠਿੰਡਾ : ਭਾਜਪਾ ਦੀ ਸੂਬਾ ਸਕੱਤਰ ਤੇ ਮਹਿਲਾ ਆਗੂ ਦਾਮਨ ਥਿੰਦ ਬਾਜਵਾ ਨੂੰ ਭਾਜਪਾ ਦਾ ਸੂਬਾ ਪ੍ਰਧਾਨ ਬਣਾਉਣ ਬਦਲੇ 5 ਕਰੋੜ ਮੰਗਣ ਵਾਲੇ ਨੌਸਰਬਾਜ਼ ਨੂੰ ਥਾਣਾ ਕੈਂਟ ਦੀ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ ਹੈ। ਗ੍ਰਿਫ਼ਤਾਰ ਮੁਲਜ਼ਮ ਆਪਣੇ ਆਪ ਨੂੰ ਭਾਜਪਾ ਦਾ ਆਗੂ ਦੱਸਦਾ ਹੈ। ਥਾਣਾ ਕੈਂਟ ਦੀ ਪੁਲਿਸ ਨੇ ਦੋ ਵਿਅਕਤੀਆਂ ਨੂੰ ਨਾਮਜ਼ਦ ਕਰ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।


ਥਾਣਾ ਕੈਂਟ ਨੂੰ ਦਿੱਤੀ ਸ਼ਿਕਾਇਤ ਵਿਚ ਜ਼ਿਲ੍ਹਾ ਸੰਗਰੂਰ ਦੇ ਪਿੰਡ ਅਕਾਲਗੜ੍ਹ ਦੀ ਵਸਨੀਕ ਤੇ ਭਾਜਪਾ ਦੀ ਸੂਬਾ ਸਕੱਤਰ ਦਾਮਨ ਥਿੰਦ ਬਾਜਵਾ ਨੇ ਦੱਸਿਆ ਕਿ ਉਹ ਪਿਛਲੇ ਦਿਨੀਂ ਬਠਿੰਡਾ ਪੁੱਜੇ ਕੇਂਦਰੀ ਮੰਤਰੀ ਗਜੇਂਦਰ ਸ਼ੇਖਵਤ ਦੇ ਪ੍ਰੋਗਰਾਮ ‘ਚ ਸ਼ਾਮਲ ਹੋਣ ਲਈ ਆਈ ਸੀ। ਜਿੱਥੇ ਉਸ ਦੀ ਮੁਲਾਕਾਤ ਮੁਲਜ਼ਮ ਹਰੀਸ਼ ਗਰਗ ਵਾਸੀ ਕੋਟਫੱਤਾ ਤੇ ਸੌਰਵ ਚੌਧਰੀ ਨਾਲ ਹੋਈ। ਉਪਰੋਕਤ ਦੋਵੇਂ ਮੁਲਜ਼ਮਾਂ ਨੇ ਉਸ ਨੂੰ 23 ਜੂਨ ਨੂੰ ਭੁੱਚੋ ਮੰਡੀ ਸਥਿਤ ਦੁਕਾਨ ’ਤੇ ਮਿਲਣ ਲਈ ਬੁਲਾਇਆ। ਭਾਜਪਾ ਮਹਿਲਾ ਆਗੂ ਅਨੁਸਾਰ ਉਹ ਮੁਲਜ਼ਮ ਹਰੀਸ਼ ਗਰਗ ਨੂੰ ਮਿਲਣ ਲਈ ਭੁੱਚੋ ਮੰਡੀ ਦੇ ਆਊਟਲੈਟ ਪੁੱਜੇਗੀ।


ਜਿੱਥੇ ਸਾਗਰ ਰਤਨ ਰੈਸਟੋਰੈਂਟ ‘ਚ ਬੈਠ ਕੇ ਉਸ ਨਾਲ ਗੱਲਬਾਤ ਕੀਤੀ ਤੇ ਮੁਲਜ਼ਮ ਹਰੀਸ਼ ਗਰਗ ਨੇ ਉਸ ਨੂੰ ਝਾਂਸਾ ਦਿੱਤਾ ਕਿ ਉਸ ਦੀ ਭਾਜਪਾ ਪਾਰਟੀ ਦੇ ਕੇਂਦਰੀ ਮੰਤਰੀਆਂ ਤੇ ਆਗੂਆਂ ਨਾਲ ਚੰਗੀ ਜਾਣ-ਪਛਾਣ ਹੈ। ਉਨ੍ਹਾਂ ਦੱਸਿਆ ਕਿ ਪਾਰਟੀ ਵਿਚ ਸੂਬਾ ਪ੍ਰਧਾਨ ਦੀ ਚੋਣ ਹੋਣ ਜਾ ਰਹੀ ਹੈ। ਸੂਬਾ ਪ੍ਰਧਾਨ ਦੀ ਸੂਚੀ ਵਿੱਚ ਤੁਹਾਡਾ ਨਾਮ ਵੀ ਸ਼ਾਮਲ ਹੈ। ਭਾਜਪਾ ਦਾ ਸੂਬਾ ਪ੍ਰਧਾਨ ਲੱਗਣਾ ਹੈ ਤਾਂ ਪੰਜ ਕਰੋੜ ਰੁਪਏ ਦਾ ਪ੍ਰਬੰਧ ਕਰੋ। ਉਹ ਪਾਰਟੀ ਦੇ ਸੀਨੀਅਰ ਆਗੂਆਂ ਨਾਲ ਗੱਲ ਕਰਕੇ ਉਨ੍ਹਾਂ ਨੂੰ ਭਾਜਪਾ ਦਾ ਸੂਬਾ ਪ੍ਰਧਾਨ ਨਿਯੁਕਤ ਕਰਵਾਉਣਗੇ।


ਪੀੜਤ ਮਹਿਲਾ ਆਗੂ ਦਾਮਨ ਥਿੰਦ ਬਾਜਵਾ ਨੇ ਦੱਸਿਆ ਕਿ ਮੁਲਜ਼ਮ ਹਰੀਸ਼ ਗਰਗ ਦੀਆਂ ਗੱਲਾਂ ’ਤੇ ਸ਼ੱਕ ਹੋਣ ਤੋਂ ਬਾਅਦ ਜਦੋਂ ਉਨ੍ਹਾਂ ਪਾਰਟੀ ਦੇ ਕੁਝ ਆਗੂਆਂ ਨਾਲ ਗੱਲ ਕੀਤੀ ਤੇ ਪਤਾ ਲਾਇਆ ਕਿ ਕੀ ਸੂਬਾ ਪ੍ਰਧਾਨ ਦੀ ਚੋਣ ਹੋਣੀ ਹੈ ਤਾਂ ਉਨ੍ਹਾਂ ਨੂੰ ਪਤਾ ਲੱਗਾ ਕਿ ਅਜਿਹਾ ਕੁਝ ਵੀ ਨਹੀਂ ਹੈ। ਨਾ ਹੀ ਹਰੀਸ਼ ਗਰਗ ਦਾ ਭਾਜਪਾ ਪਾਰਟੀ ਨਾਲ ਕੋਈ ਸਬੰਧ ਹੈ। ਇਸ ਉਤੇ ਉਨ੍ਹਾਂ ਨੇ ਪੁਲਿਸ ਨੂੰ ਸੂਚਨਾ ਦਿੱਤੀ ਤੇ ਪੁਲਿਸ ਨੇ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

error: Content is protected !!