ਪੰਜਾਬ ਪੁਲਿਸ ਦੀ ਸੂਬੇ ਭਰ ‘ਚ ਗੈਂਗਸਟਰ ਲੰਡਾ ਤੇ ਰਿੰਦਾ ਦੇ ਸਾਥੀਆਂ ਖਿਲਾਫ਼ ਕਾਰਵਾਈ, 2 ਸਾਥੀ ਹਥਿਆਰਾਂ ਤੇ ਨਸ਼ੇ ਸਮੇਤ ਗ੍ਰਿਫ਼ਤਾਰ

ਪੰਜਾਬ ਪੁਲਿਸ ਦੀ ਸੂਬੇ ਭਰ ‘ਚ ਗੈਂਗਸਟਰ ਲੰਡਾ ਤੇ ਰਿੰਦਾ ਦੇ ਸਾਥੀਆਂ ਖਿਲਾਫ਼ ਕਾਰਵਾਈ, 2 ਸਾਥੀ ਹਥਿਆਰਾਂ ਤੇ ਨਸ਼ੇ ਸਮੇਤ ਗ੍ਰਿਫ਼ਤਾਰ

ਚੰਡੀਗੜ੍ਹ/ਤਰਨਤਾਰਨ (ਵੀਓਪੀ ਬਿਊਰੋ) ਪੰਜਾਬ ਪੁਲਿਸ ਨੇ ਸੂਬੇ ਭਰ ਵਿੱਚ ਗੈਂਗਸਟਰ ਲਖਬੀਰ ਸਿੰਘ ਉਰਫ਼ ਲੰਡਾ ਅਤੇ ਹਰਵਿੰਦਰ ਸਿੰਘ ਉਰਫ਼ ਰਿੰਦਾ ਦੇ ਸਾਥੀਆਂ ਦੇ ਟਿਕਾਣਿਆਂ ‘ਤੇ ਛਾਪੇਮਾਰੀ ਕੀਤੀ ਹੈ। ਇਹ ਛਾਪੇਮਾਰੀ ਡੀਜੀਪੀ ਗੌਰਵ ਯਾਦਵ ਦੀਆਂ ਹਦਾਇਤਾਂ ‘ਤੇ ਸੂਬੇ ਦੇ ਸਾਰੇ 28 ਜ਼ਿਲ੍ਹਿਆਂ ਵਿੱਚ ਸਵੇਰੇ 6 ਵਜੇ ਤੋਂ 11 ਵਜੇ ਤੱਕ ਇੱਕੋ ਸਮੇਂ ਕੀਤੀ ਗਈ। ਇਸ ਦੌਰਾਨ ਲੰਡਾ ਅਤੇ ਰਿੰਦਾ ਦੇ ਸਾਥੀਆਂ ਦੇ ਸਾਰੇ ਰਿਹਾਇਸ਼ੀ ਅਤੇ ਹੋਰ ਟਿਕਾਣਿਆਂ ਦੀ ਤਲਾਸ਼ੀ ਲਈ ਗਈ।


ਵਿਸ਼ੇਸ਼ ਡੀਜੀਪੀ (ਲਾਅ ਐਂਡ ਆਰਡਰ) ਅਰਪਿਤ ਸ਼ੁਕਲਾ ਨੇ ਦੱਸਿਆ ਕਿ ਇਸ ਆਪ੍ਰੇਸ਼ਨ ਨੂੰ ਸਫਲ ਬਣਾਉਣ ਲਈ ਸਾਰੇ ਪੁਲਿਸ ਕਮਿਸ਼ਨਰਾਂ/ਐਸਐਸਪੀਜ਼ ਨੂੰ ਪੁਲਿਸ ਟੀਮਾਂ ਤਾਇਨਾਤ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ। ਇਸਦਾ ਉਦੇਸ਼ ਭਾਰਤ ਅਤੇ ਵਿਦੇਸ਼ਾਂ ਵਿੱਚ ਸਥਿਤ ਅੱਤਵਾਦੀਆਂ, ਗੈਂਗਸਟਰਾਂ ਅਤੇ ਨਸ਼ਾ ਤਸਕਰਾਂ ਦੇ ਗਠਜੋੜ ਨੂੰ ਤੋੜਨਾ ਹੈ। ਇਸ ਕਾਰਵਾਈ ਦੌਰਾਨ ਪੁਲਿਸ ਟੀਮਾਂ ਨੂੰ ਸ਼ੱਕੀ ਵਿਅਕਤੀਆਂ ਨੂੰ ਹਿਰਾਸਤ ਵਿੱਚ ਲੈਣ ਲਈ ਵੀ ਕਿਹਾ ਗਿਆ।

ਇਸ ਕਾਰਵਾਈ ਦੌਰਾਨ ਤਰਨਤਾਰਨ ਪੁਲਿਸ ਨੂੰ ਵੱਡੀ ਸਫਲਤਾ ਹਾਸਿਲ ਹੋਈ ਅਤੇ ਡੀ.ਐਸ.ਪੀ ਭਿੱਖੀਵਿੰਡ ਦੀ ਅਗਵਾਈ ਵਾਲੀ ਪੁਲਿਸ ਪਾਰਟੀ ਨੇ ਰਿੰਦਾ ਦੇ ਦੋ ਸਾਥੀਆਂ ਨੂੰ ਕਾਬੂ ਕਰ ਲਿਆ। ਇਨ੍ਹਾਂ ਦੀ ਪਛਾਣ ਅਰਸ਼ਦੀਪ ਸਿੰਘ ਅਤੇ ਉਸ ਦੇ ਭਰਾ ਵਤਨਦੀਪ ਸਿੰਘ (ਦੋਵੇਂ ਵਾਸੀ ਪਿੰਡ ਕੁੱਲਾ) ਵਜੋਂ ਹੋਈ ਹੈ।


ਪੁਲੀਸ ਟੀਮਾਂ ਨੇ ਇਨ੍ਹਾਂ ਦੇ ਕਬਜ਼ੇ ਵਿੱਚੋਂ ਇੱਕ .30 ਬੋਰ ਦਾ ਪਿਸਤੌਲ ਅਤੇ ਦੋ .45 ਬੋਰ ਦੇ ਪਿਸਤੌਲ ਸਮੇਤ ਵੱਖ-ਵੱਖ ਬੋਰ ਦੇ 285 ਕਾਰਤੂਸ ਬਰਾਮਦ ਕੀਤੇ ਹਨ। ਇਸ ਦੇ ਨਾਲ ਹੀ ਇਨ੍ਹਾਂ ਕੋਲੋਂ 100 ਗ੍ਰਾਮ ਅਫੀਮ ਅਤੇ 250 ਕਿਲੋ ਲਾਹਣ ਬਰਾਮਦ ਹੋਈ। ਐਸਐਸਪੀ (ਤਰਨਤਾਰਨ) ਗੁਰਮੀਤ ਸਿੰਘ ਚੌਹਾਨ ਨੇ ਦੱਸਿਆ ਕਿ ਦੋਵਾਂ ਖ਼ਿਲਾਫ਼ ਐਫਆਈਆਰ ਦਰਜ ਕਰ ਲਈ ਗਈ ਹੈ ਅਤੇ ਦੋਵਾਂ ਭਰਾਵਾਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ।

error: Content is protected !!