ਪੰਜਾਬ ਪੁਲਿਸ ਵਿਚ ਭ੍ਰਿਸ਼ਟਾਚਾਰ ਦਾ ਬੋਲਬਾਲਾ ! ਵਿਜੀਲੈਂਸ ਨੇ ਲਾਇਆ ਟ੍ਰੈਪ, ASI 10 ਹਜ਼ਾਰ ਰੁਪਏ ਰਿਸ਼ਵਤ ਲੈਂਦਾ ਅੜਿੱਕੇ, ਝਗੜੇ ਦੇ ਮਾਮਲੇ ਵਿਚ ਹੁਣ ਤਕ 60 ਹਜ਼ਾਰ ਲੈਣ ਦੇ ਦੋਸ਼

ਪੰਜਾਬ ਪੁਲਿਸ ਵਿਚ ਭ੍ਰਿਸ਼ਟਾਚਾਰ ਦਾ ਬੋਲਬਾਲਾ ! ਵਿਜੀਲੈਂਸ ਨੇ ਲਾਇਆ ਟ੍ਰੈਪ, ASI 10 ਹਜ਼ਾਰ ਰੁਪਏ ਰਿਸ਼ਵਤ ਲੈਂਦਾ ਅੜਿੱਕੇ, ਝਗੜੇ ਦੇ ਮਾਮਲੇ ਵਿਚ ਹੁਣ ਤਕ 60 ਹਜ਼ਾਰ ਲੈਣ ਦੇ ਦੋਸ਼


ਵੀਓਪੀ ਬਿਊਰੋ, ਚੰਡੀਗੜ੍ਹ : ਪੰਜਾਬ ਪੁਲਿਸ ਵਿਚ ਭ੍ਰਿਸ਼ਟਾਚਾਰ ਦਾ ਬੋਲਬਾਲਾ ਹੈ। ਇਸ ਦਾ ਇਕ ਹੋਰ ਪ੍ਰਮਾਣ ਇਕ ਹੋਰ ਸਾਹਮਣੇ ਆਏ ਮਾਮਲੇ ਤੋਂ ਮਿਲਦਾ ਹੈ। ਇਕ ਏਐਸਆਈ ਨੇ ਝਗੜੇ ਦੇ ਮਾਮਲੇ ਵਿਚ ਮਦਦ ਕਰਨ ਬਦਲੇ 10 ਹਜ਼ਾਰ ਰੁਪਏ ਹੋਰ ਮੰਗਣ ਉਤੇ ਫਸ ਗਿਆ। ਦੋਸ਼ ਹੈ ਕਿ ਮੁਲਜ਼ਮ ਹੁਣ ਤਕ ਸ਼ਿਕਾਇਤਕਰਤਾ ਕੋਲੋਂ 60 ਹਜ਼ਾਰ ਰੁਪਏ ਲੈ ਚੁੱਕਾ ਹੈ।
ਪੰਜਾਬ ਵਿਜੀਲੈਂਸ ਬਿਊਰੋ ਨੇ ਫਿਰੋਜ਼ਪੁਰ ਜ਼ਿਲ੍ਹੇ ਦੇ ਥਾਣਾ ਸਿਟੀ ਜ਼ੀਰਾ ਵਿਖੇ ਤਾਇਨਾਤ ਸਹਾਇਕ ਸਬ ਇੰਸਪੈਕਟਰ (ਏ.ਐਸ.ਆਈ.) ਗੁਰਦੀਪ ਸਿੰਘ ਨੂੰ 10,000 ਰੁਪਏ ਰਿਸ਼ਵਤ ਲੈਣ ਦੇ ਦੋਸ਼ ਹੇਠ ਕਾਬੂ ਕੀਤਾ ਹੈ। ਮੁਲਜ਼ਮ ਏਐਸਆਈ ਨੂੰ ਸੰਜੀਵ ਕੁਮਾਰ ਵਾਸੀ ਜ਼ੀਰਾ, ਜੋ ਡਾਬਰ ਗੰਨ ਹਾਊਸ ਦਾ ਮਾਲਕ ਹੈ, ਦੀ ਸ਼ਿਕਾਇਤ ’ਤੇ ਗ੍ਰਿਫ਼ਤਾਰ ਕੀਤਾ ਗਿਆ ਹੈ।


ਇਸ ਸਬੰਧੀ ਜਾਣਕਾਰੀ ਦਿੰਦਿਆਂ ਵਿਜੀਲੈਂਸ ਬਿਊਰੋ ਦੇ ਬੁਲਾਰੇ ਨੇ ਦੱਸਿਆ ਕਿ ਸ਼ਿਕਾਇਤਕਰਤਾ ਸੰਜੀਵ ਕੁਮਾਰ ਨੇ ਵਿਜੀਲੈਂਸ ਬਿਊਰੋ ਦੇ ਥਾਣਾ ਫਿਰੋਜ਼ਪੁਰ ਰੇਂਜ ਵਿੱਚ ਸ਼ਿਕਾਇਤ ਦਰਜ ਕਰਵਾਈ ਸੀ ਕਿ ਮੁਲਜ਼ਮ ਏਐਸਆਈ ਨੇ 26 ਅਗਸਤ 2021 ਨੂੰ ਸਿਟੀ ਥਾਣਾ ਜ਼ੀਰਾ ਵਿਖੇ ਆਈਪੀਸੀ ਦੀ ਧਾਰਾ 353, 186, 294, 506 ਅਤੇ 149 ਤਹਿਤ ਦਰਜ ਹੋਏ ਝਗੜੇ ਦੇ ਕੇਸ ਵਿੱਚ ਉਸ ਦੀ ਅਤੇ ਉਸ ਦੇ ਪਰਿਵਾਰਕ ਮੈਂਬਰਾਂ ਦੀ ਮਦਦ ਕਰਨ ਬਦਲੇ 10,000 ਰੁਪਏ ਰਿਸ਼ਵਤ ਦੀ ਮੰਗ ਕੀਤੀ ਸੀ।


ਸ਼ਿਕਾਇਤਕਰਤਾ ਨੇ ਦੱਸਿਆ ਕਿ ਉਕਤ ਏਐਸਆਈ ਨੇ 23 ਜੂਨ, 2023 ਨੂੰ ਉਸ ਦੇ ਭਰਾ ਰਾਜੀਵ ਕੁਮਾਰ ਉਰਫ਼ ਮੋਨੂੰ ਦੀ ਇਸ ਕੇਸ ਵਿੱਚ ਜ਼ਮਾਨਤ ਕਰਵਾਉਣ ਬਦਲੇ 5000 ਰੁਪਏ ਰਿਸ਼ਵਤ ਲਈ ਸੀ ਅਤੇ ਹੁਣ ਉਹ 10,000 ਰੁਪਏ ਹੋਰ ਮੰਗ ਰਿਹਾ ਹੈ। ਉਨ੍ਹਾਂ ਇਹ ਵੀ ਦੋਸ਼ ਲਾਇਆ ਕਿ ਉਕਤ ਏ.ਐਸ.ਆਈ. ਪਹਿਲਾਂ ਵੀ ਉਨ੍ਹਾਂ ਤੋਂ ਰਿਸ਼ਵਤ ਵਜੋਂ 60,000 ਰੁਪਏ ਲੈ ਚੁੱਕਾ ਹੈ।


ਬੁਲਾਰੇ ਨੇ ਦੱਸਿਆ ਕਿ ਇਸ ਸ਼ਿਕਾਇਤ ਦੀ ਮੁੱਢਲੀ ਜਾਂਚ ਉਪਰੰਤ ਵਿਜੀਲੈਂਸ ਬਿਊਰੋ ਦੀ ਟੀਮ ਨੇ ਟ੍ਰੈਪ ਲਾ ਕੇ ਉਕਤ ਏ.ਐਸ.ਆਈ. ਨੂੰ ਦੋ ਸਰਕਾਰੀ ਗਵਾਹਾਂ ਦੀ ਹਾਜ਼ਰੀ ਵਿੱਚ ਸ਼ਿਕਾਇਤਕਰਤਾ ਤੋਂ 10,000 ਰੁਪਏ ਰਿਸ਼ਵਤ ਲੈਂਦਿਆਂ ਮੌਕੇ ‘ਤੇ ਹੀ ਕਾਬੂ ਕਰ ਲਿਆ। ਇਸ ਸਬੰਧੀ ਉਕਤ ਏ.ਐਸ.ਆਈ. ਖ਼ਿਲਾਫ਼ ਥਾਣਾ ਵਿਜੀਲੈਂਸ ਫਿਰੋਜ਼ਪੁਰ ਰੇਂਜ ਵਿਖੇ ਭ੍ਰਿਸ਼ਟਾਚਾਰ ਰੋਕੂ ਐਕਟ ਤਹਿਤ ਕੇਸ ਦਰਜ ਕਰ ਲਿਆ ਗਿਆ ਹੈ।

error: Content is protected !!